ਗੁਰਪ੍ਰੀਤ ਕੌਰ ਸੈਣੀ ‘ਪ੍ਰੀਤ’ ਇਕ ਬਹੁ ਚਰਚਿਤ ਤੇ ਬਹੁ ਵਿਧਾਵੀ ਲੇਖਿਕਾ ਹੈ। ਹੱਥਲੀ ਪੁਸਤਕ ਉਸ ਦਾ ਪਹਿਲਾ ਨਿਰੋਲ ਗ਼ਜ਼ਲ ਸੰਗ੍ਰਹਿ ਹੈ। ਉਸ ਦੇ ਸ਼ਿਅਰਾਂ ਦਾ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਗ਼ਜ਼ਲ ਅਤੇ ਗ਼ਜ਼ਲ ਵਿਧਾਨ ’ਤੇ ਡਟਵੀਂ ਮਿਹਨਤ ਕੀਤੀ ਹੈ। ਖ਼ੂਬੀਆਂ ਨਾਲ ਲਬਰੇਜ਼ ਸ਼ਿਅਰਾਂ ਨੂੰ ਇਕ ਵਾਰ ਪੜ੍ਹਿਆਂ ਦਿਲ ਨਹੀਂ ਭਰਦਾ।

ਪੁਸਤਕ : ਅੱਖਰ ਅੱਖਰ ਲੋਅ
ਸ਼ਾਇਰਾ : ਗੁਰਪ੍ਰੀਤ ਕੌਰ ਸੈਣੀ ‘ਪ੍ਰੀਤ’
ਪੰਨੇ : 104 ਮੁੱਲ : 150/-
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਗੁਰਪ੍ਰੀਤ ਕੌਰ ਸੈਣੀ ‘ਪ੍ਰੀਤ’ ਇਕ ਬਹੁ ਚਰਚਿਤ ਤੇ ਬਹੁ ਵਿਧਾਵੀ ਲੇਖਿਕਾ ਹੈ। ਹੱਥਲੀ ਪੁਸਤਕ ਉਸ ਦਾ ਪਹਿਲਾ ਨਿਰੋਲ ਗ਼ਜ਼ਲ ਸੰਗ੍ਰਹਿ ਹੈ। ਉਸ ਦੇ ਸ਼ਿਅਰਾਂ ਦਾ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਗ਼ਜ਼ਲ ਅਤੇ ਗ਼ਜ਼ਲ ਵਿਧਾਨ ’ਤੇ ਡਟਵੀਂ ਮਿਹਨਤ ਕੀਤੀ ਹੈ। ਖ਼ੂਬੀਆਂ ਨਾਲ ਲਬਰੇਜ਼ ਸ਼ਿਅਰਾਂ ਨੂੰ ਇਕ ਵਾਰ ਪੜ੍ਹਿਆਂ ਦਿਲ ਨਹੀਂ ਭਰਦਾ। ਕੋਈ ਦੁਹਰਾਓ ਨਹੀਂ। ਅਜਿਹੇ ਉੱਚ ਪਾਏ ਦੇ ਸ਼ਿਅਰ ਉਸਤਾਦ ਗ਼ਜ਼ਲਗੋ ਬਲਬੀਰ ਸਿੰਘ ਸੈਣੀ ਦੀ ਯੋਗ ਅਗਵਾਈ ਦਾ ਨਤੀਜਾ ਹਨ। ਗੁਰਪ੍ਰੀਤ ਦੇ ਸ਼ਿਅਰਾਂ ਵਿਚ ਤੀਖਣ ਚਿੰਤਨ ਹੈ। ਉਸ ਦੀ ਸ਼ਾਇਰੀ ਪਾਠਕਾਂ ਨੂੰ ਕੀਲ ਲੈਣ ਦਾ ਵਲ ਰੱਖਦੀ ਹੈ। ਉਸ ਦੇ ਸ਼ਿਅਰਾਂ ਵਿਚ ਰਵਾਇਤੀ ਰੰਗਾਂ ਦੇ ਨਾਲ-ਨਾਲ ਸਮਕਾਲੀ ਯਥਾਰਥ ਦਿ੍ਰਸ਼ਟੀਗੋਚਰ ਹੁੰਦਾ ਹੈ। ਜ਼ਿੰਦਗੀ ਦੀਆਂ ਗੁੰਝਲਾਂ, ਤਲਖ਼ੀਆਂ, ਤੁਰਸ਼ੀਆਂ, ਵਿਰੋਧਤਾਈਆਂ, ਆਸ਼ਾ, ਉਦਾਸੀਆਂ, ਉਦਰੇਵੇਂ, ਸ਼ੰਕੇ, ਝੋਰੇ, ਵਿਸ਼ਵਾਸ, ਅਵਿਸ਼ਵਾਸ ਆਦਿ ਦਾ ਜ਼ਿਕਰ ਉਸ ਦੇ ਸ਼ਿਅਰਾਂ ਵਿਚ ਹੈ। ਉਹ ਬਿਨਾਂ ਡਰੇ ਹਾਕਮ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਦਾ ਜੇਰਾ ਕਰਦੀ ਹੈ। ਸ਼ਿਅਰ ਦੇਖੋ :
ਜਦੋਂ ਵੀ ਰਹਿਬਰਾਂ ਨੂੰ ਮੈਂ
ਹੈ ਦੱਸੀ ਔਖ ਲੋਕਾਂ ਦੀ,
ਨਿਵਾਰਣ ਕਰਨ ਦੀ ਥਾਵੇਂ,
ਉਹ ਉਲਟਾ ਕੇਸ ਪਾ ਦਿੰਦੇ।
ਮੈਂ ਲੋਕੋ ਹਾਲ ਕੀ ਦੱਸਾਂ,
ਇਹਨਾਂ ਦੀ ਫਿਰਕਾਪ੍ਰਸਤੀ ਦਾ,
ਜਿਨੂੰ ਇਹ ਲੋਕ ਨਾ ਚਾਹੁਣ,
ਉਤ੍ਹੇ ਇਲਜ਼ਾਮ ਲਾ ਦਿੰਦੇ।
ਗੁਰਪ੍ਰੀਤ ਹੋਰਾਂ ਕਵਿਤਰੀਆਂ ਵਾਂਗ ਔਰਤ ਦੇ ਹਲਾਤ ਦਾ ਰੋਣਾ ਨਹੀਂ ਰੋਂਦੀ ਸਗੋਂ ਹਿੰਮਤ ਨੂੰ ਹਥਿਆਰ ਬਣਾ ਕੇ ਅੱਗੇ ਵੱਧ ਕੇ ਹੱਕ ਲੈਣ ਦਾ ਹੋਕਾ ਦਿੰਦੀ ਹੈ। ਦੇਸ਼ ਵਿਚਲੀ ਸਿਆਸੀ ਉਥਲ ਪੁਥਲ, ਰਾਹ ਤੋਂ ਭਟਕੀ ਸਿਆਸਤ, ਮੌਕਾਪ੍ਰਸਤ ਬਣੇ ਨੇਤਾ, ਧਾਰਮਿਕ ਕੱਟੜਤਾ, ਗਿਰਦੇ ਕਿਰਦਾਰ, ਦੁਨੀਆ ਦੇ ਬਦਲਦੇ ਰੰਗ ਢੰਗ, ਮਹਿੰਗਾਈ, ਜਮ੍ਹਾਂਖੋਰੀ, ਭਰੂਣ ਹੱਤਿਆ, ਬੇਰੁਜ਼ਗਾਰੀ ਆਦਿ ਵਰਗੇ ਮਸਲਿਆਂ ’ਤੇ ਗੁਰਪ੍ਰੀਤ ਖੁੱਲ੍ਹ ਕੇ ਗੱਲ ਕਰਦੀ ਹੈ। ਗੁਰਪ੍ਰੀਤ ਦੇ ਇਸ ਗ਼ਜ਼ਲ ਸੰਗ੍ਰਹਿ ਦਾ ਵਿਸ਼ਾ ਪੱਖ ਤੇ ਰੂਪਕ ਪੱਖ ਦੋਨੋਂ ਹੀ ਬੇਹੱਦ ਮਜ਼ਬੂਤ ਸਥਿਤੀ ਵਿਚ ਹਨ। ਗੁਰਪ੍ਰੀਤ ਨੇ ਬੇਹੱਦ ਚਰਚਿਤ ਬਹਿਰਾਂ ‘ਹਜਜ’, ‘ਰਮਲ’, ਤੇ ਮੁਤਦਾਰਿਕ ਵਿਚ ਬਿਹਤਰੀਨ ਮੁਸਲਸਲ ਤੇ ਗ਼ੈਰ ਮੁਸਲਸਲ ਗ਼ਜ਼ਲਾਂ ਕਹੀਆਂ ਹਨ। ਇਸ ਦੇ ਨਾਲ ਹੀ ਗੁਰਪ੍ਰੀਤ ਨੇ ਕੁਝ ਕਤਹ ਬੰਦ ਗ਼ਜ਼ਲਾਂ ਵੀ ਕਹੀਆਂ ਹਨ। ਕਹਿਣਾ ਬਣਦਾ ਹੈ ਕਿ ਗੁਰਪ੍ਰੀਤ ਦੀ ਸ਼ਾਇਰੀ ਪਲਾਂ ਛਿਣਾਂ ਦੀ ਨਹੀਂ ਸਗੋਂ ਕਾਲਾਂ ਦੀ ਹੈ।
- ਫ਼ੈਸਲ ਖ਼ਾਨ