Book Review : ਪੇਂਡੂ ਭਾਈਚਾਰਕ ਸਾਂਝ ਅਤੇ ਸੱਭਿਆਚਾਰ ਦੀਆਂ ਮਹੀਨ ਤੰਦਾਂ ਨੂੰ ਉਭਾਰਦਾ ਕਹਾਣੀ ਸੰਗ੍ਰਹਿ ‘ਪਿੰਡ ਦੀ ਕਰਾਮਾਤ’
ਕਿਰਪਾਲ ਕੌਰ ਦਾ ਹੱਥਲਾ ਕਹਾਣੀ ਸੰਗ੍ਰਹਿ ਪੰਜਾਬ ਦੀ ਪੇਂਡੂ ਭਾਈਚਾਰਕ ਸਾਂਝ ਅਤੇ ਸੱਭਿਆਚਾਰ ਦੀਆਂ ਮਹੀਨ ਤੰਦਾਂ ਨੂੰ ਉਭਾਰਦਾ ਹੈ। ਕਹਾਣੀਆਂ ਦਾ ਵਿਸ਼ਾ-ਵਸਤੂ ਆਪਸੀ ਸਾਂਝਾਂ ਅਤੇ ਕਿਸੇ ਸਮੱਸਿਆ ਦਾ ਮਿਲ ਕੇ ਹੱਲ ਕੱਢਣ ਦੀ ਜੁਗਤਾਂ ਹਨ। ਇਸ ਪੁਸਤਕ ਵਿਚ ਚੌਦਾਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
Publish Date: Sat, 17 Jun 2023 10:40 AM (IST)
Updated Date: Sun, 18 Jun 2023 06:00 AM (IST)

ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ।
ਕਿਰਪਾਲ ਕੌਰ ਦਾ ਹੱਥਲਾ ਕਹਾਣੀ ਸੰਗ੍ਰਹਿ ਪੰਜਾਬ ਦੀ ਪੇਂਡੂ ਭਾਈਚਾਰਕ ਸਾਂਝ ਅਤੇ ਸੱਭਿਆਚਾਰ ਦੀਆਂ ਮਹੀਨ ਤੰਦਾਂ ਨੂੰ ਉਭਾਰਦਾ ਹੈ। ਕਹਾਣੀਆਂ ਦਾ ਵਿਸ਼ਾ-ਵਸਤੂ ਆਪਸੀ ਸਾਂਝਾਂ ਅਤੇ ਕਿਸੇ ਸਮੱਸਿਆ ਦਾ ਮਿਲ ਕੇ ਹੱਲ ਕੱਢਣ ਦੀ ਜੁਗਤਾਂ ਹਨ। ਇਸ ਪੁਸਤਕ ਵਿਚ ਚੌਦਾਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਪਿੰਡ ’ਚ ਡਾਕਟਰੀ ਸਹੂਲਤਾਂ ਦੀ ਅਣਹੋਂਦ ਕਾਰਨ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਬਜ਼ੁਰਗਾਂ ਵਲੋਂ ਪਰਵਾਸੀ ਭਾਰਤੀਆਂ ਦੀ ਮਦਦ ਨਾਲ ਕੀਤੇ ਗਏ ਸਾਰਥਿਕ ਯਤਨਾਂ ਦੀ ਕਹਾਣੀ ਹੈ। ਕਹਾਣੀ ਬਹੁਤ ਸਹਿਜਤਾ ਨਾਲ ਅੱਗੇ ਵਧਦੀ ਆਪਣੇ ਸਿਖ਼ਰ ’ਤੇ ਪਹੁੰਚਦੀ ਹੈ।
‘ਕਹਾਣੀ ਪੂਰੀ ਹੋ ਗਈ’ ਦੇਸ਼ ਵੰਡ ਦੀ ਕਥਾ ਬਿਆਨਦੀ ਹੈ। ਵੰਡ ਸਮੇਂ ਆਪਸੀ ਸਾਂਝਾਂ ਦੀ ਪਈਆਂ ਵੰਡੀਆਂ ਅਤੇ ਕਈ ਵਰ੍ਹਿਆਂ ਫਿਰ ਇਕ ਦੂਜੇ ਨੂੰ ਮਿਲਣ ਦੀ ਆਸ ’ਚ ਧੜਕਦੀ ਜ਼ਿੰਦਗੀ ਆਪਣੀ ਕਹਾਣੀ ਕਹਿ ਜਾਂਦੀ ਹੈ। ਲੇਖਕਾ ਨੇ ਦੇਸ਼ ਵੰਡ ਦੀ ਤਸਵੀਰਕਸ਼ੀ ਇੰਜ ਕੀਤੀ ਹੈ- ਆਜ਼ਾਦੀ ਦੀਆਂ ਖ਼ੁਸ਼ੀਆਂ ਤਾਂ ਕਿਸੇ ਮਨਾਈਆਂ ਹੀ ਨਹੀਂ, ਨਾਲ ਹੀ ਕਤਲੇਆਮ ਸ਼ੁਰੂ ਹੋ ਗਿਆ। ਲਾਸ਼ਾਂ ਦੀਆਂ ਭਰੀਆਂ ਗੱਡੀਆਂ ਦੋਨੋਂ ਪਾਸੇ ਜਾਂਦੀਆਂ ਤੇ ਦਰਿਆਵਾਂ ਦਾ ਪਾਣੀ ਲਾਲ ਹੋ ਗਿਆ।’ ਦਿ੍ਰਸ਼ ਕਿੰਨਾ ਦਿਲ ਕੰਬਾਊ ਹੈ। ਕਹਾਣੀਕਾਰਾ ਨੇ ਇਸ ਨੂੰ ਜਿੰਨੀ ਸਹਿਜਤਾ ਨਾਲ ਬਿਆਨਿਆ ਹੈ ਦਰਦ ਦੀ ਚੀਸ ਓਨੀ ਹੀ ਡੂੰਘੀ ਹੈ। ‘ਕਾਠ ਕੱਫਨ’ ਗ਼ੁਰਬਤ ਦਾ ਮਾਰੇ ਆਦਮੀ ਦੀ ਬੇਵਸੀ ਅਤੇ ਲਾਚਾਰੀ ਦੀ ਕਹਾਣੀ ਹੈ ਜੋ ਆਪਣੀ ਦੁਨੀਆ ਛੱਡ ਗਈ ਪਤਨੀ ਲਈ ਕੱਫਨ ਵੀ ਨਹੀਂ ਖ਼ਰੀਦ ਸਕਦਾ। ਕਹਾਣੀ ਦਾ ਸਿਖ਼ਰ ਉਦੋਂ ਹੁੰਦਾ ਹੈ ਜਦੋਂ ਪਤੀ ਕਹਿੰਦਾ ਹੈ, ਸੰਧੂਰ ਪਾਉਣ ਦਾ ਅਰਥ ਹੋਵੇਗਾ ਕਿ ਅਗਲੇ ਜਨਮ ਵਿਚ ਵੀ ਮੈਂ ਇਸ ਦਾ ਪਤੀ ਬਣਾ। ਨਾ ਜੀ ਮੈਂ ਇਸ ਦੇ ਅਗਲੇ ਜਨਮ ਲਈ ਵੀ ਆਪਣੀ ਕੰਗਾਲੀ ਇਸ ਦੇ ਲੜ ਬੰਨ੍ਹ ਕੇ ਨਹੀਂ ਭੇਜਣੀ। ਪੁਸਤਕ ਦੀਆਂ ਕਹਾਣੀ ਆਕਾਰ ਪੱਖੋਂ ਛੋਟੀਆਂ ਪਰ ਵੱਡੇ ਸੁਨੇਹੇ ਵਾਲੀਆਂ ਹਨ। ਇਨ੍ਹਾਂ ਕਹਾਣੀਆਂ ’ਚ ਬਹੁਤ ਸ਼ਿਲਪਕਾਰੀ ਨਹੀਂ ਬਸ ਕਹਾਣੀ ਆਪਣੇ ਸਹਿਜ ਅੰਦਾਜ਼ ਪੇਸ਼ ਹੋਈ ਹੈ। ਲੇਖਕਾ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਨੀਝ ਨਾਲ ਦੇਖਦਿਆਂ ਕਹਾਣੀਆਂ ਬੁਣੀਆਂ ਹਨ ਜੋ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀਆਂ ਹਨ।
- ਰਿੰਪੀ