ਪੰਜਾਬੀ ’ਚ ਰਚੇ ਗਏ ਧਾਰਮਿਕ ਸਾਹਿਤ ਦਾ ਵੱਖਰਾ ਤੇ ਮਹੱਤਵਪੂਰਨ ਸਥਾਨ ਹੈ। ਬਹੁਤ ਸਾਰੇ ਕਵੀਆਂ ਨੇ ਧਾਰਮਿਕ ਕਵਿਤਾਵਾਂ ਰਚ ਕੇ ਆਪਣੇ-ਆਪਣੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਵਿ ਸੰਗ੍ਰਹਿ ਸਿੱਖ ਸਿਧਾਂਤਾਂ ਤੇ ਸਿੱਖ ਧਰਮ ਨਾਲ ਸਬੰਧਿਤ ਹਨ। ਲਖਵੀਰ ਸਿੰਘ ਭੁੱਲਰ ਦਾ ਕਾਵਿ ਸੰਗ੍ਰਹਿ ਰੂਹਾਨੀਅਤ ਦੀ ਚਮਕ ਵੀ ਕੁਝ ਇਸੇ ਤਰ੍ਹਾਂ ਦਾ ਹੈ, ਜਿਸ ਵਿਚ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਗਈ ਹੈ।
ਪੁਸਤਕ : ਰੂਹਾਨੀਅਤ ਦੀ ਚਮਕ (ਕਵਿਤਾਵਾਂ)
ਲੇਖਕ : ਲਖਬੀਰ ਸਿੰਘ ਭੁੱਲਰ
ਸਫ਼ੇ 88, ਮੁੱਲ 225 ਰੁਪਏ,
ਪ੍ਰਕਾਸ਼ਨ: ਮਿਸ਼ਨ ਵਿਚਾਰ ਮੰਚ, ਕੈਨੇਡਾ।
ਪੰਜਾਬੀ ’ਚ ਰਚੇ ਗਏ ਧਾਰਮਿਕ ਸਾਹਿਤ ਦਾ ਵੱਖਰਾ ਤੇ ਮਹੱਤਵਪੂਰਨ ਸਥਾਨ ਹੈ। ਬਹੁਤ ਸਾਰੇ ਕਵੀਆਂ ਨੇ ਧਾਰਮਿਕ ਕਵਿਤਾਵਾਂ ਰਚ ਕੇ ਆਪਣੇ-ਆਪਣੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਵਿ ਸੰਗ੍ਰਹਿ ਸਿੱਖ ਸਿਧਾਂਤਾਂ ਤੇ ਸਿੱਖ ਧਰਮ ਨਾਲ ਸਬੰਧਿਤ ਹਨ। ਲਖਵੀਰ ਸਿੰਘ ਭੁੱਲਰ ਦਾ ਕਾਵਿ ਸੰਗ੍ਰਹਿ ਰੂਹਾਨੀਅਤ ਦੀ ਚਮਕ ਵੀ ਕੁਝ ਇਸੇ ਤਰ੍ਹਾਂ ਦਾ ਹੈ, ਜਿਸ ਵਿਚ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਗਈ ਹੈ। ਉਸ ਨੇ ਆਪਣੀਆਂ ਛੋਟੀਆਂ- ਛੋਟੀਆਂ ਕਾਵਿ ਰਚਨਾਵਾਂ ’ਚ ਸਿੱਖ ਧਰਮ ਦੀ ਉੱਚਤਾ, ਅਧਿਆਤਮਿਕ ਮਾਰਗ ਤੇ ਅਜੋਕੇ ਸਮੇਂ ਵਿਚ ਧਰਮ ਉੱਤੇ ਹੋ ਰਹੇ ਅਧਰਮ ਦੇ ਕਬਜ਼ੇ ਨੂੰ ਆਪਣੇ ਕਾਵਿ-ਅਨੁਭਵ ਰਾਹੀਂ ਬਾਖ਼ੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਗੁਰਮੁੱਖ ਦੀ ਰਹਿਣੀ-ਬਹਿਣੀ ਅਤੇ ਮਨਮੁੱਖ ਦੀ ਮਨਮੁੱਖਤਾ ਬਾਰੇ ਵੀ ਇਸ ਕਾਵਿ ਸੰਗ੍ਰਹਿ ’ਚ ਬਾਖ਼ੂਬੀ ਜ਼ਿਕਰ ਛੇੜਿਆ ਹੈ। ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਉਨ੍ਹਾਂ ਦੁਆਰਾ ਦਰਸਾਏ ਰੂਹਾਨੀਅਤ ਦੇ ਮਾਰਗ ਨੂੰ ਕਵੀ ਨੇ ਅਜੋਕੇ ਸੰਦਰਭ ’ਚ ਪੇਸ਼ ਕਰਨ ਦਾ ਯਤਨ ਕੀਤਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਸਿੱਖ ਧਰਮ ਦੀ ਉੱਚਤਾ ਤੋਂ ਜਾਣੂ ਹੋ ਕੇ ਇਸ ਨਾਲ ਜੁੜ ਸਕੇ। ਕਵੀ ਇਸ ਗੱਲ ਤੋਂ ਵੀ ਸੁਚੇਤ ਹੈ ਕਿ ਬੇਸ਼ੱਕ ਸਿੱਖੀ ਨੂੰ ਢਾਹ ਲਾਉਣ ਲਈ ਬਹੁਤ ਸਾਰੀਆਂ ਤਾਕਤਾਂ ਕਾਰਜਸ਼ੀਲ ਹਨ ਪਰ ਗੁਰੂ ਸਾਹਿਬਾਨ ਦੀ ਵਰੋਸਾਈ ਹੋਈ ਸਿੱਖੀ ਹਮੇਸ਼ਾ ਹੀ ਕਾਇਮ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਇਸ ਕਾਵਿ ਪੁਸਤਕ ’ਚ ਸਿੱਖੀ ਦੀ ਰਹਿਣੀ-ਬਹਿਣੀ ਅਤੇ ਸਿੱਖ ਦੀ ਰੋਜ਼ਾਨਾ ਕਰਨੀ ਨੂੰ ਵੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਛੱਡ ਕੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਹੀ ਅਧਿਆਤਮਿਕ ਮਾਰਗ ਦਾ ਮਨੁੱਖ ਨੂੰ ਪਾਂਧੀ ਬਣਾ ਸਕਦਾ ਹੈ। ਉਹ ਆਪਣੇ ਕਾਵਿ ਅਨੁਭਵ ਰਾਹੀਂ ਇਹ ਵੀ ਦੱਸਦਾ ਹੈ ਕਿ ਦਿਖਾਵੇ ਦਾ ਭੇਖ ਬਣਾਉਣ ਨਾਲੋਂ ਅਤੇ ਕਰਮਕਾਂਡੀ ਜੀਵਨ ਜਿਊਣ ਨਾਲੋਂ ਆਪਣੇ ਅੰਦਰ ਨੂੰ ਖੋਜਣਾ ਹੀ ਅਧਿਆਤਮਿਕ ਮਾਰਗ ’ਤੇ ਚੱਲਣ ਦੀ ਸੋਝੀ ਪ੍ਰਧਾਨ ਕਰ ਸਕਦਾ ਹੈ। ਜਿਵੇਂ ਉਹ ਲਿਖਦਾ ਹੈ:
ਖੋਜ ਅੰਦਰ ਤੂੰ ਆਪਣੇ ਐਵੇਂ ਬਾਹਰ ਭਟਕ ਰਿਹਾਂ,
ਮਾੜੀਆਂ ਸੋਚਾਂ ਕਾਰਨ ਅੱਧ ਵਿਚਾਲੇ ਲਟਕ ਰਿਹਾਂ।
ਰੂਹਾਨੀਅਤ ਦੀ ਚਮਕ ਪੁਸਤਕ ’ਚ ਲਖਬੀਰ ਸਿੰਘ ਭੁੱਲਰ ਦੀਆਂ ਲਗਪਗ 51 ਕਵਿਤਾਵਾਂ ਸ਼ਾਮਿਲ ਹਨ ਅਤੇ ਸਾਰੀਆਂ ਹੀ ਕਵਿਤਾਵਾਂ ਵਿਚ ਸਿੱਖ ਧਰਮ ਤੇ ਸਿੱਖੀ ਦੀ ਜੀਵਨ-ਜਾਚ ਨੂੰ ਦ੍ਰਿੜ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਅਜੋਕੇ ਸਮੇਂ ’ਚ ਜਦੋਂ ਮਨੁੱਖ ਧਰਮ ਨਾਲੋਂ ਟੁੱਟ ਰਿਹਾ ਹੈ, ਨਿਰਸੰਦੇਹ ਇਹ ਕਾਵਿ ਸੰਗ੍ਰਹਿ ਸਿੱਖ ਧਰਮ ਦੀ ਉੱਚਤਾ ਨੂੰ ਬਿਆਨ ਕਰ ਕੇ ਨਵੀਂ ਪੀੜ੍ਹੀ ਨੂੰ ਵੀ ਸਿੱਖੀ ਨਾਲ ਜੋੜਨ ਦਾ ਯਤਨ ਕਰੇਗਾ।
- ਡਾ. ਸਰਦੂਲ ਸਿੰਘ ਔਜਲਾ