Book Review : ਗ਼ਰੀਬ ਗੁਰਬੇ ’ਤੇ ਹੋ ਰਹੇ ਅੱਤਿਆਚਾਰ, ਸਿਆਸੀ ਗੰਧਲਾਪਣ ਆਦਿ ਬਾਰੇ ਸੰਵਾਦ ਛੇੜਦੀ ਕਿਤਾਬ ‘ਤਹਿਰੀਕ’
ਜਨਾਬ ਗੁਰਦਿਆਲ ਰੌਸ਼ਨ ਗ਼ਜ਼ਲ ਖੇਤਰ ਦੇ ਉਨ੍ਹਾਂ ਕੁਝ ਕੁ ਉਸਤਾਦ ਸ਼ਾਇਰਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਦਾ ਮੁਹਾਂਦਰਾ ਸੁਆਰਨ ਵਿਚ ਤੇ ਗ਼ਜ਼ਲ ਦੇ ਪ੍ਰਚਾਰ ਪਸਾਰ ਵਿਚ ਆਪਣੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਗ਼ਜ਼ਲ ਦਾ ਵਿਸ਼ਾ ਵਸਤੂ, ਰੂਪਕ ਪੱਖ, ਸ਼ਬਦ ਚੋਣ, ਸ਼ਬਦ ਤਰਤੀਬ ਕਮਾਲ ਦੀ ਹੈ ਤੇ ਉਸ ਨੂੰ ਮੁੜ-ਮੁੜ ਨਿਹਾਰਨ ਤੇ ਪੜ੍ਹਨ ਦਾ ਦਿਲ ਕਰਦਾ ਹੈ।
Publish Date: Sat, 04 Nov 2023 11:12 AM (IST)
Updated Date: Sun, 05 Nov 2023 07:00 AM (IST)

ਪ੍ਰਕਾਸ਼ਕ : ਕੈਫੇ ਵਰਲਡ ਪਬਲੀਕੇਸ਼ਨ
ਜਨਾਬ ਗੁਰਦਿਆਲ ਰੌਸ਼ਨ ਗ਼ਜ਼ਲ ਖੇਤਰ ਦੇ ਉਨ੍ਹਾਂ ਕੁਝ ਕੁ ਉਸਤਾਦ ਸ਼ਾਇਰਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਦਾ ਮੁਹਾਂਦਰਾ ਸੁਆਰਨ ਵਿਚ ਤੇ ਗ਼ਜ਼ਲ ਦੇ ਪ੍ਰਚਾਰ ਪਸਾਰ ਵਿਚ ਆਪਣੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਗ਼ਜ਼ਲ ਦਾ ਵਿਸ਼ਾ ਵਸਤੂ, ਰੂਪਕ ਪੱਖ, ਸ਼ਬਦ ਚੋਣ, ਸ਼ਬਦ ਤਰਤੀਬ ਕਮਾਲ ਦੀ ਹੈ ਤੇ ਉਸ ਨੂੰ ਮੁੜ-ਮੁੜ ਨਿਹਾਰਨ ਤੇ ਪੜ੍ਹਨ ਦਾ ਦਿਲ ਕਰਦਾ ਹੈ। ਸੌਖੀ ਸ਼ਬਦਾਵਲੀ ਵਿਚ ਗਹਿਰੇ ਅਰਥ ਵਾਲੇ ਸ਼ਿਅਰ ਕਹਿਣ ਦਾ ਜੋ ਬਲ ਉਨ੍ਹਾਂ ਨੂੰ ਹਾਸਲ ਹੈ ਉਹ ਪਾਠਕਾਂ ਨੂੰ ਮੱਲੋ ਮੱਲੀ ਕੀਲ ਲੈਂਦਾ ਹੈ। ਸ਼ਿਅਰ ਦੇਖੋ :
ਜਿਨ੍ਹਾਂ ਨੂੰ ਨੰਗਿਆਂ ਨੂੰ ਢੱਕਣ ਦਾ ਆਦੇਸ਼ ਹੋਇਆ ਸੀ,
ਉਨ੍ਹਾਂ ਗਿਰਜੇ, ਮਸੀਤਾਂ, ਮੱਠ ਤੇ ਮੰਦਰ ਸਜਾ ਦਿੱਤੇ।
ਆਪਣੇ ਸਵੈ-ਕਥਨ ਵਿਚ ਉਹ ਪੰਜਾਬੀ ਗ਼ਜ਼ਲ ਦੇ ਸਥਾਨ ਅਤੇ ਗ਼ਜ਼ਲ ਨੂੰ ਢਾਹ ਲਾਉਦੇ ਕਾਰਕਾਂ ਦੀ ਨਿਸ਼ਾਨਦੇਹੀ ਕਰਦੇ ਹਨ। ਗੁਰਦਿਆਲ ਰੌਸ਼ਨ ਦੀ ਸ਼ਾਇਰੀ ਆਮ ਲੋਕਾਂ ਦੀਆਂ ਸਮੱਸਿਆਵਾਂ, ਗ਼ਰੀਬ ਗੁਰਬੇ ’ਤੇ ਹੋ ਰਹੇ ਅੱਤਿਆਚਾਰ, ਸਿਆਸੀ ਗੰਧਲਾਪਣ ਆਦਿ ਬਾਰੇ ਸੰਵਾਦ ਛੇੜਦੀ ਹੈ। ਅੰਨੇ੍ਹਵਾਹ ਕੀਟਨਾਸ਼ਕਾਂ ਦੀ ਵਰਤੋਂ, ਪੌਣ ਪਾਣੀ ਦਾ ਗੰਧਲਾਪਣ, ਵਾਤਾਵਰਣਿਕ ਪ੍ਰਦੂਸ਼ਣ, ਉਨ੍ਹਾਂ ਲਈ ਚਿੰਤਾ ਦੇ ਵਿਸ਼ੇ ਹਨ।
ਇਉ ਜੁਗਨੂੰਆਂ ਨੂੰ ਫੜ ਕੇ
ਦੀਵਾਰ ’ਤੇ ਸਜਾ ਨਾ,
ਤੂੰ ਜੀਜ ਵਹੁਟੀਆਂ ਨੂੰ
ਸੁਟ ਨਾ ਤਿਜ਼ਾਬ ਅੰਦਰ।
ਪਿਆਰ ਮੁਹੱਬਤ ਸ਼ਾਇਰੀ ਦਾ ਅਟੁੱਟ ਅੰਗ ਹੈ। ਇਸ ਤੋਂ ਬਿਨਾਂ ਸ਼ਾਇਰੀ ਅਧੂਰੀ ਹੈ। ਗੁਰਦਿਆਲ ਰੌਸ਼ਨ ਨੇ ਵੀ ਇਸ ਪੁਸਤਕ ਵਿਚ ਮੁਹੱਬਤ ਦੇ ਰੰਗ ਵਿਚ ਰੰਗੇ ਸ਼ਿਅਰ ਸ਼ਾਮਿਲ ਕੀਤੇ ਹਨ।
ਦੁਪੱਟਾ ਉੱਡ ਰਿਹਾ ਤੇ
ਓਸ ਦੀ ਗਾਨੀ ਨਹੀਂ ਭੁਲਦੀ।
ਕਰਾਂ ਮੈਂ ਕੀ, ਕਿਸੇ ਦੀ ਤੋਰ
ਮਸਤਾਨੀ ਨਹੀਂ ਭੁਲਦੀ।
ਇਸ ਗ਼ਜ਼ਲ ਸੰਗ੍ਰਹਿ ਪੜ੍ਹ ਕੇ ਪੰਜਾਬੀ ਗ਼ਜ਼ਲ ਦੀ ਅਮੀਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹ ਪੁਸਤਕ ਪਾਠਕਾਂ ਤੇ ਸਿਖਿਆਰਥੀਆਂ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗੀ। ਅਖੀਰ ’ਚ ਇਸ ਖੂਬਸੁਰਤ ਸ਼ਿਅਰ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ।
ਔਖਾ ਬੜਾ ਹੈ ਕਹਿਣਾ,
ਵਾਲਿਦ ਨੂੰ ਸੀਸ ਦੇ ਦੇ,
ਫਿਰ ਓਸ ਪਿੱਛੋਂ ਅਪਣਾ
ਪਰਿਵਾਰ ਵਾਰ ਦੇਣਾ।
- ਫ਼ੈਸਲ ਖ਼ਾਨ