ਅਚਾਰੀਆ ਚਤੁਰਸੇਨ ਸ਼ਾਸਤਰੀ ਹਿੰਦੀ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਹੋਏ ਹਨ। ਉਨ੍ਹਾਂ ਨੇ ਨਾਵਲਾਂ ਦੇ ਨਾਲ-ਨਾਲ ਕਹਾਣੀਆਂ ਦੀ ਰਚਨਾ ਵੀ ਕੀਤੀ ਹੈ। ਹੱਥਲੇ ਕਹਾਣੀ ਸੰਗ੍ਰਹਿ ’ਚ ਅਚਾਰੀਆ ਚਤੁਰਸੇਨ ਦੀਆਂ ਚੋਣਵੀਆਂ 16 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਰੀਆਂ ਕਹਾਣੀਆਂ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੀਆਂ ਰਚੀਆਂ ਹੋਈਆਂ ਹਨ।

ਪੁਸਤਕ : ਅਵਾਰਾਗਰਦ (ਕਹਾਣੀ ਸੰਗ੍ਰਹਿ )
ਮੂਲ : ਅਚਾਰੀਆ ਚਤੁਰਸੇਨ ਸ਼ਾਸਤਰੀ
ਅਨੁ : ਅਣੂ ਸ਼ਰਮਾ
ਪੰਨੇ : 184 ਮੁੱਲ : 240/-
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਅਚਾਰੀਆ ਚਤੁਰਸੇਨ ਸ਼ਾਸਤਰੀ ਹਿੰਦੀ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਹੋਏ ਹਨ। ਉਨ੍ਹਾਂ ਨੇ ਨਾਵਲਾਂ ਦੇ ਨਾਲ-ਨਾਲ ਕਹਾਣੀਆਂ ਦੀ ਰਚਨਾ ਵੀ ਕੀਤੀ ਹੈ। ਹੱਥਲੇ ਕਹਾਣੀ ਸੰਗ੍ਰਹਿ ’ਚ ਅਚਾਰੀਆ ਚਤੁਰਸੇਨ ਦੀਆਂ ਚੋਣਵੀਆਂ 16 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਰੀਆਂ ਕਹਾਣੀਆਂ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੀਆਂ ਰਚੀਆਂ ਹੋਈਆਂ ਹਨ। ਹਰ ਕਹਾਣੀ ਦਾ ਵਿਸ਼ਾ ਅਲੱਗ-ਅਲੱਗ ਹੋਣ ਦੇ ਬਾਵਜੂਦ ਇਨ੍ਹਾਂ ਵਿੱਚੋਂ ਜੋ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਉਹ ਹੈ ਗੁਲਾਮੀ ਹੰਢਾਉਂਦੇ ਹੋਏ ਭਾਰਤੀਆਂ ਦੀ ਤਰਾਸਦੀ ਅਤੇ ਆਜ਼ਾਦੀ ਲਈ ਜੂਝਦੇ ਕ੍ਰਾਂਤੀਕਾਰੀਆਂ ਦੀ ਗਾਥਾ। ਕਹਾਣੀ ‘ਕ੍ਰਾਂਤੀਕਾਰਨੀ’ ਇਸੇ ਗੱਲ ਦੀ ਗਵਾਹੀ ਭਰਦੀ ਹੈ। ਕਹਾਣੀ ‘ਅਵਾਰਾਗਰਦ’ ਵਿੱਚ ਅਜਿਹੇ ਪਾਤਰ ਦਾ ਮਾਨਸਿਕ ਚਿੱਤਰ ਪੇਸ਼ ਕੀਤਾ ਗਿਆ ਹੈ ਜੋ ਜ਼ਿੰਦਗੀ ਪ੍ਰਤੀ ਲਾਪਰਵਾਹ ਹੁੰਦਾ ਹੋਇਆ ਵੀ ਕਠੋਰ ਹਾਲਤਾਂ ਨਾਲ ਜੂਝਦਾ ਹੈ। ਇਸ ਸੰਗ੍ਰਹਿ ’ਚ ‘ਚੌਧਰੀ, ਅੱਬਾਜਾਨ, ਕੈਦੀ, ਮਨੁੱਖ ਦਾ ਮੁੱਲ, ਜਾਸੂਸ, ਤਸਵੀਰ, ਵਿਸ਼ਵਾਸ ਤੇ ਵਿਸ਼ਵਾਸ, ਪੱਥਰ ਦੇ ਬੀਜ’ ਆਦਿ ਪ੍ਰਮੁੱਖ ਕਹਾਣੀਆਂ ਸ਼ਾਮਿਲ ਹਨ। ‘ਕ੍ਰਾਂਤੀਕਾਰਨੀ’ ਵਿੱਚ ਆਜ਼ਾਦੀ ਪ੍ਰਾਪਤੀ ਲਈ ਕ੍ਰਾਂਤੀਕਾਰੀਆਂ ਨੂੰ ਕਿਨ੍ਹਾਂ ਹਾਲਤਾਂ ਵਿੱਚੋਂ ਗੁਜ਼ਰਨਾ ਪਿਆ, ਉਸਦੀ ਤਸਵੀਰ ਪੇਸ਼ ਕੀਤੀ ਗਈ ਹੈ। ਕਹਾਣੀ ਦਾ ਅੰਤ ਉਤਸੁਕਤਾ ਅਤੇ ਰੌਚਿਕਤਾ ਭਰਪੂਰ ਹੈ। ਅਣੂ ਸ਼ਰਮਾ ਦੁਆਰਾ ਵਾਰਤਾਲਾਪਾਂ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਹੂ-ਬਹੂ ਪੇਸ਼ ਕੀਤਾ ਗਿਆ ਹੈ।
ਸਾਰੀਆਂ ਕਹਾਣੀਆਂ ਦੀ ਭਾਸ਼ਾ ਅਤੇ ਸ਼ੈਲੀ ਸਹਿਜ ਅਤੇ ਸਰਲ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਆਜ਼ਾਦੀ ਤੋਂ ਪਹਿਲਾਂ ਦੇ ਰਾਜਨੀਤਕ, ਆਰਥਿਕ, ਸਮਾਜਿਕ ਹਾਲਾਤ ਨੂੰ ਬਹੁਤ ਸੋਹਣੀ ਤਰ੍ਹਾਂ ਜ਼ਮੀਨੀ ਪੱਧਰ ਤਕ ਦਿਖਾਇਆ ਗਿਆ ਹੈ। ਜਿੱਥੇ ਕਹਾਣੀਆਂ ਦੇ ਵਿਸ਼ੇ ਸਮਾਜ ’ਚ ਫੈਲੀ ਹੋਈ ਅਰਾਜਕਤਾ ਨਾਲ ਸਬੰਧਤ ਹਨ ਉੱਥੇ ਹੀ ਵੱਖ-ਵੱਖ ਵਰਗਾਂ ਵਿੱਚ ਵੰਡੇ ਹੋਏ ਸਮਾਜ ਦੀ ਵੀ ਗੱਲ ਕੀਤੀ ਗਈ ਹੈ। ਅਣੂ ਸ਼ਰਮਾ ਦੁਆਰਾ ਪਾਤਰਾਂ ਦੇ ਵਾਰਤਾਲਾਪ ਨੂੰ ਪੰਜਾਬੀ ’ਚ ਅਨੁਵਾਦਿਤ ਕਰਨਾ, ਉਨ੍ਹਾਂ ਦੇ ਵੱਡ ਸ਼ਬਦ ਭੰਡਾਰ ਦੀ ਵੀ ਗਵਾਹੀ ਭਰਦਾ ਹੈ। ਇਹ ਕਹਾਣੀ ਸੰਗ੍ਰਹਿ ਆਉਣ ਵਾਲੀਆਂ ਪੀੜ੍ਹੀ ਲਈ ਮਾਰਗ ਦਰਸ਼ਕ ਹੋਵੇਗਾ ਅਤੇ ਉਨ੍ਹਾਂ ਨੂੰ ਬੀਤੇ ਸਮੇਂ ਦੀਆਂ ਇਤਿਹਾਸਕ ਘਟਨਾਵਾਂ ਤੋਂ ਜਾਣੂੰ ਕਰਵਾਏਗਾ।
- ਅੰਮਿ੍ਰਤਪਾਲ ਕਲੇਰ ਚੀਦਾ