ਅਰਤਿੰਦਰ ਕੌਰ ਸੰਧੂ ਦਾ ਪੰਜਾਬੀ ਸਾਹਿਤਕ ਜਗਤ ਵਿਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ। ਉਹਨਾਂ ਨੇ ਪੰਜਾਬੀ ਸਾਹਿਤਕ ਜਗਤ ਨੂੰ ਮੁਲਵਾਨ ਪੁਸਤਕਾਂ ਪ੍ਰਦਾਨ ਕੀਤੀਆਂ ਹਨ। ਅਰਤਿੰਦਰ ਸੰਧੂ ਦੁਆਰਾ ਸੰਪਾਦਿਤ ਤੇ ਅਨੁਵਾਦਿਤ ਕਹਾਣੀ-ਸੰਗ੍ਰਹਿ ‘ਕੁਆਰਨਟਾਈਨ ਅਤੇ ਹੋਰ ਕਹਾਣੀਆਂ’ ਵਿਚ 17 ਕਹਾਣੀਆਂ ਦਰਜ ਹਨ, ਜਿਨਾਂ ਵਿਚਲੇ ਵਿਭਿੰਨ ਵਿਸ਼ਿਆਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਦਾ ਸੁਚੇਤ ਯਤਨ ਕੀਤਾ ਗਿਆ ਹੈ।
ਅਰਤਿੰਦਰ ਕੌਰ ਸੰਧੂ ਦਾ ਪੰਜਾਬੀ ਸਾਹਿਤਕ ਜਗਤ ਵਿਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ। ਉਹਨਾਂ ਨੇ ਪੰਜਾਬੀ ਸਾਹਿਤਕ ਜਗਤ ਨੂੰ ਮੁਲਵਾਨ ਪੁਸਤਕਾਂ ਪ੍ਰਦਾਨ ਕੀਤੀਆਂ ਹਨ। ਅਰਤਿੰਦਰ ਸੰਧੂ ਦੁਆਰਾ ਸੰਪਾਦਿਤ ਤੇ ਅਨੁਵਾਦਿਤ ਕਹਾਣੀ-ਸੰਗ੍ਰਹਿ ‘ਕੁਆਰਨਟਾਈਨ ਅਤੇ ਹੋਰ ਕਹਾਣੀਆਂ’ ਵਿਚ 17 ਕਹਾਣੀਆਂ ਦਰਜ ਹਨ, ਜਿਨਾਂ ਵਿਚਲੇ ਵਿਭਿੰਨ ਵਿਸ਼ਿਆਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਦਾ ਸੁਚੇਤ ਯਤਨ ਕੀਤਾ ਗਿਆ ਹੈ। ਅਰਤਿੰਦਰ ਸੰਧੂ ਜ਼ਿਕਰ ਕਰਦੇ ਹਨ : ‘ਸਾਰੀਆਂ ਕਹਾਣੀਆਂ ਸਮਾਜ ਦੀਆਂ ਸਥਾਪਿਤ ਕਦਰਾਂ-ਕੀਮਤਾਂ ਕਾਰਨ ਇਨਸਾਨ ਦੇ ਹੋ ਰਹੇ ਨਪੀੜਨ ਨੂੰ ਤਾਂ ਪੇਸ਼ ਕਰਦੀਆਂ ਹਨ ਸਗੋਂ ਕਥਿਤ ਵਿਕਾਸ ਕਾਰਨ ਪਿੱਛੇ ਛੁੱਟਦੇ ਜਾ ਰਹੇ ਮਨੁੱਖੀ ਸਰੋਕਾਰਾਂ ਦੀ ਕਸਕ ਵੀ ਪਾਠਕਾਂ ਨੂੰ ਮਹਿਸੂਸ ਕਰਵਾਉਂਦੀਆਂ ਹਨ। ਵਰਤਮਾਨ ਵਿਚ ਸੋਚਾਂ ਤੇ ਵਰਤਾਰਿਆਂ ’ਤੇ ਚੜ੍ਹ ਰਹੇ ਬਾਜ਼ਾਰ ਦੀ ਤੇਜ਼ੀ ਦੇ ਰੰਗ ਕਾਰਨ ਉਲੰਘੀ ਜਾ ਰਹੀ ਸੰਵੇਦਨਸ਼ੀਲਤਾ ’ਤੇ ਸੂਖ਼ਮ ਜਿਹੀ ਝਾਤ ਪੁਆਉਂਦੀਆਂ ਹਨ। ਕਦੇ ਵਿਅੰਗ, ਕਦੇ ਵਿਰੋਧ ਤੇ ਕਦੇ ਸੂਖਮ ਜਿਹੀ ਛੁਹ ਨਾਲ ਕਿਸੇ ਦਰਦ ਦਾ ਪੱਲਾ ਉਥੱਲ ਜਾਂਦੀਆਂ ਹਨ ਇਹ ਕਹਾਣੀਆਂ।’
ਕਹਾਣੀ ‘ਪੜ੍ਹਾਈ ਦੇ ਨੁਕਸਾਨ’ ਵਿਚ ਅਸਗਰ ਵਜਾਹਤ ਸੰਕੇਤ ਕਰਦੇ ਹਨ ਕਿ ਆਦਿ ਕਾਲ ਤੋਂ ਰੋਟੀ ਦੀ ਮਜ਼ਬੂਰੀ ਕਾਰਨ ਮੋਹਰਿਆਂ ਵਾਂਗ ਵਰਤੇ ਜਾਣ ਵਾਲੇ ਲੋਕ ਜਦ ਜਾਗ੍ਰਿਤ ਹੁੰਦੇ ਹਨ ਤਾਂ ਸੱਤਾ ’ਤੇ ਕਾਬਜ਼ ਧਿਰਾਂ ਬੇਚੈਨ ਹੋ ਜਾਂਦੀਆਂ ਹਨ। ਕਹਾਣੀ ‘ਕੁਆਰਨਟਾਈਨ’ ਵਿਚ ਰਜਿੰਦਰ ਬੇਦੀ ਪਲੇਗ ਤੇ ਕਰੋਨਾ ਕਾਲ ਵੇਲੇ ਇਕੋ ਜਿਹੇ ਹਾਲਾਤ ਦਾ ਜ਼ਿਕਰ ਕਰਦਾ ਹੈ। ਇਹਨਾਂ ਮਹਾਮਾਰੀਆਂ ਵਿਚ ਸਾਧਾਰਨ ਮਨੁੱਖਤਾ ਨੇ ਦੁੱਖ ਤੇ ਸੰਤਾਪ ਹੰਢਾਇਆ ਤੇ ਸਰਕਾਰ ਮੂਕ-ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ। ਇਹ ਕਹਾਣੀ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ।
ਕਹਾਣੀ ‘ਝੰਨੂ ਨੂੰ ਚਿੱਠੀ ਮਿਲੀ’ ਵਿਚ ਫਹਿਮੀਦਾ ਨੇ ਔਰਤ ਦੀ ਤ੍ਰਾਸਦਿਕ ਸਥਿਤੀ ਨੂੰ ਬਿਆਨ ਕਰਦੇ ਹੋਏ ਇੱਕੋ ਹੀ ਧਰਮ ਵਾਲਿਆਂ ਦੀ ਆਪਸੀ ਕੱਟੜਤਾ ਨੂੰ ਮਾਰਮਿਕ ਤਰੀਕੇ ਨਾਲ ਉਜਾਗਰ ਕੀਤਾ ਹੈ। ਕਹਾਣੀ ‘ਜੀਵਨਪੁਰ ਹਾਟ ਜੰਕਸ਼ਨ-2’ ਵਿਚ ਅਸ਼ੋਕ ਭੌਮਿਕ ਨੇ ਚੁਰਾਸੀ ਦੇ ਵਾਤਾਵਰਨ ਵਿਚ ਮਨੁੱਖਤਾ ਦੀ ਚਿੰਤਾਜਨਕ ਸਥਿਤੀ ਨੂੰ ਰੂਪਮਾਨ ਕੀਤਾ ਹੈ। ਕੁਝ ਇਨਸਾਨਾਂ ਨੇ ਮਨੁੱਖਤਾ ਨੂੰ ਬਚਾਉਣ ਹਿੱਤ ਕਾਰਜ ਕੀਤੇ ਤੇ ਬਹੁਤਿਆਂ ਨੇ ਮਨੁੱਖਤਾ ਦਾ ਘਾਣ ਕੀਤਾ। ਕਹਾਣੀ ‘ਬ੍ਰਹਮਰਾਖਸ਼ ਦਾ ਸ਼ਾਗਿਰਦ’ ਵਿਚ ਮੁਕਤੀਬੋਧ ਨੇ ਅਧਿਆਪਕ ਵਰਗ ਨੂੰ ਸੁਚੇਤ ਪੱਧਰ ਉੱਤੇ ਆਪਣੇ ਕਰਤੱਵ ਨਿਭਾਉਣ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਭਵਿੱਖ ਸੁਰੱਖਿਅਤ ਹੋ ਸਕੇ। ਦੂਜੀ ਕਹਾਣੀ ‘ਕਲਾਡ ਈਥਰਲੀ’ ਵਿਚ ਮੁਕਤੀਬੋਧ ਨੇ ਮਨੁੱਖੀ ਮਾਨਸਿਕਤਾ ਵਿਚ ਪੈਦਾ ਹੋਏ ‘ਪਾਪ ਬੋਧ’ ਤੋਂ ਜਾਣੂ ਕਰਵਾਇਆ ਹੈ। ਅਮਰੀਕਾ ਦੇ ਪਾਇਲਟ ਨੇ ਜਾਪਾਨ ਦੇ ਹੀਰੋਸ਼ਮਾ ਉੱਤੇ ਬੰਬ ਸੁੱਟਿਆ ਤੇ ਉਸ ਨੂੰ ਅਮਰੀਕਾ ਵਿਚ ‘ਵਾਰ ਹੀਰੋ’ ਵਜੋਂ ਸਨਮਾਨਿਤ ਕੀਤਾ ਗਿਆ ਪਰ ਜਦ ਉਸ ਨੇ ਹੀਰੋਸ਼ੀਮਾ ਸ਼ਹਿਰ ਦੀ ਹਾਲਤ ਦੇਖੀ ਤਾਂ ਉਸ ਦਾ ਹਿਰਦੇ ਪਰਿਵਰਤਨ ਹੋ ਗਿਆ ਤੇ ਉਹ ਆਪਣੇ ਹੀ ਦੇਸ਼ ਦੀ ਰਾਜਨੀਤਿਕ ਵਿਵਸਥਾ ਦੇ ਵਿਰੋਧ ਵਿਚ ਖੜ੍ਹ ਗਿਆ।
ਪੁਸਤਕ ਵਿਚ ਸੂਰਯਬਾਲਾ ਦੀਆਂ ਦੋ ਕਹਾਣੀਆਂ ‘ਸੂਬੇਦਾਰਨੀ ਦਾ ਪੋਤਾ’ ਤੇ ‘ਸ਼ਰੀਕਣੀ’ ਵੀ ਦਰਜ ਹਨ। ‘ਸੂਬੇਦਾਰਨੀ ਤਾਂ ਪੋਤਾ’ ਵਿਚ ਪਰਵਾਸ ਕਾਰਨ ਇਕੱਲਤਾ ਭੋਗ ਰਹੇ ਪਰਿਵਾਰ ਦਾ ਮਾਰਮਿਕ ਚਿਤਰਨ ਕੀਤਾ ਗਿਆ ਹੈ। ਪਰਵਾਸ ਨੇ ਸਾਡੀ ਆਰਥਿਕਤਾ ਨੂੰ ਜ਼ਰੂਰ ਠੁੰਮਣਾ ਦਿੱਤਾ ਹੈ ਪਰ ਪਰਿਵਾਰਕ ਰਿਸ਼ਤੇ ਵੀ ਖੇਰੂੰ-ਖੇਰੂੰ ਕਰ ਦਿੱਤੇ ਹਨ। ਕਹਾਣੀ ‘ਸ਼ਰੀਕਣੀ’ ਵਿਚ ਪਤੀ-ਪਤਨੀ ਦੀ ਜੀਵਨ ਹਯਾਤੀ ਦੇ ਉਤਰਾਅ ਚੜ੍ਹਾਅ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਘੜੀਸਾਜ਼ ਦੇ ਹੁਨਰ’ ਉੱਤੇ ‘ਕਾਰਪੋਰੇਟ ਯੁਗ’ ਦੀ ਮਾਰ ਦਾ ਜ਼ਿਕਰ ਕੀਤਾ ਹੈ ਜਿਸ ਨੇ ਮਨੁੱਖਤਾ ਤੋਂ ਉਸ ਦਾ ਰੋਜ਼ਗਾਰ ਹੀ ਖੋਹ ਲਿਆ ਇਸ ਕਾਰਨ ਨੈਤਿਕਤਾ ਖ਼ਤਮ ਹੋਈ ਅਨੈਤਿਕਤਾ ਦਾ ਪਸਾਰਾ ਵੱਧਣ ਲੱਗਾ। ਕਹਾਣੀ ‘ਖਿਰਨੀ’ ਵਿਚ ਬਾਲਪਨ ਦੀ ਕੋਮਲਤਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਵਰਤਮਾਨ ਪ੍ਰਸਥਿਤੀਆਂ ਨਾਲ ਟਕਰਾ ਕੇ ਆਰਥਿਕਤਾ ਦੀ ਭੇਟ ਚੜ੍ਹ ਗਏ ਰਿਸ਼ਤਿਆਂ ਦੀ ਗਾਥਾ ਹੈ।
‘ਗਵਰਨੈਸ’ ਗਿਆਨਪ੍ਰਕਾਸ਼ ਵਿਵੇਕ ਦੀ ਪ੍ਰਭਾਵਸ਼ਾਲੀ ਕਹਾਣੀ ਹੈ। ਮਾਰੀਆ ਦੀ ਸ਼ਹਿਣਸ਼ੀਲਤਾ, ਸੁਚੱਜਤਾ, ਨਿਮਰਤਾ ਨੇ ਉਸ ਦੀ ਬਦਸੂਰਤੀ ਨੂੰ ਵੀ ਖ਼ੂਬਸੂਰਤੀ ਵਿਚ ਬਦਲ ਦਿੱਤਾ। ਕਹਾਣੀ ‘ਲਾਲ ਹਵੇਲੀ’ ਵਿਚ ਸ਼ਿਵਾਨੀ ਨੇ ਔਰਤ ਦੀ ਮਾਨਸਿਕਤਾ ਵਿਚ ਪਏ 17 ਸਾਲਾਂ ਦੇ ਦੁਖਾਂਤ ਨੂੰ ਰੂਪਮਾਨ ਕੀਤਾ ਹੈ। ਸੰਤਾਲੀ ਦੀ ਵੰਡ ਕਾਰਨ ਔਰਤਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਤਕਲੀਫ਼ਾਂ ਸਹਿਣ ਕਰਨੀਆਂ ਪਈਆਂ ਤੇ ਉਹਨਾਂ ਨੂੰ ਜਿਸਮਾਨੀ ਸ਼ੋਸ਼ਣ ਦਾ ਵੀ ਸ਼ਿਕਾਰ ਹੋਣਾ ਪਿਆ। ‘ਸੁਧਾ’ ਤੋਂ ‘ਤਾਹਿਰਾ’ ਦਾ ਸਫ਼ਰ ਤੈਅ ਕਰਨ ਵਾਲੀ ਔਰਤ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ ਜੋ ਸਾਰੀਆਂ ਹੀ ਔਰਤਾਂ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਦੀ ਹੈ। ਕਹਾਣੀ ‘ਦਾਜੂ’ ਵਿਚ ਸ਼ੇਖਰ ਜੋਸ਼ੀ ਨੇ ਮਨੁੱਖੀ ਮਾਨਸਿਕਤਾ ਉੱਤੇ ਪਏ ਆਧੁਨਿਕ ਵਾਤਾਵਰਨ ਦੇ ਪ੍ਰਭਾਵਾਂ ਦਾ ਚਿਤਰਨ ਕੀਤਾ। ਪਹਾੜੀ ਖੇਤਰ ਤੋਂ ਮੁੰਬਈ ਵਰਗੇ ਤਲਿਸਮੀ ਸ਼ਹਿਰ ਵਿਚਲੇ ਪ੍ਰਭਾਵ ਨੂੰ ਕਬੂਲਣ ਵਾਲੇ ਮਨੁੱਖ ਦੀ ਜੀਵਨ-ਸ਼ੈਲੀ ਨੂੰ ਬਿਆਨ ਕੀਤਾ ਗਿਆ।
ਕਹਾਣੀ ‘ਜਹੇਰਥਾਨ’ ਵਿਚ ਕਮਲ ਨੇ ਫ਼ਿਲਮੀ ਇੰਡਸਟਰੀ ਤੇ ਡਾਇਰੈਕਟਰਾਂ ਦੀਆਂ ਚਾਲਾਂ ਦਾ ਪਰਦਾਫ਼ਾਸ਼ ਕੀਤਾ ਹੈ। ਆਦਿ-ਵਾਸੀਆਂ ਦੀ ਜੀਵਨ-ਸ਼ੈਲੀ ਉੱਤੇ ਬਣ ਰਹੀ ਫ਼ਿਲਮ ਵਿਚ ਅਸਲ ਦੀ ਬਜਾਇ ਨਕਲ ਦਿਖਾਉਣ ਉੱਤੇ ਜ਼ੋਰ ਦਿੱਤਾ ਗਿਆ। ਆਦਿ-ਵਾਸੀਆਂ ਨੂੰ ਮਨਫ਼ੀ ਕਰਨ ਦਾ ਢੌਂਗ ਵੀ ਸਾਹਮਣੇ ਆਉਂਦਾ ਹੈ। ਕਹਾਣੀ ‘ਪਾਣੀ ਬਾਈ’ ਵਿਚ ਕਹਾਣੀਕਾਰ ਰਵਿੰਦਰ ਕਾਤਯਾਯਨ ਨੇ ਔਰਤ ਤੇ ਪਾਣੀ ਦੀ ਹੋਂਦ ਨੂੰ ਰੂਪਮਾਨ ਕੀਤਾ। ਪਾਣੀ ਨਾਲ ਹੀ ਇਸ ਸੰਸਾਰ ਦੀ ਹੋਂਦ ਕਾਇਮ ਹੈ ਤੇ ਔਰਤ ਦੀ ਹੋਂਦ ਨਾਲ ਮਨੁੱਖ ਜਾਤੀ ਦਾ ਵਿਕਾਸ ਪਰ ਦੋਵਾਂ ਦੀ ਅਹਿਮੀਅਤ ਨੂੰ ਮਨਫ਼ੀ ਕਰਨ ਨਾਲ ਹਾਲਾਤ ਬੱਦ ਤੋਂ ਬਦਤਰ ਹੋ ਜਾਂਦੇ ਹਨ। ਕਹਾਣੀ ‘ਨਵਾਂ ਗਊ ਦਾਨ’ ਵਿਚ ਕ੍ਰਿਸ਼ਨ ਕਲਪਿਤ ਨੇ ਸਮਾਜਕ ਪਰੰਪਰਾਵਾਂ ਦੀ ਇਕੱਤਰਤਾ ਤੋਂ ਪਰਦਾ ਚੁੱਕਿਆ ਹੈ। ਕਿਸਾਨ ਦੀ ਮੌਤ ਉੱਤੇ ਗਊ ਦਾਨ ਦੀ ਆੜ ਵਿਚ ਪੁਜਾਰੀ ਦੀ ਅਨੈਤਿਕਤਾ ਤੇ ਲਾਲਚ ਨੂੰ ਦਰਸਾਇਆ ਗਿਆ। ਇਹਨਾਂ ਸਾਰੀਆਂ ਕਹਾਣੀਆਂ ਵਿਚ ਬਹੁਤ ਕੁਝ ‘ਅਣਕਿਹਾ’ ਹੀ ਰਹਿ ਗਿਆ। ਅਰਤਿੰਦਰ ਸੰਧੂ ਨੇ ਕੁੱਜੇ ਵਿਚ ਸਮੁੰਦਰ ਬੰਦ ਕਰ ਕੇ ਇਹ ਕਹਾਣੀਆਂ ਪਾਠਕਾਂ ਤਕ ਪਹੁੰਚਾਉਣ ਦਾ ਸਲਾਘਾਯੋਗ ਕਾਰਜ ਕੀਤਾ ਹੈ। ਪਾਠਕ ਇਸ ਪੁਸਤਕ ਦੀ ਸੰਵੇਦਨਾ ਨੂੰ ਜ਼ਰੂਰ ਲਾਹਾ ਲੈਣਗੇ। ਪੁਸਤਕ ਦੀ ਕੀਮਤ 400/-, ਪੰਨੇ 156 ਤੇ ਇਸ ਨੂੰ ਵਨਯੁਗ ਪਬਲਿਸ਼ਰਜ਼, ਨਵੀਂ ਦਿੱਲੀ ਵੱਲੋਂ ਪ੍ਰਕਾਸਤ ਕੀਤਾ ਗਿਆ ਹੈ।