ਪੁਸਤਕ : ਸਮੇਂ ਦੀ ਪਾਠਸ਼ਾਲਾ ’ਚ
ਅਨੁਵਾਦ ਤੇ ਸੰਪਾਦਨ : ਰਾਕੇਸ਼ ਆਨੰਦ
ਪੰਨੇ : 79 ਮੁੱਲ : 180/-
ਪ੍ਰਕਾਸ਼ਕ : ਆਸਥਾ ਪ੍ਰਕਾਸ਼ਨ, ਜਲੰਧਰ।
ਹੱਥਲੀ ਕਾਵਿ ਪੁਸਤਕ ਮੋਹਨ ਸਪਰਾ ਦੀਆਂ ਪੰਜ ਹਿੰਦੀ ਲੰਮੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਹੈ। ਸੰਪਾਦਕ ਤੇ ਅਨੁਵਾਦਕ ਰਾਕੇਸ਼ ਆਨੰਦ ਨੇ ਪੁਸਤਕ ’ਚ ‘ਦੂਜਾ ਆਦਮੀ, ਵਕਤ ਦੀ ਸਾਜ਼ਿਸ਼ ਦੇ ਖ਼ਿਲਾਫ਼, ਆਦਮੀ ਜਿਉਂਦਾ ਏ, ਸੰਵਾਦ ਗਾਥਾ ਤੇ ਅੰਤ ਤੱਕ ਸੰਵਾਦ’ ਸ਼ਾਮਲ ਕੀਤੀਆਂ ਹਨ। ਅਨੁਵਾਦ ਦਾ ਕਾਰਜ ਖ਼ੁਦ ਦੀ ਰਚਨਾ ਸਿਰਜਣਾ ਤੋਂ ਵੀ ਕਿਤੇ ਔਖਾ ਹੁੰਦਾ ਹੈ ਕਿਉਂਕਿ ਅਨੁਵਾਦਕ ਸਾਹਮਣੇ ਸਭ ਤੋਂ ਵੱਡਾ ਸਵਾਲ ਮੂਲ ਰਚਨਾ ਦੀ ਰੂਹ ਨੂੰ ਬਰਕਰਾਰ ਰੱਖਣਾ ਹੁੰਦਾ ਹੈ। ਉਲੱਥਾ ਕਰਦੇ ਵਕਤ ਸਰਲ ਭਾਸ਼ਾ, ਸ਼ਬਦਾਂ ਦੀ ਚੋਣ ਆਦਿ ਦੀ ਵਰਤੋਂ ਬਹੁਤ ਹੀ ਸੂਝ-ਬੂਝ ਨਾਲ ਕਰਨੀ ਹੁੰਦੀ ਹੈ ਕਿਉਂਕਿ ਅਨੁਵਾਦ ਕਰਦੇ ਸਮੇਂ ਸ਼ਬਦ ਚੋਣ ਮੂਲ-ਪਾਠ ਪੱਧਰੀ ਹੀ ਹੋਣੀ ਚੰਗੇ ਅਨੁਵਾਦਕ ਦੀ ਪਛਾਣ ਹੁੰਦੀ ਹੈ। ਹੱਥਲੇ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ’ਤੇ ਰਾਕੇਸ਼ ਆਨੰਦ ਅਨੁਵਾਦ ਦੇ ਕਾਰਜ ਵਿੱਚ ਸਫਲਤਾ ਪ੍ਰਾਪਤ ਕਰਦੇ ਨਜ਼ਰ ਆਉਂਦੇ ਹਨ।
ਮੋਹਨ ਸਪਰਾ ਦੀ ਕਵਿਤਾ ਬਾਰੇ ਰਾਕੇਸ਼ ਆਨੰਦ ਲਿਖਦਾ ਹੈ, ‘ਕਵਿਤਾ ਮੋਹਨ ਸਪਰਾ ਦੀ ਜ਼ਿੰਦਗੀ ਵੀ ਏ ਤੇ ਜ਼ਿੰਦਗੀ ਜਿਊਣ ਦਾ ਢੰਗ ਵੀ, ਖੁਦ, ਉਸ ਦੀ ਜ਼ਿੰਦਗੀ ਵੀ ਇਕ ਕਵਿਤਾ ਹੀ ਏ। ਉਹ ਕਵਿਤਾ, ਜਿਸ ’ਚ ਪਿਆਰ, ਤਿ੍ਰਸਕਾਰ, ਤੰਗੀਆਂ-ਤੁਰਸੀਆਂ, ਰੋਹ, ਸਾਂਝਾਂ ਤੇ ਯਾਰੀਆਂ ਦੋਸਤੀਆਂ ਨੇ ... ਤੇ ਉਨ੍ਹਾਂ ਨੂੰ ਪਾਲਣ-ਨਿਭਾਉਣ ਦਾ ਸਿਰੜ ਵੀ ਏ ... ਸੰਵੇਦਨਾ ਤੇ ਸੰਵਾਦ ਏ। ਏਹੀ ਸੰਵਾਦ ਉਸ ਨੂੰ ਤੇ ਉਸ ਦੀ ਕਵਿਤਾ ਨੂੰ ਪੰਜਾਬ ਦੇ ਦੂਸਰੇ ਸਮਕਾਲੀ ਹਿੰਦੀ ਕਵੀਆਂ ਤੋਂ ਵਖਰਾਉਂਦਾ ਏ।’ ਦੇਖੋ ਨਮੂਨਾ :
-ਉਂਝ ਮੈਂ ਡਰਦਾ ਵੀ ਹਾਂ
ਰੋਜ਼ ਅਖ਼ਬਾਰ ਵੀ ਪੜ੍ਹਦਾ ਹਾਂ
ਫਿਰ ਵੀ ਪਤਾ ਨਹੀਂ ਕਿਓਂ?
ਯਾਰਾਂ-ਬੇਲੀਆਂ ਦੀ ਨਾਪੀ-ਤੋਲੀ ਇਮਾਨਦਾਰੀ ’ਤੇ
ਮੇਰੀਆਂ ਅੱਖਾਂ ਬੰਜਰ ਹੋ ਜਾਂਦੀਆਂ ਨੇ,
ਮੈਂ ਕਿਸੇ ਅਜਿਹੀ ਸੱਭਿਅਤਾ ਦੇ ਖ਼ਿਲਾਫ਼ ਨਹੀਂ ਹੋ ਸਕਦਾ
ਜਿਸ ਦੇ ਨਾਲ ਉਸ ਨੂੰ ਪਿਆਰ ਨਹੀਂ ਏ,
ਜਦੋਂ ਵੀ ਪਹਿਲਾਂ ਕਦੇ ਇੰਝ ਹੋਇਆ
ਉਹ ਕਿਸੇ ਭੁਰੀ ਹੋਈ ਕੰਧ ਨਾਲ ਪਿੱਠ ਲਾ ਕੇ
ਕੋਲੋਂ ਲੰਘਦੇ ਬੰਦਿਆਂ ਨੂੰ ਗਾਲਾਂ ਕੱਢਦਾ ਏ
ਤੇ ਕਦੇ ਤਾੜੀਆਂ ਵਜਾਉਂਦਾ ਏ।
ਪੁਸਤਕ ਦੀਆਂ ਕਵਿਤਾਵਾਂ ਜਿੱਥੇ ਸਮੇਂ ਦੇ ਮੇਚ ਦੀਆਂ ਹਨ ਉੱਥੇ ਕਾਬਲੇ ਤਾਰੀਫ ਅਨੁਵਾਦ ਲਈ ਰਾਕੇਸ਼ ਆਨੰਦ ਵਧਾਈ ਦਾ ਹੱਕਦਾਰ ਹੈ।
- ਜਸਵਿੰਦਰ ਦੂਹੜਾ
Posted By: Harjinder Sodhi