ਸਾਹਿਤ ਦੇ ਖੇਤਰ ’ਚ ਸੀ ਮਾਰਕੰਡਾ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਦੀ ਕਲਮ ਨੇ ਹੁਣ ਤਕ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਨੂੰ ਸਿਰਜਿਆ ਹੈ, ਜਿਸ ਵਿਚ ਕਾਵਿ ਸੰਗ੍ਰਹਿ, ਸਫ਼ਰਨਾਮੇ, ਸ਼ਬਦ ਚਿੱਤਰ, ਸਾਹਿਤਕ ਆਲੋਚਨਾ,ਅਨੁਵਾਦ ਅਤੇ ਸੰਪਾਦਨਾ ਆਦਿ ਹਨ। ਹੱਥਲੀ ਪੁਸਤਕ ‘ਕਈ ਜੁਗਨੂੰ ਕਈ ਤਾਰੇ’ ਨਾਂ ਦੇ ਸਿਰਲੇਖ ਹੇਠ ਉਨ੍ਹਾਂ ਦੀ ‘ਰੇਖਾ ਚਿੱਤਰਾਂ’ ਦੀ ਪੁਸਤਕ ਹੈ।
ਪੁਸਤਕ - ਕਈ ਜੁਗਨੂੰ ਕਈ ਤਾਰੇ (ਲੇਖ ਸੰਗ੍ਰਹਿ)
ਲੇਖਕ - ਸੀ ਮਾਰਕੰਡਾ
ਸਫ਼ੇ- 143, ਮੁੱਲ - 300 ਰੁਪਏ
ਪ੍ਰਕਾਸ਼ਨ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਸਾਹਿਤ ਦੇ ਖੇਤਰ ’ਚ ਸੀ ਮਾਰਕੰਡਾ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਦੀ ਕਲਮ ਨੇ ਹੁਣ ਤਕ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਨੂੰ ਸਿਰਜਿਆ ਹੈ, ਜਿਸ ਵਿਚ ਕਾਵਿ ਸੰਗ੍ਰਹਿ, ਸਫ਼ਰਨਾਮੇ, ਸ਼ਬਦ ਚਿੱਤਰ, ਸਾਹਿਤਕ ਆਲੋਚਨਾ,ਅਨੁਵਾਦ ਅਤੇ ਸੰਪਾਦਨਾ ਆਦਿ ਹਨ। ਹੱਥਲੀ ਪੁਸਤਕ ‘ਕਈ ਜੁਗਨੂੰ ਕਈ ਤਾਰੇ’ ਨਾਂ ਦੇ ਸਿਰਲੇਖ ਹੇਠ ਉਨ੍ਹਾਂ ਦੀ ‘ਰੇਖਾ ਚਿੱਤਰਾਂ’ ਦੀ ਪੁਸਤਕ ਹੈ। ਪੁਸਤਕ ’ਚ ਲੇਖਕ ਨੇ ਇਸ ਮਾਲਵਾ ਖੇਤਰ ਦੀਆਂ ਖ਼ਾਸ ਸ਼ਖ਼ਸੀਅਤਾਂ ਦੇ ਜੀਵਨ ਖੇਤਰ ’ਚ ਪਾਏ ਵਿਸ਼ੇਸ਼ ਯੋਗਦਾਨ ਨੂੰ ਧੁਰਾ ਮੰਨ ਕੇ ਆਪਣੇ ਮਿੱਥੇ ਗੋਲ ਤਕ ਪਹੁੰਚਣ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਲੇਖਕ ਦੀ ਇਕ ਹੋਰ ਖ਼ਾਸੀਅਤ ਹੈ ਕਿ ਉਹ ਬਰਨਾਲਾ ਦੇ ਸੀਨੀਅਰ ਪੱਤਰਕਾਰ ਵੀ ਹਨ, ਜਿਸ ਸਦਕਾ ਉਨ੍ਹਾਂ ਕੋਲ ਇਸ ਕਿਤਾਬ ਵਿਚ ਸਿਰਜੇ ਗਏ ਰੇਖਾ ਚਿੱਤਰਾਂ ਦੇ ਹੀਰੋ ਪਾਤਰਾਂ ਦੀ ਸਟੀਕ ਜਾਣਕਾਰੀ ਹੈ। ਲੇਖਕ ਪੰਜਾਬ ’ਚ ਸਮੇਂ-ਸਮੇਂ ਪੈਦਾ ਹੋਈਆਂ ਪ੍ਰਗਤੀਵਾਦੀ ਤੇ ਸਿਧਾਂਤਵਾਦੀ ਲੋਕ ਲਹਿਰਾਂ ਤੋਂ ਵੀ ਅਛੂਤੇ ਨਹੀਂ ਰਹੇ ਪਰ ਉਨ੍ਹਾਂ ਨੇ ਆਪਣੇ ਰਚਨਾ ਸੰਸਾਰ ਵਿਚ ਨਿਰ੍ਹੇ ਸਿਧਾਂਤ ਨੂੰ ਵੀ ਭਾਰੂ ਨਹੀਂ ਪੈਣ ਦਿੱਤਾ। ਇਸੇ ਕਰਕੇ ਉਨ੍ਹਾਂ ਦੇ ਇਹ ਰੇਖਾ ਚਿੱਤਰ ਆਮ ਪਾਠਕ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਰੌਚਕ ਵੀ ਲੱਗਦੇ ਹਨ। ਸੇਵਾ ਸਿੰਘ ਠੀਕਰੀਵਾਲਾ ਦਾ ਰੇਖਾ ਚਿੱਤਰ ਪਾਠਕਾਂ ’ਚ ਸਮਾਜ ਸੁਧਾਰਕ ਤੇ ਧਾਰਮਿਕ ਜੋਸ਼ ਭਰਨ ਦੇ ਨਾਲ-ਨਾਲ ਉਸ ਦੇ ਪਰਿਵਾਰ ਤੇ ਜੀਵਨ ਬਾਰੇ ਵੀ ਜਾਣਕਾਰੀ ਭਰਪੂਰ ਹੈ। ਦੇਸ਼ ਭਗਤ ਬਾਬਾ ਹੀਰਾ ਸਿੰਘ ਭੱਠਲ ਆਜ਼ਾਦੀ ਦੇ ਉਨ੍ਹਾਂ ਘੁਲਾਟੀਆਂ ਦੇ ਵਿੱਚੋਂ ਇਕ ਸਨ, ਜਿਨ੍ਹਾਂ ਨੇ ਉਸ ਸਮੇਂ ਦੀਆਂ ਦੇਸ਼ ਦੀਆਂ ਦੇਸੀ ਰਿਆਸਤਾਂ ਵਿਚ ਅੰਗਰੇਜ਼ਸ਼ਾਹੀ ਦੀ ਦਖ਼ਲ-ਅੰਦਾਜ਼ੀ ਤੇ ਉਨ੍ਹਾਂ ਦੇ ਮੁਖ਼ਬਰਾਂ ਨੂੰ ਵਾਹਣੀ ਪਾਈ ਰੱਖਿਆ। ਇਸੇ ਤਰ੍ਹਾਂ ਹੀ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ, ਰਾਜਨੀਤੀ ਦਾ ਵੱਡਾ ਨਾਂ ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ, ਗੋਬਿੰਦ ਸਿੰਘ ਕਾਂਝਲਾ ਆਦਿ ਸਿਆਸਤਦਾਨਾ ਬਾਰੇ ਲੇਖਕ ਨੇ ਬੜਾ ਨਿੱਠ ਕੇ ਲਿਖਿਆ ਹੈ।
ਇਸ ਪੁਸਤਕ ਵਿਚ ਲੇਖਕ ਨੇ ‘ਦੀਰਘ ਆਯੂ ਦਾ ਧਾਰਨੀ ਰਿਸ਼ੀ ਮਾਰਕੰਡਯ’ ਬਾਰੇ ਮਿਥਿਹਾਸ ਜਾਣਕਾਰੀ ਪਾਠਕਾਂ ਲਈ ਸਿਰਜੀ ਹੈ, ਜੋ ਉਨ੍ਹਾਂ ਦੀ ਦਿਲਚਸਪੀ ਵੀ ਵਧਾਉਂਦੀ ਹੈ। ‘ਮਾਲਵੇ ਦੀ ਸੱਗੀ ਮਾਤਾ ਹਰਨਾਮ ਕੌਰ ਭੱਠਲ’ ਦਾ ਰੇਖਾ ਚਿੱਤਰ ਲਿਖ ਕੇ ਕਿਤਾਬ ਨੂੰ ਹੋਰ ਵੀ ਖ਼ੂਬਸੂਰਤੀ ਬਖ਼ਸ਼ੀ ਹੈ। ਦਰਵੇਸ਼ ਫ਼ਕੀਰ ਸੰਤ ਅਤਰ ਸਿੰਘ ਬਾਰੇ ਖੋਜ ਭਰਪੂਰ ਲਿਖਣਾ ਇਸ ਕਿਤਾਬ ਦੀ ਆਪਣੀ ਸੁੰਦਰਤਾ ਹੈ। ਕਿਤਾਬ ’ਚ ਡਾਕਟਰ ਐੱਸ ਤਰਸੇਮ, ਸੁਰਜੀਤ ਬਰਾੜ, ਕੁਲਦੀਪ ਸੂਦ, ਹਰਬੰਸ ਲਾਲ ਸ਼ਰਮਾ, ਤੇਜਪਾਲ ਪੱਖੋਂ ਆਦਿ ਸਾਰੇ ਰੇਖਾ ਚਿੱਤਰ ਆਪਣੇ ਆਪ ਵਿਚ ਸੰਪੂਰਨਤਾ ਦਰਸਾਉਂਦੇ ਹਨ। ਆਧੁਨਿਕ ਪੰਜਾਬੀ ਕਹਾਣੀ ਦਾ ਸਿਰਕੱਢ ਨਾਂ ‘ਕੁਲਵੰਤ ਸਿੰਘ ਵਿਰਕ ਨਾਲ ਗੁਜ਼ਾਰੀ ਇਕ ਰਾਤ’ ਵੀ ਬਹੁਤ ਵਧੀਆ ਹੈ। ਇਨ੍ਹਾਂ ਰੇਖਾ ਚਿੱਤਰਾਂ ਦੀ ਭਾਸ਼ਾ ਮਲਵਈ ਰੰਗ ’ਚ ਰੰਗੀ ਹੋਈ ਹੈ, ਜਿਹੜੀ ਪਾਠਕ ਨੂੰ ਉਸ ਦੀ ਭਾਸ਼ਾ, ਬੋਲੀ, ਸੱਭਿਆਚਾਰ, ਵਿਰਾਸਤ ਅਤੇ ਉਸਦੀ ਮਿੱਟੀ ਨਾਲ ਜੋੜਦੀ ਹੈ। ਸਾਰੇ ਰੇਖਾ ਚਿੱਤਰਾਂ ਦੀ ਭਾਸ਼ਾ ਬੜੀ ਸਰਲ ਅਤੇ ਰਾਜਨੀਤਿਕ ਵਰਤੀ ਗਈ ਹੈ। ਕੁਝ ਥਾਵਾਂ ’ਤੇ ਵਿਆਕਰਨਕ ਪੱਖੋਂ ਥੋੜ੍ਹਾ ਕਮਜ਼ੋਰ ਪੱਖ ਰਿਹਾ ਹੈ। ਲੇਖਕ ਦੀਆਂ ਬਾਕੀ ਭਾਸ਼ਾਵਾਂ ਪ੍ਰਤੀ ਜਾਣਕਾਰੀ ਵਿਸ਼ਾਲ ਹੈ ਕਿਉਂਕਿ ਲੇਖਕ ਨੇ ਬਹੁਤ ਸਾਰੇ ਸ਼ਬਦ ਉਰਦੂ, ਫ਼ਾਰਸੀ ਤੇ ਹਿੰਦੀ ਦੇ ਵਰਤੇ ਹਨ, ਜਿਹੜੇ ਸਮੁੱਚੀ ਰਚਨਾ ਵਿਚ ਸਲੀਕਾ ਭਰਦੇ ਹਨ। ਛੋਟੇ-ਛੋਟੇ ਵਾਕਾਂ ਨੇ ਇਸ ਪੁਸਤਕ ਵਿਚ ਸ਼ਾਮ ਦਾ ਰੋਲ ਅਦਾ ਕੀਤਾ ਹੈ, ਜਿਵੇਂ ‘ਹਾਜ਼ਰ ਕਵੀ ਕਵਿਤੋ-ਕਵਿਤੀ ਹੁੰਦੇ ਰਹੇ। ਵਿਰਕ ਸਾਹਿਬ ਨੂੰ ਉਡੀਕਦਿਆਂ ਅੱਖਾਂ ਪੱਕ ਗਈਆਂ ਪਰ ਉਹਨਾਂ ਦੀ ਕੋਈ ਭਿਣਕ ਨਹੀਂ ਸੀ ਪੈ ਰਹੀ।’ਸੋ ਸਮੁੱਚੇ ਤੌਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਸੀ ਮਾਰਕੰਡਾ ਦੀ ਰੇਖਾ ਚਿਤਰਾਂ ਦੀ ਹੱਥਲੀ ਪੁਸਤਕ ਪੰਜਾਬੀ ਸਾਹਿਤ ਦੇ ਭਵਿੱਖ ਦਾ ਰੌਸ਼ਨ ਚਿਰਾਗ਼ ਬਣੇਗੀ।
- ਅੰਮ੍ਰਿਤਪਾਲ ਕਲੇਰ