ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ 5 ਦਸੰਬਰ 1872 ਨੂੰ ਸਨਮਾਨਿਤ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਡਾ: ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ, ਸਿੰਘ ਸਭਾ ਲਹਿਰ ਦੇ ਆਗੂਆਂ ਵਿੱਚੋਂ ਸਨ। ਡਾ: ਚਰਨ ਸਿੰਘ ਹਿੰਦੀ ਤੇ ਬਿ੍ਰਜ ਭਾਸ਼ਾ ਦੇ ਵਿਦਵਾਨ ਲਿਖਾਰੀ ਤੇ ਅੰਗਰੇਜ਼ੀ- ਫ਼ਾਰਸੀ ਭਾਸ਼ਾ ਦੇ ਚੰਗੇ ਵਾਕਫ਼ਕਾਰ ਸਨ। ਗਿਆਨੀ ਹਜ਼ਾਰਾ ਸਿੰਘ ਵੀ ਸਥਾਪਤ ਅਨੁਵਾਦਕ ਤੇ ਕਵੀ ਸਨ, ਜਿਨ੍ਹਾਂ ਨੇ ਉਰਦੂ-ਫ਼ਾਰਸੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਅਨੁਵਾਦ ਮਾਤ-ਭਾਸ਼ਾ ਵਿਚ ਕੀਤਾ। ਗਿਆਨੀ ਹਜ਼ਾਰਾ ਸਿੰਘ ਨੇ ਵਿਸ਼ਵ-ਪ੍ਰਸਿੱਧ ਪੁਸਤਕਾਂ ‘ਗੁਲਸਤਾਂ’ ਤੇ ‘ਬੋਸਤਾਂ’ ਦਾ ਪੰਜਾਬੀ ਕਾਵਿ ਰੂਪ ਵਿਚ ਅਨੁਵਾਦ ਵੀ ਕੀਤਾ।

ਭਾਈ ਸਾਹਿਬ ਦਾ ਬਚਪਨ ਗਿਆਨੀ ਹਜ਼ਾਰਾ ਸਿੰਘ ਕੋਲ ਬੀਤਿਆ। ਇਕ ਦਿਨ ਗਿਆਨੀ ਜੀ ਕਿਸੇ ਪੁਸਤਕ ਦਾ ਅਨੁਵਾਦ ਕਰ ਰਹੇ ਸਨ ਤਾਂ ਭਾਈ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਲੋਕਾਂ ਦੀ ਰਚਨਾਵਾਂ ਦਾ ਉਲਥਾ ਕਰਦੇ ਰਹਿੰਦੇ ਹੋ, ਆਪਣੀ ਕੋਈ ਨਵੀਂ ਰਚਨਾ ਕਿਉਂ ਨਹੀਂ ਕਰ ਲੈਂਦੇ? ਗਿਆਨੀ ਜੀ ਨੇ ਸਹਿਜ ਸੁਭਾ ਕਿਹਾ, ‘ਬਰਖ਼ੁਰਦਾਰ! ਮੈਂ ਤਾਂ ਨਹੀਂ ਕਰ ਸਕਿਆ ਪਰ ਤੂੰ ਜ਼ਰੂਰ ਕਰੇਂਗਾ!’ ਸਮੇਂ ਦੇ ਬੀਤਣ ਨਾਲ ਗਿਆਨੀ ਜੀ ਦਾ ਇਹ ਵਾਕ ਇੰਨ-ਬਿੰਨ ਪੂਰਾ ਹੋਇਆ।

ਇਸ ਤਰ੍ਹਾਂ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਦਾ ਵਿਕਾਸ ਧਾਰਮਿਕ ਵਾਤਾਵਰਨ ਤੇ ਵਿਦਵਾਨਾਂ ਦੀ ਸੰਗਤ ਵਿਚ ਹੋਇਆ। ਭਾਈ ਸਾਹਿਬ ਨੂੰ ਵਿੱਦਿਆ ਸਮੇਂ ਅਨੁਸਾਰੀ ਦਿਵਾਉਣ ਦਾ ਪ੍ਰਬੰਧ ਕੀਤਾ ਗਿਆ। ਉਰਦੂ-ਫ਼ਾਰਸੀ ਦੀ ਜਾਣਕਾਰੀ ਇਕ ਮੁੱਲਾਂ ਪਾਸੋਂ ਪ੍ਰਾਪਤ ਕਰ ਕੇ ਪੰਜਾਬੀ ਭਾਸ਼ਾ ਦਾ ਗਿਆਨ ਗਿਆਨੀ ਹਰਭਜਨ ਸਿੰਘ ਪਾਸੋਂ ਹਾਸਲ ਕੀਤਾ। ਅੱਠ ਸਾਲ ਦੀ ਉਮਰ ਵਿਚ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਮੁਕੰਮਲ ਕੀਤਾ। 1891 ਈ: ਵਿਚ ਚਰਚ ਮਿਸ਼ਨ ਸਕੂਲ ਅੰਮਿ੍ਰਤਸਰ ’ਚ ਐਂਟਰੈਂਸ ਦਾ ਇਮਤਿਹਾਨ ਜ਼ਿਲੇ੍ਹ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। ਅਜੇ ਭਾਈ ਸਾਹਿਬ ਸਕੂਲੀ ਵਿੱਦਿਆ ਹੀ ਪ੍ਰਾਪਤ ਕਰ ਰਹੇ ਸਨ ਕਿ ਇਨ੍ਹਾਂ ਦਾ ਵਿਆਹ 1896 ਵਿਚ ਨਰਾਇਣ ਸਿੰਘ ਦੀ ਸਪੁੱਤਰੀ ਬੀਬੀ ਚਤਰ ਕੌਰ ਨਾਲ ਕਰ ਦਿੱਤਾ ਗਿਆ।

ਦਸਵੀਂ ਜਮਾਤ ਕਰ ਲੈਣ ’ਤੇ ਮਾਤਾ-ਪਿਤਾ ਨੂੰ ਇਨ੍ਹਾਂ ਦੇ ਰੁਜ਼ਗਾਰ ਦਾ ਫ਼ਿਕਰ ਹੋਇਆ। ਦੋ-ਤਿੰਨ ਥਾਵਾਂ ਤੋਂ ਨੌਕਰੀ ਦੇ ਸੱਦਾ-ਪੱਤਰ ਵੀ ਪ੍ਰਾਪਤ ਹੋਏ ਪਰ ਭਾਈ ਸਾਹਿਬ ਆਜ਼ਾਦ ਤਬੀਅਤ ਦੇ ਮਾਲਕ ਸਨ। ਸੋ ਕਿਸੇ ਦੀ ਨੌਕਰੀ ਕਰਨੀ ਮੁਨਾਸਬ ਨਾ ਸਮਝੀ ਤੇ ਵਜ਼ੀਰ ਸਿੰਘ ਨਾਲ ਮਿਲ ਕੇ ਅੰਮਿ੍ਰਤਸਰ ਵਿੱਚ ਹੀ ‘ਵਜ਼ੀਰ ਹਿੰਦ ਪ੍ਰੈਸ’ ਲਗਵਾ ਲਿਆ। ਪਹਿਲਾਂ ਇਕ ਪੱਥਰ ਛਪਾਈ ਲਈ ਕਿਰਾਏ ’ਤੇ ਲਿਆ ਗਿਆ। ਭਾਈ ਸਾਹਿਬ ਨੇ ਆਪਣੀ ਲਗਨ, ਸਖ਼ਤ ਮਿਹਨਤ, ਸਿਦਕਦਿਲੀ ਸਦਕਾ ਪ੍ਰੈਸ ਨੂੰ ਇੰਨਾ ਕਾਮਯਾਬ ਕੀਤਾ ਕਿ ਦੂਰੋਂ-ਦੂਰੋਂ ਇਸ ਪ੍ਰੈਸ ਨੂੰ ਲੋਕ ਦੇਖਣ ਆਉਣ ਲੱਗੇ।

ਭਾਈ ਵੀਰ ਸਿੰਘ, ਸਿੰਘ ਸਭਾ ਲਹਿਰ ਦੇ ਪੈਦਾ ਕੀਤੇ ਵਿਦਵਾਨਾਂ-ਸਾਹਿਤਕਾਰਾਂ ਵਿੱਚੋਂ ਸਿਰਮੌਰ ਹਨ। ਕੌਮ ਨੂੰ ਪੂਰੀ ਤਰ੍ਹਾਂ ਜਾਗਿ੍ਰਤ ਕਰਨ ਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਦੋ ਆਦਰਸ਼ ਤੈਅ ਕੀਤੇ ਗਏ, ਪਹਿਲਾ, ਵਿੱਦਿਆ ਦਾ ਪ੍ਰਚਾਰ-ਪ੍ਰਸਾਰ ਅਤੇ ਦੂਜਾ, ਮਾਂ-ਬੋਲੀ ਵਿੱਚ ਸਾਹਿਤ ਸਿਰਜਣਾ ਤਾਂ ਜੋ ‘ਬੋਲੀ ਅਵਰ ਤੁਮਾਰੀ’ ਤੋਂ ਨਿਜਾਤ

ਪ੍ਰਾਪਤ ਹੋ ਸਕੇ।

ਪਹਿਲੇ ਆਦਰਸ਼ ਨੂੰ ਪ੍ਰਾਪਤ ਕਰਨ ਲਈ ਐਜੂਕੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੂੰ ਸਫ਼ਲ ਕਰਨ ਲਈ ਭਾਈ ਸਾਹਿਬ ਨੇ ਆਪਣੇ ਸਾਰੇ ਨਿੱਜੀ ਰੁਝੇਵਿਆਂ ਦਾ ਤਿਆਗ ਕਰ ਕੇ ਦਿਨ-ਰਾਤ ਇਕ ਕਰ ਦਿੱਤਾ। ਇਸ ਕਮੇਟੀ ਦੀ ਸਫਲਤਾ ਦਾ ਅੰਦਾਜ਼ਾ ਚੀਫ ਖ਼ਾਲਸਾ ਦੀਵਾਨ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਸ ਕਮੇਟੀ ਦੇ ਇੱਥੋਂ ਤਕ ਪਹੁੰਚਣ ਪਿੱਛੇ ਭਾਈ ਸਾਹਿਬ ਦਾ ਹੀ ਹੱਥ ਸੀ।

ਕੌਮ ਨੂੰ ਜਾਗਿ੍ਰਤ ਕਰਨ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈ ਸਾਹਿਬ ਨੇ ਸਾਰਾ ਜੀਵਨ ਸਾਹਿਤ ਸਿਰਜਣਾ ਹਿਤ ਲਾ ਦਿੱਤਾ। ਹਮੇਸ਼ਾਂ ਹਾਰੀਆਂ ਹੋਈਆਂ ਕੌਮਾਂ ਤੇ ਬੁਜ਼ਦਿਲ ਹੋ ਚੁੱਕੇ ਲੋਕਾਂ ਨੂੰ ਅਮੀਰ ਸਾਹਿਤ ਨੇ ਨਵ-ਜੀਵਨ ਪ੍ਰਦਾਨ ਕੀਤਾ ਹੈ। ਭਾਈ ਸਾਹਿਬ ਦੀਆਂ ਸਾਹਿਤਕ ਕਿਰਤਾਂ ਨੇ ਇਸ ਕਾਰਜ ਨੂੰ ਕਰਨ ਲਈ ਭਰਪੂਰ ਹਿੱਸਾ ਪਾਇਆ।

ਭਾਈ ਸਾਹਿਬ ਦੀਆਂ ਸਾਹਿਤਕ ਕਿਰਤਾਂ ਦੀ ਵਰਗ-ਵੰਡ ਇਸ ਤਰ੍ਹਾਂ ਕਰ ਸਕਦੇ ਹਾਂ : ਜੀਵਨੀ: ਗੁਰੂ ਨਾਨਕ ਚਮਤਕਾਰ (ਦੋ ਭਾਗ), ਅਸ਼ਟ ਗੁਰ ਚਮਤਕਾਰ, ਕਲਗੀਧਰ ਚਮਤਕਾਰ, ਨਾਵਲ : ਸੁੰਦਰੀ, ਵਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ, ਖੋਜ ਤੇ ਵਿਆਖਿਆ : ਸ੍ਰੀ ਗੁਰੂ ਗ੍ਰੰਥ ਕੋਸ਼, ਗੁਰ ਪ੍ਰਤਾਪ ਸੂਰਜ ਗ੍ਰੰਥ, ਸੰਪਾਦਨ : ਪੁਰਾਤਨ ਜਨਮ ਸਾਖੀ, ਭਾਈ ਗੁਰਦਾਸ ਵਾਰਾਂ ਕਬਿੱਤ-ਸਵੱਯੇ, ਟੈ੍ਰਕਟ ਰਚਨਾ : 1891 ਤੋਂ 1957 ਤਕ ਲੱਗਭਗ 200 ਟ੍ਰੈਕਟਾਂ ਦੀ ਰਚਨਾ।

ਬਹੁਤ ਸਾਰੀਆਂ ਪੰਥਕ ਸੰਸਥਾਵਾਂ ਦੇ ਭਾਈ ਵੀਰ ਸਿੰਘ ਸੰਸਥਾਪਕ ਸੰਚਾਲਕ ਤੇ ਮੈਂਬਰ ਸਨ, ਜਿਨ੍ਹਾਂ ਵਿੱਚੋਂ ਪ੍ਰਮੱੁਖ ਖ਼ਾਲਸਾ ਟ੍ਰੈਕਟ ਸੁਸਾਇਟੀ (1893), ਚੀਫ ਖ਼ਾਲਸਾ ਦੀਵਾਨ ਅੰਮਿ੍ਰਤਸਰ (1901), ਸੈਂਟਰਲ ਖ਼ਾਲਸਾ ਯਤੀਮਖਾਨਾ (1904), ਸਿੱਖ ਐਜੂਕੇਸ਼ਨ ਕਮੇਟੀ ਤੇ ਸੈਂਟਰਲ ਖ਼ਾਲਸਾ ਵਿਦਿਆਲਾ ਤਰਨਤਾਰਨ (1908), ਗੁਰਦੁਆਰਾ ਹੇਮਕੁੰਟ ਟਰੱਸਟ (1926), ਸੈਂਟਰਲ ਸੂਰਮਾ ਸਿੰਘ ਆਸ਼ਰਮ (1935), ਫਰੀ ਹੋਮਿਓਪੈਥਿਕ ਹਸਪਤਾਲ (1943) ਆਦਿ ਪੰਥਕ ਤੇ ਸਮਾਜਿਕ ਸੰਸਥਾਵਾਂ, ਖ਼ਾਲਸਾ ਕਾਲਜ ਅੰਮਿ੍ਰਤਸਰ ਨੂੰ ਪੰਥਕ ਪ੍ਰਬੰਧ ’ਚ ਲਿਆਉਣ ਤੇ ਪੰਜਾਬ ਐਂਡ ਸਿੰਧ ਬੈਂਕ ਆਰੰਭ ਕਰਨ ’ਚ ਪ੍ਰਮੁੱਖ ਹੱਥ ਭਾਈ ਸਾਹਿਬ ਦਾ ਹੀ ਸੀ।

ਜੂਨ 1957 ਦੇ ਪਹਿਲੇ ਹਫ਼ਤੇ ਭਾਈ ਸਾਹਿਬ ਨੂੰ ਬੁਖ਼ਾਰ ਹੋ ਗਿਆ, ਜੋ ਲਗਾਤਾਰ ਜਾਰੀ ਰਿਹਾ ਤੇ ਓੜਕ ਜਾਨ-ਲੇਵਾ ਸਾਬਤ ਹੋਇਆ। ਸਿਹਤ ਦਿਨੋ-ਦਿਨ ਕਮਜ਼ੋਰ ਹੁੰਦੀ ਗਈ ਪਰ ਆਲਸ ਜਾਂ ਸੁਸਤੀ ਜੀਵਨ ਭਰ ਇਨ੍ਹਾਂ ਦੇ ਨੇੜੇ ਨਹੀਂ ਸੀ ਲੱਗੀ। ਡਾਕਟਰਾਂ, ਮਿੱਤਰਾਂ, ਸੱਜਣਾਂ, ਸਨੇਹੀਆਂ ਨੇ ਆਪ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਜਿਹੜੇ ਲੋਕਾਂ ਨੂੰ ਇਹ ਉਪਦੇਸ਼ ਕਰਦੇ ਹੋਣ, ਉਹ ਆਪ ਕਿਵੇਂ ਆਰਾਮ ਕਰ ਸਕਦੇ ਹਨ :

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਅਰਾਮ ਨਹੀਂ ਬਹਿੰਦੇ।

ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ।

ਅੰਤ 10 ਜੂਨ, 1957 ਈ: ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ, ਕਾਦਰ ਦੀ ਕੁਦਰਤ ਦਾ ਕਵੀ ਸਭ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਪਰ ਆਪਣੀਆਂ ਸਾਹਿਤਕ ਕਿਰਤਾਂ ਸਦਕਾ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਿਆ।

ਸੰਖੇਪ ’ਚ ਅਸੀਂ ਕਹਿ ਸਕਦੇ ਹਾਂ ਕਿ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਚੁੰਬਕੀ ਸ਼ਕਤੀ ਰੱਖਦੀ ਸੀ। ਉਨ੍ਹਾਂ ਲਈ ਕੋਈ ਮੇਰ-ਤੇਰ ਨਹੀਂ ਸੀ। ਆਪ ਜਿਸ ਨੂੰ ਮਿਲੇ, ਉਸ ਨੂੰ ਹੀ ਆਪਣਾ ਬਣਾ ਲਿਆ। ਕੌਮੀ ਜਾਗਿ੍ਰਤੀ ਲਿਆਉਣ, ਮਾਂ-ਬੋਲੀ ਨੂੰ ਸਤਿਕਾਰ ਦਿਵਾਉਣ ਤੇ ਧਰਮ ਪ੍ਰਚਾਰ-ਪ੍ਰਸਾਰ ਹਿੱਤ ਜੋ ਹਿੱਸਾ ਭਾਈ ਸਾਹਿਬ ਨੇ ਪਾਇਆ, ਉਹ ਇਕ ਲੇਖ ’ਚ ਲਿਖ ਸਕਣਾ ਅਸੰਭਵ ਹੈ।

ਬਹੁਤ ਸਾਰੇ ਵਿਅਕਤੀ ਉਨ੍ਹਾਂ ਦੇ ਜੀਵਨ ਤੇ ਰਹਿਣੀ-ਬਹਿਣੀ ਤੋਂ ਪ੍ਰਭਾਵਿਤ ਹੋ ਕੇ ‘ਨਾਨਕ ਨਿਰਮਲ ਪੰਥ’ ਦੇ ਪਾਂਧੀ ਬਣੇ। ਭਾਈ ਵੀਰ ਸਿੰਘ ਦੀ ‘ਸ਼ਖ਼ਸੀਅਤ’ ਤੇ ‘ਸਾਹਿਤ’ ਤੋਂ ਪ੍ਰਭਾਵਿਤ ਦੋ ‘ਸ਼ਖ਼ਸੀਅਤਾਂ’ ਦੀ ਉਦਾਹਰਨ ਨਾਲ ਇਸ ਲੇਖ ਨੂੰ ਅਸੀਂ ਪੂਰਾ ਕਰਦੇ ਹਾਂ। ਪਹਿਲੀ ਸ਼ਖ਼ਸੀਅਤ ਹਨ ਮਾਸਟਰ ਤਾਰਾ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਸਿੱਖ ਕੌਮ ਦੀ ਲਗਭਗ 50 ਸਾਲ ਅਗਵਾਈ ਕਰਦੇ ਰਹੇ ਜਿਹੜੇ ਕਿ ਪਹਿਲਾਂ ਸਿੱਖੀ ਸਰੂਪ ਵਿੱਚ ਨਹੀਂ ਸਨ। ਜਦ ਉਨ੍ਹਾਂ ਭਾਈ ਵੀਰ ਸਿੰਘ ਦੀ ਪਹਿਲੀ ਗਲਪ ਰਚਨਾ ‘ਸੁੰਦਰੀ’ ਪੜ੍ਹੀ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਸਿੱਖੀ ਸਰੂਪ ਧਾਰਨ ਕਰ ਲਿਆ।

ਦੂਜੀ ਉਦਾਹਰਨ ਪ੍ਰਸਿੱਧ ਦਾਰਸ਼ਨਿਕ, ਲੇਖਕ, ਕਵੀ ਪ੍ਰੋ: ਪੂਰਨ ਸਿੰਘ ਦੀ ਹੈ। ਪ੍ਰੋ: ਪੂਰਨ ਸਿੰਘ ਉੱਚ ਵਿਦਿਆ ਦੀ ਪ੍ਰਾਪਤੀ ਹਿੱਤ ਜਾਪਾਨ ਗਏ , ਜਿੱਥੇ ਆਪਣੇ ਅਨਮੋਲ ਵਿਰਸੇ ‘ਸਿੱਖੀ’ ਤੋਂ ਵੀ ਦੂਰ ਹੋ ਕੇ ਸੰਨਿਆਸ ਧਾਰਨ ਕਰ ਲਿਆ। ਦੇਸ਼ ਪਰਤਣ ’ਤੇ ਭਾਈ ਵੀਰ ਸਿੰਘ ਦੀ ਸੰਗਤ ਦਾ ਹੀ ਚਮਤਕਾਰ ਸੀ ਕਿ ਫਿਰ ਗੁਰਸਿੱਖ ਸਜ ਗਏ।

ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਤੇ ਸਾਹਿਤਕ ਪ੍ਰਤਿਭਾ ਨੂੰ ਸਨਮੁਖ ਰੱਖਦਿਆਂ ਡਾ.ਰਤਨ ਸਿੰਘ ਜੱਗੀ ਨੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਭਾਈ ਗੁਰਦਾਸ ਕਿਹਾ ਹੈ। ਭਾਵੇਂ ਕਿ ਇਹ ਮੁਕਾਬਲਾ ਕਰਨਾ ਵੀ ਠੀਕ ਨਹੀਂ ਪਰ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਤੋਂ ਪਿੱਛੋਂ ਭਾਈ ਵੀਰ ਸਿੰਘ ਦਾ ਹੀ ਨਾਂ ਆਉਂਦਾ ਹੈ।

ਸ਼ੁਰੂ ਕੀਤਾ ‘ਖ਼ਾਲਸਾ ਸਮਾਚਾਰ’

1890 ’ਚ ਭਾਈ ਵੀਰ ਸਿੰਘ ਨੇ ‘ਖ਼ਾਲਸਾ ਸਮਾਚਾਰ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਜਾਰੀ ਕੀਤਾ, ਜੋ ਨਿਰੰਤਰ ਜਾਰੀ ਹੈ। 1893 ’ਚ ਖ਼ਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਗਈ ਜਿਸ ਨੇ ਮਾਸਿਕ ਪਰਚਾ ‘ਨਿਰਗੁਣੀਆਰਾ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜੋ 1993 ਵਿਚ ਸ਼ਤਾਬਦੀ ਪੂਰੀ ਕਰ ਗਿਆ। ਸ਼ਾਇਦ ਪੰਜਾਬੀ ਦਾ ਇਹ ਪਹਿਲਾ ਮਾਸਿਕ ਪਰਚਾ ਹੈ ਜੋ ਨਿਰਵਿਘਨ ਪ੍ਰਕਾਸ਼ਤ ਹੋ ਰਿਹਾ ਹੈ। ਭਾਵਂੇ ਇਸ ’ਚ ਕੋਈ ਨਵੀਨਤਾ ਨਹੀਂ ਆਈ, ਵਾਰ-ਵਾਰ ਭਾਈ ਵੀਰ ਸਿੰਘ ਦੇ ਲੇਖਾਂ ਨੂੰ ਹੀ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।

ਝੋਲੀ ਪਏ ਕਈ ਮਾਣ-ਸਨਮਾਨ

ਭਾਈ ਵੀਰ ਸਿੰਘ ਦੀ ਕਲਮੀ ਸੇਵਾ, ਸਾਹਿਤਕ ਕਿਰਤਾਂ ਨੂੰ ਪੰਜਾਬੀਆਂ ਤੇ ਪੰਜਾਬੀ ਪ੍ਰੇਮੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਬਹੁਤ ਸਾਰੀਆਂ ਲਿਖਤਾਂ ਦਾ ਹਿੰਦੀ ਤੇ ਅੰਗਰੇਜ਼ੀ ’ਚ ਉਲਥਾ ਹੋਇਆ। ‘ਲਹਿਰਾਂ ਦੇ ਹਾਰ’ ਤੇ ਕੁਝ ਹੋਰ ਕਵਿਤਾਵਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਪ੍ਰਸਿੱਧ ਦਾਰਸ਼ਨਿਕ ਕਵੀ ਪ੍ਰੋ: ਪੂਰਨ ਸਿੰਘ ਨੇ ਕੀਤਾ। ‘ਮੇਰੇ ਸਾਈਆਂ ਜੀਓ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ। 1949 ’ਚ ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਦੇ ਸਤਿਕਾਰ ਵਜੋਂ ‘ਡਾਕਟਰ ਆਫ ਓਰੀਐਂਟਲ ਲਿਟਰੇਚਰ’ ਦੀ ਡਿਗਰੀ ਪ੍ਰਦਾਨ ਕੀਤੀ ਗਈ।1952 ’ਚ ਬੰਬਈ ’ਚ ਹੋਈ ਸਰਬ ਹਿੰਦ ਸਿੱਖ ਵਿੱਦਿਅਕ ਕਾਨਫਰੰਸ ਸਮੇਂ ਇਨ੍ਹਾਂ ਨੂੰ ‘ਅਭਿਨੰਦਨ ਗ੍ਰੰਥ’ ਭੇਟ ਕੀਤਾ ਗਿਆ। ਇਸੇ ਹੀ ਸਾਲ ਇਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਸਰਕਾਰੀ ਤੌਰ ’ਤੇ ਮੈਂਬਰ ਨਾਮਜ਼ਦ ਕੀਤਾ ਗਿਆ। ਭਾਈ ਸਾਹਿਬ ਨੂੰ 1956 ’ਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਜਿਹੇ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

- ਡਾ. ਰੂਪ ਸਿੰਘ

Posted By: Harjinder Sodhi