Book Review : ਪਾਕਿਸਤਾਨੀ ਸਾਹਿਤਕਾਰਾਂ ਨੇ ਹਿੰਦੁਸਤਾਨ ਵਿੱਚ ਆਪਣੀ ਚੰਗੀ ਪਛਾਣ ਬਣਾਈ ਹੈ। ਲਹਿੰਦੇ ਪੰਜਾਬ ਦੀ ਸ਼ਾਇਰੀ ਨੂੰ ਚੜ੍ਹਦੇ ਪੰਜਾਬ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ ਜੋ ਕਿ ਚੰਗੀ ਗੱਲ ਵੀ ਹੈ। ਹੱਥਲੀ ਸੰਗ੍ਰਹਿ ‘ਹੋਰ ਮੁਹੱਬਤ ਨਹੀਂ ਕਰਨੀ’ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਸਗੀ਼ਰ ਤਬੱਸੁਮ ਦੀਆਂ ਰਚਨਾਵਾਂ ਦਾ ਮਹਿਕਾਂ ਬਿਖੇਰਦਾ ਗੁਲਦਸਤਾ ਹੈ।
ਪੁਸਤਕ : ਹੋਰ ਮੁਹੱਬਤ ਨਈਂ ਕਰਨੀ
ਸ਼ਾਇਰ : ਸਗੀ਼ਰ ਤਬੱਸੁਮ
ਸੰਪਾਦਕ : ਸ਼ਹਿਬਾਜ਼ ਖ਼ਾਨ
ਪੰਨੇ : 132, ਮੁੱਲ : 275 ਰੁ.
ਪ੍ਰਕਾਸ਼ਕ : ਕੈਫੇ ਵਰਲਡ ਪਬਲੀਕੇਸ਼ਨ, ਬਠਿੰਡਾ।
ਪਾਕਿਸਤਾਨੀ ਸਾਹਿਤਕਾਰਾਂ ਨੇ ਹਿੰਦੁਸਤਾਨ ਵਿੱਚ ਆਪਣੀ ਚੰਗੀ ਪਛਾਣ ਬਣਾਈ ਹੈ। ਲਹਿੰਦੇ ਪੰਜਾਬ ਦੀ ਸ਼ਾਇਰੀ ਨੂੰ ਚੜ੍ਹਦੇ ਪੰਜਾਬ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ ਜੋ ਕਿ ਚੰਗੀ ਗੱਲ ਵੀ ਹੈ। ਹੱਥਲੀ ਸੰਗ੍ਰਹਿ ‘ਹੋਰ ਮੁਹੱਬਤ ਨਹੀਂ ਕਰਨੀ’ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਸਗੀ਼ਰ ਤਬੱਸੁਮ (Sagir Tabassum) ਦੀਆਂ ਰਚਨਾਵਾਂ ਦਾ ਮਹਿਕਾਂ ਬਿਖੇਰਦਾ ਗੁਲਦਸਤਾ ਹੈ। ਇਨ੍ਹਾਂ ਰਚਨਾਵਾਂ ਦਾ ਪੰਜਾਬੀ ਵਿੱਚ ਲਿਪੀਅੰਤਰਣ ਨਾਮਵਰ ਸ਼ਾਇਰ ਸ਼ਹਿਬਾਜ਼ ਖ਼ਾਨ (Shahbaz Khan) ਨੇ ਕੀਤਾ ਹੈ ਕਿਉਂਕਿ ਸ਼ਹਿਬਾਜ਼ ਖ਼ੁਦ ਇੱਕ ਚੰਗਾ ਸ਼ਾਇਰ ਹੈ ਤੇ ਸ਼ਾਇਰੀ ਦੀ ਤਾਸੀਰ ਨੂੰ ਸਮਝਦਾ ਹੈ ਇਸ ਲਈ ਉਸਨੇ ਇਸ ਪੁਸਤਕ ਦੀਆਂ ਰਚਨਾਵਾਂ ਦਾ ਉਲੱਥਾ ਕਰਦਿਆਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਹੈ ਕਿ ਰਚਨਾ ਦਾ ਮੂਲ ਸਰੂਪ ਨਾ ਵਿਗੜੇ। ਇਹੀ ਕਾਰਨ ਹੈ ਕਿ ਪਾਠਕ ਨੂੰ ਪੁਸਤਕ ਪੜ੍ਹਦਿਆਂ ਰਚਨਾ ਦੇ ਮੂਲ ਰਸ ਨੂੰ ਮਾਨਣ ਦਾ ਅਨੰਦ ਮਿਲਦਾ ਹੈ। 132 ਸਫ਼ਿਆਂ ਦੀ ਇਸ ਪੁਸਤਕ ਵਿੱਚ ਕਵਿਤਾ ਦੀਆਂ ਵੱਖੋ ਵੱਖਰੀਆਂ ਵੰਨਗੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਵਿੱਚ ਗ਼ਜ਼ਲ, ਨਜ਼ਮ, ਨਸਰੀ ਨਜ਼ਮ, ਗੀਤ, ਜਾਪਾਨੀ ਸਿਨਫ਼ ਹਾਇਕੂ ਬੋਲੀਆਂ, ਟੱਪੇ ਆਦਿ ਸ਼ਾਮਿਲ ਹਨ।
ਹੰਝੂ ਬੀਜ ਕੇ ਨਜ਼ਮਾਂ ਕੱਢੀਆਂ।
ਨਜ਼ਮਾਂ ਵਿੱਚੋਂ ਹਾਸੇ
ਜਿੱਧਰੋਂ ਬਾਂਗ ਇਸ਼ਕ ਦੀ ਆਈ
ਟੁਰ ਪਏ ਉਸੇ ਪਾਸੇ
ਸਗੀ਼ਰ ਦੀ ਕਲਮ ਪਿਆਰ ਮੁਹੱਬਤ ਦੇ ਅਹਿਸਾਸਾਂ (Feelings of love) ਨੂੰ ਬੇਹੱਦ ਪਾਕੀਜਾ ਤੇ ਪਾਏਦਾਰ ਤਰੀਕੇ ਨਾਲ ਪੇਸ਼ ਕਰਦੀ ਹੈ। ਉਹ ਮੁਹੱਬਤ ਦਾ ਸ਼ਾਇਰ ਹੈ। ਉਸ ਦੀਆਂ ਰਚਨਾਵਾਂ ਵਿੱਚ ਮੁਹੱਬਤੀ ਰੰਗਤ ਪ੍ਰਮੁੱਖਤਾ ਨਾਲ ਦੇਖਣ ਨੂੰ ਮਿਲਦੀ ਹੈ।
ਕੁਝ ਨਹੀਂ ਬਚਿਆ ਸੀਨੇ ਅੰਦਰ,
ਬਸ ਇਕ ਤੇਰਾ ਪਿਆਰ ਹੈ ਬਾਕੀ।
ਇੱਕ ਹੋਰ ਸ਼ਿਅਰ ਹੈ -
ਇਹੋ ਸੋਚ ਕੇ ਇਸ਼ਕ
ਸਮੁੰਦਰੇ ਡੁੱਬਿਆ ਸਾਂ,
ਉਸਦੀ ਬਸਤੀ ਨਾਲ
ਕਿਨਾਰਾ ਲੱਗਦਾ ਹੈ।
ਸਗੀ਼ਰ ਦੀ ਸ਼ਾਇਰੀ ਦਾ ਘੇਰਾ ਵਸੀਹ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਕਈ ਵਿਸ਼ਿਆਂ ਨੂੰ ਛੋਂਹਦਾ ਹੈ। ਉਸਦੀ ਸਰਲ, ਸਾਦੀ, ਸੰਜੀਦਾ ਤੇ ਠੇਠ ਪੰਜਾਬੀ ਪਾਠਕਾਂ ਨੂੰ ਕੀਲਣ ਦਾ ਕੰਮ ਕਰਦੀ ਹੈ। ਖਿਆਲਾਂ ਵਿੱਚ ਨਵੀਨਤਾ ਤੇ ਪਰਵਾਜ਼ ਉਸਨੂੰ ਇੱਕ ਵੱਡਾ ਸ਼ਾਇਰ ਬਣਾਉਂਦੇ ਹਨ। ਸੰਪਾਦਕ ਸਾਰੀਆਂ ਰਚਨਾਵਾਂ ਦਾ ਮਿਲਗੋਭਾ ਨਾ ਬਣਾ ਕੇ ਜੇਕਰ ਰਚਨਾਵਾਂ ਦਾ ਵਰਗੀਕਰਣ ਕਰ ਕੇ ਛਾਪਦਾ ਤਾਂ ਮੈਂ ਸਮਝਦਾ ਹੋਰ ਚੰਗਾ ਸੀ।
- ਫੈਸਲ ਖਾਨ