ਅਮਰਜੀਤ ਸਿੰਘ ਜੀਤ ਦਾ ਗ਼ਜ਼ਲ ਸੰਗ੍ਰਹਿ ‘ਬਦਲਦੇ ਮੌਸਮਾਂ ਅੰਦਰ’ ਕੁਝ ਉਪਰੋਕਤ ਭਾਂਤ ਦੀ ਗ਼ਜ਼ਲਕਾਰੀ ਦੀ ਹੀ ਉਦਾਹਰਨ ਹੈ। ਅਮਰਜੀਤ ਸਿੰਘ ਜੀਤ ਦੀ ਇਸ ਕਾਵਿ-ਪੁਸਤਕ ਵਿਚ ਸਮਾਜਕ ਜੀਵਨ ਯਥਾਰਥ ਤੇ ਤਕਰੀਬਨ ਹਰੇਕ ਵਰਤਾਰੇ ਨੂੰ ਪੇਸ਼ ਕੀਤਾ ਗਿਆ ਹੈ ਜੋ ਅਜੋਕੀ ਮਨੁੱਖੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਰਿਹਾ ਹੈ।

ਪੁਸਤਕ : ਬਦਲਦੇ ਮੌਸਮਾਂ ਅੰਦਰ
ਕਵੀ : ਅਮਰਜੀਤ ਸਿੰਘ ਜੀਤ
ਪੰਨੇ : 100 ਮੁੱਲ : 175/-
ਪ੍ਰਕਾਸ਼ਕ : ਗੋਲਡ ਮਾਈਨ ਪਬਲੀਕੇੇਸ਼ਨਜ਼, ਬਠਿੰਡਾ।
ਗ਼ਜ਼ਲ ਨੂੰ ਆਮ ਤੌਰ ’ਤੇ ਮੁਹੱਬਤੀ ਪਲਾਂ ਨੂੰ ਪੇਸ਼ ਕਰਨ ਵਾਲੀ ਕਾਵਿ-ਰਚਨਾ ਕਿਹਾ ਜਾਂਦਾ ਰਿਹਾ ਹੈ ਅਤੇ ਪ੍ਰੰਪਰਿਕ ਤੌਰ ’ਤੇ ਗ਼ਜ਼ਲ ਦੀ ਪਰਿਭਾਸ਼ਾ ਵੀ ਕੁਝ ਇਸ ਤਰ੍ਹਾਂ ਹੀ ਨਿਰਧਾਰਤ ਕੀਤੀ ਜਾਂਦੀ ਰਹੀ ਹੈ। ਪਰ ਹੁਣ ਜਦੋਂ ਅਸੀਂ ਅਜੋਕੀ ਗ਼ਜ਼ਲ ਰਚਨਾ ਦੀ ਗੱਲ ਕਰਦੇ ਹਾਂ ਤਾਂ ਹੁਣ ਸਿਰਫ਼ ਤੇ ਸਿਰਫ਼ ਪਿਆਰ ਮੁਹੱਬਤ ਦੀਆਂ ਬਾਤਾਂ ਹੀ ਗ਼ਜ਼ਲ ਨਹੀਂ ਪਾਉਂਦੀ ਸਗੋਂ ਸਮਾਜਿਕ, ਆਰਥਿਕ, ਸਭਿਆਚਾਰਕ ਵਰਤਾਰਿਆਂ ਵਿਚ ਜੋ ਵਾਪਰਦਾ ਰਿਹਾ ਹੈ ਉਸ ਬਾਰੇ ਅਜੋਕੀ ਗ਼ਜ਼ਲ ਵਿਸਤਿ੍ਰਤ ਰੂਪ ਵਿਚ ਕਾਵਿ-ਰਚਨਾਵਾਂ ਪੇਸ਼ ਕਰ ਰਹੀ ਹੈ। ਅਮਰਜੀਤ ਸਿੰਘ ਜੀਤ ਦਾ ਗ਼ਜ਼ਲ ਸੰਗ੍ਰਹਿ ‘ਬਦਲਦੇ ਮੌਸਮਾਂ ਅੰਦਰ’ ਕੁਝ ਉਪਰੋਕਤ ਭਾਂਤ ਦੀ ਗ਼ਜ਼ਲਕਾਰੀ ਦੀ ਹੀ ਉਦਾਹਰਨ ਹੈ। ਅਮਰਜੀਤ ਸਿੰਘ ਜੀਤ ਦੀ ਇਸ ਕਾਵਿ-ਪੁਸਤਕ ਵਿਚ ਸਮਾਜਕ ਜੀਵਨ ਯਥਾਰਥ ਤੇ ਤਕਰੀਬਨ ਹਰੇਕ ਵਰਤਾਰੇ ਨੂੰ ਪੇਸ਼ ਕੀਤਾ ਗਿਆ ਹੈ ਜੋ ਅਜੋਕੀ ਮਨੁੱਖੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਰਿਹਾ ਹੈ। ਅੱਗੇ ਵਧਣ ਦੀ ਦੌੜ ਨੇ ਸਾਵੀਂ ਪੱਧਰੀ ਜ਼ਿੰਦਗੀ ਵਿਚ ਖਲਲ ਪਾਇਆ ਹੋਇਆ। ਇਖ਼ਲਾਕੀ ਤੌਰ ’ਤੇ ਮਨੁੱਖੀ ਸੋਚ ਨਿਘਾਰ ਵੱਲ ਜਾ ਰਹੀ ਹੈ ਜਿਵੇਂ ਉਹ ਲਿਖਦਾ ਹੈ-
ਪੁਰਾਣੇ ਰੁੱਖ ਨਈਂ ਦਿਸਦੇ
ਨਵਾਂ ਹੈ ਵਰਤਿਆ ਭਾਣਾ,
ਅਜੋਕੇ ਦੌਰ ਦੇ ਅੰਦਰ,
ਬੜਾ ਕੁਝ ਗੁੰਮ ਹੋ ਜਾਣਾ
ਖੜੇ੍ਹ ਨੇ ਸਾਧ ਕਟਹਿਰੇ ਵਿਚ
ਤੇ ਕੁਰਸੀ ਚੋਰ ਮੱਲ ਬੈਠੇ
ਨਿਆਰਾ ਦਿਖ ਰਿਹੈ ਮੰਜ਼ਰ
ਤੇ ਆਲਮ ਜਾਪਦੈ ਕਾਣਾ।
ਪਰ ਕਵੀ ਦੀ ਕਵਿਤਾ ਆਸ ਦੀ ਕਵਿਤਾ ਹੈ ਉਹ ਚਾਹੁੰਦਾ ਹੈ ਕਿ ਭਾਵੇਂ ਚਾਰ ਚੁਫੇਰੇ ਹਨੇਰਗਰਦੀ ਫੈਲੀ ਹੋਈ ਹੈ ਪਰ ਜ਼ਿੰਦਗੀ ਵਿਚ ਰਸ ਭਰਨ ਲਈ ਮਨੁੱਖਾਂ ਨੂੰ ਮਨੁੱਖੀ ਸਾਂਝ ਵਿਚ ਬੱਝੇ ਰਹਿਣਾ ਚਾਹੀਦਾ ਹੈ-
ਕਦਮ ਵਧਾ ਤੂੰ ਆਵੇ ਕੁਝ ਕੁ
ਮੈਂ ਵੀ ਕਦਮ ਵਧਾਵਾਂ
ਲੈ ਕੇ ਪਿਆਰ ਦਿਲਾਂ ਦੇ ਅੰਦਰ
ਵਧੀਏ ਹੋਰ ਅਗੇਰੇ।
-ਸਭ ਨੂੰ ਸਕੂਨ ਦੇਵੇ
ਐਸਾ ਗੀਤ ਨੂੰ ਗਾ
ਕਰ ਦੇਵੇ ਦਿਲਾਂ ਨੂੰ ਨੇੜੇ ਐਸਾ ਗੀਤ ਤੂੰ ਗਾ।
ਕਵੀ ਗ਼ਜ਼ਲਾਂ ’ਚ ਇਸ ਪੱਖੋਂ ਸੁਚੇਤ ਕਾਵਿ-ਅਨੁਭਵ ਪੇਸ਼ ਕਰਦਾ ਹੈ। ਉਨ੍ਹਾਂ ਤਾਕਤਾਂ ਦੀ ਸ਼ਨਾਖ਼ਤ ਕਰਨੀ ਜ਼ਰੂਰੀ ਹੈ ਜੋ ਮਨੁੱਖਤਾ ਨੂੰ ਢਾਅ ਲਾ ਰਹੀਆਂ ਹਨ ਪਰ ਕਵੀ ਦੀ ਸ਼ੁਭ ਇੱਛਾ ਇਹ ਹੈ ਕਿ ਝੱਖੜ ’ਚ ਵੀ ਦੀਪ ਬਾਲਣੇ ਨੇ ਤਾਂ ਜ਼ਿੰਦਗੀ ਜਗਮਗਾਉਂਦੀ ਰਹੇਗੀ।
- ਸਰਦੂਲ ਸਿੰਘ ਔਜਲਾ