ਜਸਵਿੰਦਰ ਸਿੰਘ ਕਾਈਨੌਰ ਦੀ ਤੀਜੀ ਨਵ-ਪ੍ਰਕਾਸ਼ਿਤ ਪੁਸਤਕ ‘ਅਕਾਸ਼ਵਾਣੀ ਦੇ ਸਾਹਿਤਕ ਸਿਤਾਰੇ’ ਪੰਜਾਬੀ ਸਾਹਿਤ ਤੇ ਪ੍ਰਸਾਰਣ ਜਗਤ ਦੇ ਸੁਮੇਲ ਦਾ ਬੇਮਿਸਾਲ ਦਸਤਾਵੇਜ਼ ਹੈ। ਲੇਖਕ ਨੇ ਆਪਣੇ 34 ਸਾਲਾਂ ਦੇ ਲੰਬੇ ਮੀਡੀਆ ਸਫ਼ਰ ਦੇ ਤਜਰਬੇ ਨੂੰ ਇਸ ਪੁਸਤਕ ਵਿਚ ਬਾਖ਼ੂਬੀ ਪਰੋਇਆ ਹੈ। ਅਕਾਸ਼ਵਾਣੀ ਅਤੇ ਅਕਾਸ਼ਵਾਣੀ ਦੇ ਪੰਜਾਬੀ ਲੇਖਕਾਂ ਬਾਰੇ ਇਸ ਕਿਸਮ ਦੀ ਇਹ ਪਹਿਲੀ ਤੇ ਵਿਲੱਖਣ ਕਿਤਾਬ ਹੈ।

ਪੁਸਤਕ : ‘ਅਕਾਸ਼ਵਾਣੀ ਦੇ ਸਾਹਿਤਕ ਸਿਤਾਰੇ’
ਲੇਖਕ : ਜਸਵਿੰਦਰ ਸਿੰਘ ਕਾਈਨੌਰ
ਪੰਨੇ : 112, ਮੁੱਲ 300 ਰੁਪਏ
ਪ੍ਰਕਾਸ਼ਨ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਜਸਵਿੰਦਰ ਸਿੰਘ ਕਾਈਨੌਰ ਦੀ ਤੀਜੀ ਨਵ-ਪ੍ਰਕਾਸ਼ਿਤ ਪੁਸਤਕ ‘ਅਕਾਸ਼ਵਾਣੀ ਦੇ ਸਾਹਿਤਕ ਸਿਤਾਰੇ’ ਪੰਜਾਬੀ ਸਾਹਿਤ ਤੇ ਪ੍ਰਸਾਰਣ ਜਗਤ ਦੇ ਸੁਮੇਲ ਦਾ ਬੇਮਿਸਾਲ ਦਸਤਾਵੇਜ਼ ਹੈ। ਲੇਖਕ ਨੇ ਆਪਣੇ 34 ਸਾਲਾਂ ਦੇ ਲੰਬੇ ਮੀਡੀਆ ਸਫ਼ਰ ਦੇ ਤਜਰਬੇ ਨੂੰ ਇਸ ਪੁਸਤਕ ਵਿਚ ਬਾਖ਼ੂਬੀ ਪਰੋਇਆ ਹੈ। ਅਕਾਸ਼ਵਾਣੀ ਅਤੇ ਅਕਾਸ਼ਵਾਣੀ ਦੇ ਪੰਜਾਬੀ ਲੇਖਕਾਂ ਬਾਰੇ ਇਸ ਕਿਸਮ ਦੀ ਇਹ ਪਹਿਲੀ ਤੇ ਵਿਲੱਖਣ ਕਿਤਾਬ ਹੈ। ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਅਕਾਸ਼ਵਾਣੀ ਤੇ ਦੂਰਦਰਸ਼ਨ ਦੇ ਇਤਿਹਾਸ, ਖੋਜ ਅਤੇ ਤਕਨੀਕੀ ਪੱਖਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਰੇਡੀਓ ਪ੍ਰਸਾਰਣ ਦੀ ਵਿਧੀ ਤੇ ਇਸ ਦੇ ਸਮਾਜਿਕ ਮਹੱਤਵ ਨੂੰ ਬਹੁਤ ਹੀ ਸਰਲ ਭਾਸ਼ਾ ਵਿਚ ਸਮਝਾਇਆ ਹੈ, ਜੋ ਪੱਤਰਕਾਰੀ ਦੇ ਵਿਦਿਆਰਥੀਆਂ ਲਈ ‘ਰੈਫਰੈਂਸ ਬੁੱਕ’ ਵਾਂਗ ਹੈ। ਭਾਰਤ ਸਰਕਾਰ ਦੇ ਪ੍ਰਸਾਰਣ ਖੇਤਰ ਵਿਚ ਅਕਾਸ਼ਵਾਣੀ ਨੇ ਆਪਣੀਆਂ ਸੇਵਾਵਾਂ ਰਾਹੀਂ ਨਾ ਸਿਰਫ਼ ਜਾਣਕਾਰੀ ਤੇ ਮਨੋਰੰਜਨ ਪ੍ਰਦਾਨ ਕੀਤਾ ਹੈ ਸਗੋਂ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਅਦਾਰੇ ਨੇ ਅਨੇਕਾਂ ਪੰਜਾਬੀ ਸਾਹਿਤਕਾਰਾਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ, ਜਿੱਥੇ ਉਨ੍ਹਾਂ ਨੇ ਆਪਣੀ ਕਲਮ ਦੇ ਜੌਹਰ ਦਿਖਾਏ ਅਤੇ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਅਣਮੋਲ ਸਾਹਿਤਕ ਰਚਨਾਵਾਂ ਪਾਈਆਂ। ਦੂਜੇ ਭਾਗ ’ਚ ਉਨ੍ਹਾਂ 19 ਸਾਹਿਤਕ ਸ਼ਖ਼ਸੀਅਤਾਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਅਕਾਸ਼ਵਾਣੀ ਦੇ ਵੱਖ-ਵੱਖ ਵਿਭਾਗਾਂ ਵਿਚ ਸੇਵਾ ਨਿਭਾਉਂਦਿਆਂ ਸਾਹਿਤ ਸਿਰਜਣਾ ਕੀਤੀ। ਇਹ ਪੁਸਤਕ ਅਕਾਸ਼ਵਾਣੀ ਦੇ ਸਾਹਿਤਕਾਰਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ। ਪੰਜਾਬੀ ਸਾਹਿਤ ਤੇ ਪ੍ਰਸਾਰਣ ਦੇ ਖੇਤਰ ਵਿਚ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਰਚਨਾ ਅਕਾਸ਼ਵਾਣੀ ਦੇ ਇਤਿਹਾਸ ਨੂੰ ਸਾਹਿਤਕ ਨਜ਼ਰੀਏ ਤੋਂ ਸਾਂਭਣ ਦਾ ਸ਼ਲਾਘਾਯੋਗ ਯਤਨ ਹੈ।
ਕਾਈਨੌਰ ਨੇ ‘ਸ਼ਾਬਦਿਕ ਮੋਤੀਆਂ ਦਾ ਜੌਹਰੀ’ ਬਣ ਕੇ ਇਹ ਹਾਰ ਪਰੋਇਆ ਹੈ। ਇਹ ਤਕਨੀਕੀ ਪੱਖਾਂ ਨਾਲ ਮਾਲਾਮਾਲ ਹੈ, ਪੰਜਾਬੀ ਸੁਭਾਅ ਦਾ ਸ਼ੀਸ਼ਾ ਵੀ ਹੈ। ਪੁਸਤਕ ਦੀ ਭਾਸ਼ਾ ਰੋਚਕ ਹੈ ਤੇ ਤਕਨੀਕੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਪਾਠਕ ਨੂੰ ਉਕਾਉਂਦੀ ਨਹੀਂ। ਸਾਹਿਤ ਪ੍ਰੇਮੀਆਂ, ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਇਹ ਪੜ੍ਹਨਯੋਗ ਤੇ ਸੰਭਾਲਣਯੋਗ ਰਚਨਾ ਹੈ। ਇਹ ਪੁਸਤਕ ਅਕਾਸ਼ਵਾਣੀ ਅਤੇ ਪੰਜਾਬੀ ਸਾਹਿਤ ਦੇ ਅਟੁੱਟ ਬੰਧਨ ਦੀ ਝਲਕ ਪੇਸ਼ ਕਰਦੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇਗੀ।
-ਫੈਸਲ ਖਾਨ