Book Review : ਅਜੋਕੀ ਜ਼ਿੰਦਗੀ ’ਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਬਾਖੂਬੀ ਪੇਸ਼ ਕਰਦਾ ਕਾਵਿ ਸੰਗ੍ਰਹਿ ‘ਮੈਂ ਵੀ ਕੁਝ ਕਹਿਣਾ ਹੈ’
ਸੁਖਜਿੰਦਰਜੀਤ ਸਿੰਘ ਸੋਢੀ ਆਪਣੀ ਪਲੇਠੀ ਅਤੇ ਨਵੀਂ ਕਾਵਿ-ਪੁਸਤਕ ‘ਮੈਂ ਵੀ ਕੁਝ ਕਹਿਣਾ ਹੈ..’ ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਹੈ। ਜਦੋਂ ਅਸੀਂ ਉਸਦੀ ਕਵਿਤਾ ਦਾ ਅਧਿਐਨ ਕਰਦੇ ਹਾਂ ਤਾਂ ਜਿੱਥੇ ਇਸ ਕਵਿਤਾ ਵਿਚ ਪਿਆਰ ਅਨੁਭਵ ਪੇਸ਼ ਹੋਇਆ ਹੈ ਉੱਥੇ ਇਹ ਕਵਿਤਾ ਸਾਡੀ ਅਜੋਕੀ ਜ਼ਿੰਦਗੀ ਵਿਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਵੀ ਬਾਖੂਬੀ ਪੇਸ਼ ਕਰਦੀ ਹੈ।
Publish Date: Sat, 03 Sep 2022 10:50 AM (IST)
Updated Date: Sun, 04 Sep 2022 10:00 AM (IST)
ਪੁਸਤਕ : ਮੈਂ ਵੀ ਕੁਝ ਕਹਿਣਾ ਹੈ...
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।
ਸੁਖਜਿੰਦਰਜੀਤ ਸਿੰਘ ਸੋਢੀ ਆਪਣੀ ਪਲੇਠੀ ਅਤੇ ਨਵੀਂ ਕਾਵਿ-ਪੁਸਤਕ ‘ਮੈਂ ਵੀ ਕੁਝ ਕਹਿਣਾ ਹੈ..’ ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਹੈ। ਜਦੋਂ ਅਸੀਂ ਉਸਦੀ ਕਵਿਤਾ ਦਾ ਅਧਿਐਨ ਕਰਦੇ ਹਾਂ ਤਾਂ ਜਿੱਥੇ ਇਸ ਕਵਿਤਾ ਵਿਚ ਪਿਆਰ ਅਨੁਭਵ ਪੇਸ਼ ਹੋਇਆ ਹੈ ਉੱਥੇ ਇਹ ਕਵਿਤਾ ਸਾਡੀ ਅਜੋਕੀ ਜ਼ਿੰਦਗੀ ਵਿਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਵੀ ਬਾਖੂਬੀ ਪੇਸ਼ ਕਰਦੀ ਹੈ। ਕਵੀ ਆਪਣੀ ਬੁਲੰਦ ਆਵਾਜ਼ ਅਜਿਹੇ ਕਿਰਦਾਰਾਂ ਦੇ ਖ਼ਿਲਾਫ਼ ਪੇਸ਼ ਕਰਦਾ ਹੈ ਜਿਹੜੇ ਸਾਡੀਆਂ ਸਮਾਜਿਕ ਮਰਿਆਦਾਵਾਂ ਦਾ ਘਾਣ ਕਰ ਰਹੇ ਹਨ ਅਜਿਹੇ ਦੋਗਲੇ ਕਿਰਦਾਰਾਂ ਦੀ ਤਸਵੀਰਕਸ਼ੀ ਕਰਦਾ ਹੋਇਆ ਕਵੀ ਲਿਖਦਾ ਹੈ- ਧਰਮ ਦੀ ਆੜ ਵਿਚ
ਲੋਕਾਂ ਨੂੰ ਭਰਮਾਉਂਦੇ ਜੋ
ਜਾਤਾਂ ਮਜ਼ਹਬਾਂ ਦਾ
ਵਖਰੇਵਾਂ ਪਾਉਂਦੇ ਜੋ
ਜਾਬਰ ਪੱਲੇ ਕੱਖ ਨਾ ਲੋਕੋ ਪੈਣਾ ਹੈ
ਸੁਣੋ ਸੁਣੋ ਜੀ ਮੈਂ ਵੀ
ਤਾਂ ਕੁਝ ਕਹਿਣਾ ਹੈ।
ਕਵੀ ਕਿਉਂਕਿ ਸਮਾਜ ਦੀ ਤਸਵੀਰ ਖ਼ੂਬਸੂਰਤ ਵੇਖਣੀ ਚਾਹੁੰਦਾ ਹੈ ਇਸ ਕਰਕੇ ਉਹ ਜਿੱਥੇ ਮਨੁੱਖੀ ਮਾਨਸਿਕਤਾ ਦੀ ਸਵੱਸਥਾ ਚਾਹੁੰਦਾ ਹੈ ਉੱਥੇ ਬਾਹਰੀ ਵਾਤਾਵਰਨ ਦੀ ਸੁੰਦਰਤਾ ਬਣਾਉਣ ਲਈ ਵੀ ਅਪੀਲ ਕਰਦਾ ਹੈ। ਇਸੇ ਕਰਕੇ ਉਸ ਦੀਆਂ ਕਵਿਤਾਵਾਂ ’ਚ ਵਾਤਾਵਰਨ ਪ੍ਰਤੀ ਸੁਚੇਤ ਹੋਣ ਦਾ ਹੋਕਾ ਵੀ ਦਿੱਤਾ ਗਿਆ ਹੈ। ਕਵੀ ਨੂੰ ਇਸ ਗੱਲ ਦਾ ਵੀ ਵਿਸ਼ਵਾਸ ਹੈ ਕਿ ਭਾਵੇਂ ਸਮਾਜ ’ਚ ਕੂੜ ਦਾ ਬੋਲਬਾਲਾ ਹੈ ਪਰ ਇਕ ਨਾ ਇਕ ਦਿਨ ਕਾਲੀ ਰਾਤ ਪਿੱਛੋਂ ਦਿਨ ਜ਼ਰੂਰ ਚੜ੍ਹੇਗਾ। ਜਿਵੇਂ-
ਕਾਲੀ ਰਾਤ ਪਿੱਛੋਂ ਨਵੀਂ
ਆਵੇਗੀ ਸਵੇਰ ਕੋਈ,
ਹਰ ਕਾਲੀ ਰਾਤ ਮੈਂ
ਲੰਘਾਈ ਇਹੋ ਸੋਚ ਕੇ।
ਕਵੀ ਦੇ ਮਨ ’ਚ 1947 ਦੀ ਦੇਸ਼ ਵੰਡ ਦੇ ਜ਼ਖ਼ਮ ਅਜੇ ਵੀ ਹਰੇ ਹਨ। ਇਸੇ ਕਰਕੇ ਹੀ ਉਹ ਆਜ਼ਾਦੀ ਦਾ ਜਸ਼ਨ ਮਨਾਉਣ ਦੀ ਦੋਚਿੱਤੀ ’ਚ ਹੈ ਕਿਉਂਕਿ ਆਜ਼ਾਦੀ ਪ੍ਰਾਪਤੀ ਲਈ ਹੋਈ ਤਬਾਹੀ ਤਕਲੀਫ਼ਦੇਹ ਸੀ। ਇਸ ਪੁਸਤਕ ਵਿਚ ਕਵਿਤਾਵਾਂ ਅਤੇ ਗੀਤ ਸ਼ਾਮਿਲ ਹੋ ਕੇ ਸਾਂਝਾ ਕਾਵਿ-ਗੁਲਦਸਤਾ ਪੇਸ਼ ਕਰਦੇ ਹਨ।
- ਸਰਦੂਲ ਸਿੰਘ ਔਜਲਾ