ਕਿੱਸਾਕਾਰ ਸ਼ੇਰ ਸਿੰਘ ਸ਼ੇਰਪੁਰੀ ਆਪਣੀ ਅੱਠਵੀ ਕਾਵਿ ਪੁਸਤਕ ‘ਸੰਦਲੀ ਪੈੜਾਂ’ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਸਮੁੱਚਾ ਸੰਗ੍ਰਹਿ ਛੰਦਾ ਬੰਦੀ ਦਾ ਉੱਤਮ ਨਮੂਨਾ ਹੈ। ਪ੍ਰਤੀਕਾਂ, ਬਿੰਬਾਂ, ਅਲੰਕਾਰਾਂ, ਉਪਮਾਵਾਂ ਆਦਿ ਨਾਲ ਸ਼ਿੰਗਾਰੀਆਂ ਇਹ ਕਵਿਤਾਵਾਂ ਪੰਜਾਬੀ ਕਵਿਤਾ ਦਾ ਪ੍ਰੰਪਰਾਗਤ ਅਤੇ ਰਵਾਇਤੀ ਰੂਪ ਪੇਸ਼ ਕਰਦੀਆਂ ਹਨ।

ਪੁਸਤਕ : ਸੰਦਲੀ ਪੈੜਾਂ
ਕਵੀ : ਸ਼ੇਰ ਸਿੰਘ ਸੇਰਪੁਰੀ
ਪੰਨੇ :136 ਮੁੱਲ : ਦਰਜ ਨਹੀਂ-
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।
ਕਿੱਸਾਕਾਰ ਸ਼ੇਰ ਸਿੰਘ ਸ਼ੇਰਪੁਰੀ ਆਪਣੀ ਅੱਠਵੀ ਕਾਵਿ ਪੁਸਤਕ ‘ਸੰਦਲੀ ਪੈੜਾਂ’ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਸਮੁੱਚਾ ਸੰਗ੍ਰਹਿ ਛੰਦਾ ਬੰਦੀ ਦਾ ਉੱਤਮ ਨਮੂਨਾ ਹੈ। ਪ੍ਰਤੀਕਾਂ, ਬਿੰਬਾਂ, ਅਲੰਕਾਰਾਂ, ਉਪਮਾਵਾਂ ਆਦਿ ਨਾਲ ਸ਼ਿੰਗਾਰੀਆਂ ਇਹ ਕਵਿਤਾਵਾਂ ਪੰਜਾਬੀ ਕਵਿਤਾ ਦਾ ਪ੍ਰੰਪਰਾਗਤ ਅਤੇ ਰਵਾਇਤੀ ਰੂਪ ਪੇਸ਼ ਕਰਦੀਆਂ ਹਨ। ਇਨ੍ਹਾਂ ਵਿੱਚ ਜਿੱਥੇ ਸ਼ਿੰਗਾਰਕ ਪੱਖ ਹਾਵੀ ਹੈ, ਉੱਥੇ ਰੁਮਾਂਟਕਤਾ ਅਤੇ ਇਸ਼ਕ ਹਕੀਕੀ ਤੇ ਇਸ਼ਕ ਮਜਾਜ਼ੀ ਦੋਹਾਂ ਦਾ ਝਲਕਾਰਾ ਵੀ ਪੈਂਦਾ ਹੈ। ਕਵੀ ਅਜਿਹੇ ਇੱਕ ਗੀਤ ਵਿੱਚ ਲਿਖਦਾ ਹੈ-
ਚੜ੍ਹਦਾ ਏ ਚੰਨ ਕਿੱਦਾਂ
ਪੁੱਛਿਆ ਜਾ ਸੋਹਣਿਆਂ ਨੂੰ
ਕਿੱਦਾਂ ਰਾਤ ਪੁੰਨਿਆਂ
ਮਹਿਬੂਬ ਰੁਸ਼ਨਾਉਦੀ ਐ
ਹੱਸਕੇ ਜਵਾਬ ਦਿੱਤਾ ,
ਘੁੰਡ ਮੂੰਹ ਤੋਂ ਲਾਹ ਦੀਏ ਜੇ
ਮੱਸਿਆ ਵੀ ਪੁੰਨਿਆ ਦੀ
ਰਾਤ ਬਣ ਆਉਦੀ ਏ।
ਕਵੀ ਨੇ ਰੂਪ ਵਰਣਨ ਦੇ ਨਾਲ-ਨਾਲ ਦਿਲ ਖਿਚਵੀਂ ਮੰਜ਼ਰਕਸ਼ੀ ਵੀ ਕੀਤੀ ਹੈ। ਪ੍ਰੇਮ ਪਰੁੰਨੇ ਪਲਾਂ ਦੀਆਂ ਵੱਖੋ-ਵੱਖਰੀਆਂ ਅਵਸਥਾਵਾਂ ਦਾ ਚਿੱਤਰਣ ਵੀ ਕੀਤਾ ਹੈ। ਇਨ੍ਹਾਂ ਵਿੱਚ ਵਿਛੋੜਾ ਵੀ ਹੈ ਮਿਲਨ ਵੀ। ਜੁਦਾਈ ਵੀ ਹੈ। ਤਨਹਾਈ ਵੀ ਹੈ। ਪ੍ਰੇਮੀਆਂ ਦੇ ਮਨਾਂ ਦੇ ਵਲਵਲੇ, ਕੁਦਰਤ ਦੀ ਕਾਰੀਗਰੀ, ਪੰਜਾਬੀ ਸਭਿਆਚਾਰ, ਗੁਰੂ ਸਾਹਿਬਾਨਾਂ ਦੀ ਅਲੌਕਿਕਤਾ, ਸਾਕਾ ਸਰਹੰਦ ਸਬੰਧੀ ਬੀਬੀ ਜੂਨਾ ਦਾ ਵਿਰਲਾਪ ਹੈ। ਚੰਡੀਗੜ੍ਹ ਦੀ ਸੁਖਣਾ ਝੀਲ ਦੀ ਪ੍ਰਕਿਰਤਕ ਮਨੋਹਾਰਤਾ, ਬਾਲ ਿਸ਼ਨ ਦੀ ਬਾਲ ਲੀਲਾ੍ਹ ਅਤੇ ਕੁਝ ਹੱਡੀਂ-ਹੰਢਾਏ ਪਾਤਰਾਂ ਦੀਆਂ ਕਾਵਿ-ਕਥਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਕਵੀ ਸ਼ੇਰ ਸਿੰਘ ਸ਼ੇਰਪੁਰੀ ਪਾਸ ਅਨੁਭਵਾਂ ਦੇ ਨਾਲ-ਨਾਲ, ਸ਼ਬਦ ਭੰਡਾਰ, ਨਿਵੇਕਲੇ ਪ੍ਰਤੀਕ ਤੇ ਬਿੰਬਾਂ ਦਾ ਭਰਪੂਰ ਖਜਾਨਾ ਹੈ। ਕਲਪਨਾ ਦੀ ਅਸੀਮ ਉਡਾਰੀ ਹੈ। ਕਾਵਿ ਕਲਾ ਦੇ ਅਰੂਜ਼, ਛੰਦ ਵਿਆਕਰਣ ਅਤੇ ਗ਼ਜ਼ਲ ਸ਼ਾਸਤਰ ਦੀ ਡੂੰਘੀ ਸਮਝ ਹੈ। ਉਸਦੇ ਆਪਣੇ ਵਿਅਕਤਿਤਵ ਵਿਚਲੀ ਸਦਾਚਾਰਕਤਾ, ਨੈਤਿਕਤਾ, ਅਤੇ ਸਰਲਤਾ ਇਨਾਂ੍ਹ ਕਾਵਿ ਵੰਨਗੀਆਂ ਵਿੱਚ ਡੁਲ੍ਹ-ਡੁਲ੍ਹ ਪੈਂਦੀ ਹੈ। ਇਨਾਂ੍ਹ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਆਦਿ ਰਾਹੀਂ ਉਹ ਸਮਾਜ ਨੂੰ ਇਕ ਸਾਰਥਕ ਤੇ ਹਾਂ-ਪੱਖੀ ਸੁਨੇਹਾ ਦਿੰਦਾ ਹੈ। ਪੰਜਾਬੀ ਪਾਠਕ ਇਨਾਂ੍ਹ ਵਿੱਚ ਆਪਣੀ ਰਹਿਤਲ-ਬਹਿਤਲ, ਵਿਰਸੇ ਤੇ ਸਭਿਆਚਾਰ ਦੀ ਝਲਕ ਵੇਖਦਾ ਹੈ। ਕਵੀ ਨੇ ਹਰੇਕ ਵੰਨਗੀ ਨਾਲ ਨਿਆਂ ਕੀਤਾ ਹੈ।
- ਧਰਮਪਾਲ ਸਾਹਿਲ