ਸਵੈ-ਜੀਵਨੀ ਵਿਚ ਲੇਖਕ ਜਾਂ ਕਲਾਕਾਰ ਦਾ ਸਮੁੱਚਾ ਜੀਵਨ ਪਰੋਇਆ ਹੁੰਦਾ ਹੈ। ਜੀਵਨੀਕਾਰ ਦੀ ਸਫਲਤਾ ਦੇ ਪਿੱਛੇ ਉਸ ਦੀ ਜ਼ਿੰਦਗੀ ਦੇ ਉਹ ਦੁਖਦ ਪਲ , ਔਕੜਾਂ, ਮੁਸੀਬਤਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਦੋ ਚਾਰ ਹੁੰਦਾ ਹੋਇਆ ਸਫਲਤਾ ਦੇ ਮੁਕਾਮ ਉੱਤੇ ਪਹੁੰਚਿਆ ਹੁੰਦਾ ਹੈ। ਇਜ਼ਾਡੋਰਾ ਡੰਕਨ ਦੀ ਸਵੈਜੀਵਨੀ ਮੇਰੀ ਜੀਵਨ ਕਹਾਣੀ ਵੀ ਇਸੇ ਹਕੀਕਤ ਦੀ ਗਵਾਹੀ ਭਰਦੀ ਹੈ।

ਪੁਸਤਕ : ਮੇਰੀ ਜੀਵਨ ਕਹਾਣੀ
ਮੂਲ : ਇਜ਼ਾਡੋਰਾ ਡੰਕਨ
ਅਨੁ : ਡਾ. ਸਵਾਮੀ ਸਰਬਜੀਤ
ਪੰਨੇ : 280 ਮੁੱਲ : 395/-
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਸਵੈ-ਜੀਵਨੀ ਵਿਚ ਲੇਖਕ ਜਾਂ ਕਲਾਕਾਰ ਦਾ ਸਮੁੱਚਾ ਜੀਵਨ ਪਰੋਇਆ ਹੁੰਦਾ ਹੈ। ਜੀਵਨੀਕਾਰ ਦੀ ਸਫਲਤਾ ਦੇ ਪਿੱਛੇ ਉਸ ਦੀ ਜ਼ਿੰਦਗੀ ਦੇ ਉਹ ਦੁਖਦ ਪਲ , ਔਕੜਾਂ, ਮੁਸੀਬਤਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਦੋ ਚਾਰ ਹੁੰਦਾ ਹੋਇਆ ਸਫਲਤਾ ਦੇ ਮੁਕਾਮ ਉੱਤੇ ਪਹੁੰਚਿਆ ਹੁੰਦਾ ਹੈ। ਇਜ਼ਾਡੋਰਾ ਡੰਕਨ ਦੀ ਸਵੈਜੀਵਨੀ ਮੇਰੀ ਜੀਵਨ ਕਹਾਣੀ ਵੀ ਇਸੇ ਹਕੀਕਤ ਦੀ ਗਵਾਹੀ ਭਰਦੀ ਹੈ,ਜਿਸ ਨੂੰ ਸੋਹਣੇ ਤਰੀਕੇ ਨਾਲ ਨਾਰੀ ਵੇਦਨਾ ਦੇ ਪੱਖੋਂ ਪੰਜਾਬੀ ਵਿੱਚ ਉਲੱਥਾ ਕੀਤਾ ਹੈ ਡਾ.ਸਵਾਮੀ ਸਰਬਜੀਤ ਨੇ।
ਇਜ਼ਾਡੋਰਾ ਡੰਕਨ ਦੀ ਸਵੈ-ਜੀਵਨੀ ਮੇਰੀ ਜੀਵਨ ਕਹਾਣੀ ਵੀਹਵੀਂ ਸਦੀ ਦੇ ਮੁਢਲੇ ਸਾਲਾਂ ’ਚ ਔਰਤ ਦੀ ਸਮਾਜਿਕ ਦਸ਼ਾ ਤੇ ਦਿਸ਼ਾ ਦੀ ਗੱਲ ਕਰਦੀ ਹੈ। ਜਿਸ ’ਚ ਔਰਤ ਸਦੀਆਂ ਪੁਰਾਣੀਆਂ ਸਮਾਜਿਕ ਵਲਗਣਾਂ ਨੂੰ ਲੰਘ ਕੇ ਆਪਣੀ ਮੌਲਿਕਤਾ ਸਥਾਪਤ ਕਰਦੀ ਹੈ ਅਤੇ ਆਪਣੀ ਕਿਸਮ ਨਾਲ ਜੀਵਨ ਜਿਉਦੀ ਹੈ। ਸਵੈ-ਜੀਵਨੀ ’ਚ ਪੱਛਮੀ ਸੱਭਿਆਚਾਰ ਦੀਆਂ ਵੰਨਗੀਆਂ ਨੂੰ ਬੜੀ ਸਹਿਜਤਾ ਨਾਲ ਛੋਹਿਆ ਹੈ। ਡੰਕਨ ਪ੍ਰਸਿੱਧ ਨਰਤਕੀ ਹੈ, ਆਪਣੀ ਕਲਾ ਨਾਲ ਕਿਵੇਂ ਕੁਦਰਤੀ ਮੌਲਿਕਤਾ ਨੂੰ ਸਥਾਪਤੀ ਵੱਲ ਲੈ ਕੇ ਜਾਂਦੀ ਹੈ। ਇਹ ਹੀ ਅਨੁਵਾਦਕ ਦੀ ਖੂਬਸੂਰਤੀ ਹੈ ਕਿ ਪਾਠਕ ਨੂੰ ਪੜ੍ਹਦਿਆਂ ਕਿਤੇ ਵੀ ਨਿਰਾਸਤਾ ਦਾ ਅਹਿਸਾਸ ਨਹੀਂ ਹੁੰਦਾ। ਜੀਵਨੀ ਵਿਚਲੀਆਂ ਘਟਨਾਵਾਂ ਉਤਸੁਕਤਾ ਦੇ ਨਾਲ-ਨਾਲ ਰੌਚਿਕਤਾ ਬਣਾਈ ਰੱਖਦੀਆਂ ਹਨ। ਅਨੁਵਾਦ ਸ਼ੈਲੀ ਕਮਾਲ ਦੀ ਹੈ। ਕੁਦਰਤ ਦੇ ਸੁਹੱਪਣ ਨੂੰ ਸਿਰਜਦਿਆਂ ਜੀਵਨੀਕਾਰ ਨੇ ਜ਼ਿੰਦਗੀ ਦਾ ਲੁਤਫ਼ ਵੀ ਖੂਬ ਮਾਣਿਆ ਹੈ। ਇਸ ਜੀਵਨੀ ਵਿਚ 20ਵੀਂ ਸਦੀ ਦੇ ਪੱਛਮੀ ਸਮਾਜਿਕ ਤਾਣੇ ਬਾਣੇ, ਰਸਮਾਂ , ਰਹੁ ਰੀਤਾਂ ਵਿਸ਼ਵਾਸਾਂ ਨੂੰ ਵੀ ਰੂਪਮਾਨ ਕੀਤਾ ਹੈ। ਇਜ਼ਾਡੋਰਾ ਡੰਕਨ ਅਲੱਗ ਅਲੱਗ ਦੇਸ਼ਾਂ ’ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੋਈ ਮਿਰਗ ਤਿ੍ਰਸ਼ਨਾ ਦੀ ਤਰ੍ਹਾਂ ਛਲਾਵਿਆਂ ਪਿੱਛੇ ਵੀ ਭੱਜਦੀ ਹੈ, ਪਰ ਸੁਗੰਧਾਂ ਵੀ ਫੜ ਹੁੰਦੀਆਂ ਨੇ ਕਦੇ? ਇਜ਼ਾਡੋਰਾ ਡੰਕਨ ਔਕੜਾਂ ਨੂੰ ਦਲੇਰਾਨਾ ਤਰੀਕੇ ਨਾਲ ਹੱਲ ਕਰ ਲੈਂਦੀ ਹੈ। ਜੀਵਨ ਦੀ ਸਹਿਜਤਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਇਸ ਦੀ ਸੋਹਣੀ ਮਿਸਾਲ ਹੈ ਜਦੋਂ ਉਹ ਬੱਚਿਆਂ ਦਾ ਪਹਿਲਾ ਡਾਂਸ ਸਕੂਲ ਖੋਲ੍ਹਦੀ ਹੈ। ਸਵੈ-ਜੀਵਨੀ ਦਾ ਪੰਜਾਬੀ ਅਨੁਵਾਦ ਸਾਹਿਤ ਵਿੱਚ ਆਪਣੀ ਮੌਲਿਕਤਾ ਦੀ ਗਵਾਹੀ ਭਰਦਾ ਹੈ ।
- ਅੰਮਿ੍ਰਤਪਾਲ ਕਲੇਰ ਚੀਦਾ