ਕਮਲਜੀਤ ਸਿੰਘ ਬਨਵੈਤ ਅਖ਼ਬਾਰਾਂ ਤੇ ਟੀਵੀ ’ਚ ਕਈ ਅਹੁਦਿਆਂ ’ਤੇ ਸੇਵਾ ਨਿਭਾ ਚੁੱਕਿਆ ਪ੍ਰੋੜ੍ਹ ਪੱਤਰਕਾਰ ਹੈ। ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਪੱਤਰਕਾਰ’ ਪੁਰਸਕਾਰ ਪ੍ਰਾਪਤ ਹੈ। ਉਹ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਵੀ ਹੈ। ਉਸ ਨੇ ਹੁਣ ਤਕ 14 ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿਚ ਦੋ ਕਹਾਣੀ-ਸੰਗ੍ਰਹਿ ਹਨ ਤੇ ਦੋ ਪੁਸਤਕਾਂ ‘ਸਿੱਖ ਸਿਆਸਤ’ ਦੁਆਲੇ ਘੁੰਮਦੀਆਂ ਹਨ।

ਪੁਸਤਕ - ਸਿੱਖ ਸਿਆਸਤ ਨੂੰ ਸਿਉਂਕ
ਲੇਖਕ - ਕਮਲਜੀਤ ਸਿੰਘ ਬਨਵੈਤ
ਸਫ਼ੇ 164, ਮੁੱਲ 240 ਰੁਪਏ
ਪ੍ਰਕਾਸ਼ਨ -ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਕਮਲਜੀਤ ਸਿੰਘ ਬਨਵੈਤ ਅਖ਼ਬਾਰਾਂ ਤੇ ਟੀਵੀ ’ਚ ਕਈ ਅਹੁਦਿਆਂ ’ਤੇ ਸੇਵਾ ਨਿਭਾ ਚੁੱਕਿਆ ਪ੍ਰੋੜ੍ਹ ਪੱਤਰਕਾਰ ਹੈ। ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਪੱਤਰਕਾਰ’ ਪੁਰਸਕਾਰ ਪ੍ਰਾਪਤ ਹੈ। ਉਹ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਵੀ ਹੈ। ਉਸ ਨੇ ਹੁਣ ਤਕ 14 ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿਚ ਦੋ ਕਹਾਣੀ-ਸੰਗ੍ਰਹਿ ਹਨ ਤੇ ਦੋ ਪੁਸਤਕਾਂ ‘ਸਿੱਖ ਸਿਆਸਤ’ ਦੁਆਲੇ ਘੁੰਮਦੀਆਂ ਹਨ। ਹੱਥਲੀ ਪੁਸਤਕ ‘ਸਿੱਖ ਸਿਆਸਤ ਨੂੰ ਸਿਉਂਕ’ ਉਸ ਦੀ ਤਾਜ਼ਾ ਰਾਜਸੀ ਪੱਤਰਕਾਰੀ ਵਾਲੇ ਲੇਖਾਂ ਦਾ ਸੰਗ੍ਰਹਿ ਹੈ। ਇਸ ਵਿਚ ਕੁੱਲ 39 ਨਿਬੰਧ ਹਨ। ਇਨ੍ਹਾਂ ਵਿੱਚੋਂ 35 ਲੇਖ ਅਕਾਲੀ ਸਿਆਸਤ ਦੁਆਲੇ ਘੁੰਮਦੇ ਹਨ ਤੇ ਇਸ ਦੇ ਨਿਘਾਰ ਵੱਲ ਜਾਣ ਦੀਆਂ ਘਟਨਾਵਾਂ ਸੰਬੰਧੀ ਹਨ। ਚਾਰ ਲੇਖ ਰਾਜਸੀ ਪਾਰਟੀਆਂ ਵੱਲੋਂ ‘ਮੁਫ਼ਤ ਦੇਣ’, ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਫੜਨ ਤੇ ਕੁਝ ਨੂੰ ਨੋਟਿਸ ਦੇਣ, ਸਿਆਸੀ ਪਾਰਟੀਆਂ ਤੇ ਕਿਸਾਨ ਅਤੇ ਪੰਜਾਬ ਵਿਚ ਹੜ੍ਹਾਂ ਦੀ ਮਾਰ ਬਾਰੇ ਹਨ।
ਅਕਾਲੀ ਸਿਆਸਤ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਲਈ ਇਹ ਪੁਸਤਕ ਪੜ੍ਹਨ ਵਾਲੀ ਹੈ। ਭਾਵੇਂ ਘਟਨਾਵਾਂ ਅਜੋਕੇ ਸਾਲਾਂ ਦੌਰਾਨ ਵਾਪਰਣ ਕਰਕੇ ਕਾਫ਼ੀ ਕੁਝ ਵਾਰ-ਵਾਰ ਆਇਆ ਹੈ ਅਤੇ ਕਈ ਲੇਖਾਂ ਦੇ ਸਿਰਲੇਖ ਦਾ ਪੂਰੇ ਨਿਬੰਧ ਵਿਚ ਜੁਆਬ ਵੀ ਨਹੀਂ ਮਿਲਦਾ। ਪਾਠਕ ਸੋਚੀਂ ਪੈ ਜਾਂਦਾ ਹੈ ਪਰ ਇਹ ਪੱਤਰਕਾਰੀ ਦਾ ਕੰਮ ਹੈ ਅਜਿਹੇ ਅਣਕਹੇ ਸਵਾਲ ਆਪਣੇ ਲੇਖਾਂ ਦੇ ਵਿਸ਼ੇ ਬਣਾਉਣਾ। ਲੇਖਕ ਬਨਵੈਤ ਕਾਫ਼ੀ ਅਨੁਭਵੀ ਪੱਤਰਕਾਰ ਹੈ ਪਰੰਤੂ ਉਸ ਦੀ ਕਲਮ ਕਈ ਵਾਰ ਇਕ ਪਾਸੜ ਸੋਚ ਰੱਖਦੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਭਾਰਤ ਸਰਕਾਰ ਦਾ ਕਾਰਜ ਹੈ, ਇਸ ਸੰਬੰਧੀ ਅਕਾਲੀਆਂ ’ਤੇ ਸ਼ੱਕ-ਸੁਬ੍ਹਾ ਠੀਕ ਨਹੀਂ। ਏਵੇਂ ਹੀ ਜਥੇਦਾਰ ਸਾਹਿਬਾਨ ’ਤੇ ਲੱਗ ਰਹੇ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਸੁਖਬੀਰ ਸਿੰਘ ’ਤੇ ਹਮਲੇ ਨੂੰ ਗ਼ਲਤ ਕਹਿਣਾ ਉਸ ਦੀ ਨਿਰਪੱਖਤਾ ਨੂੰ ਦਰਸਾਉਂਦਾ ਹੈ। ਸਿੱਖਾਂ ਦੇ ਰਾਜਸੀ ਪਿੜ ਤੇ ‘ਹਾਂਦਰੂ’ ਵਿਚਾਰ ਕਰਨ ਵਾਲੇ ਬਹੁਤ ਥੋੜ੍ਹੇ ਹਨ। ਲੇਖਕ ਤੋਂ ਹੋਰ ਸੰਤੁਲਿਤ ਨਿਬੰਧਾਂ ਦੀ ਉਡੀਕ ਰਹੇਗੀ।
- ਤੇਜਾ ਸਿੰਘ ਤਿਲਕ