‘ਬਦਲੇ ਰੰਗ ਪੰਜਾਬ ਦੇ’ ਪੁਸਤਕ ’ਚ ਲੇਖਕ ਨੇ ਪੰਜਾਬ ਦੇ ਬਦਲੇ ਸੱਭਿਆਚਾਰ ਦਾ ਜ਼ਿਕਰ ਕੀਤਾ ਹੈ। ਵੱਖ-ਵੱਖ ਲੇਖ ਹਨ, ਜੋ ਸਾਡੇ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੇ ਹਨ। ਲੇਖਕ ਨੇ ਪੰਜਾਬੀ ਲੋਕਾਂ ਦੀ ਮਿਹਨਤ, ਸਿਦਕਵਾਨ, ਮਿੱਠ ਬੋਲੜੇ ਸੁਭਾਅ ਦਾ ਵਰਣਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ।

ਪੰਜਾਬ ਦੇ ਬਦਲੇ ਸੱਭਿਆਚਾਰ ਦਾ ਜ਼ਿਕਰ ਕਰਦੀ ਕਿਤਾਬ ‘ਬਦਲੇ ਰੰਗ ਪੰਜਾਬ ਦੇ’
ਪੁਸਤਕ : ਬਦਲੇ ਰੰਗ ਪੰਜਾਬ ਦੇ
ਲੇਖਕ : ਜਸਵਿੰਦਰ ਸਿੰਘ ਮਾਣੋਚਾਹਲ
ਪੰਨੇ : 126 ਮੁੱਲ : 200/-
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮਿ੍ਰਤਸਰ।
‘ਬਦਲੇ ਰੰਗ ਪੰਜਾਬ ਦੇ’ ਪੁਸਤਕ ’ਚ ਲੇਖਕ ਨੇ ਪੰਜਾਬ ਦੇ ਬਦਲੇ ਸੱਭਿਆਚਾਰ ਦਾ ਜ਼ਿਕਰ ਕੀਤਾ ਹੈ। ਵੱਖ-ਵੱਖ ਲੇਖ ਹਨ, ਜੋ ਸਾਡੇ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੇ ਹਨ। ਲੇਖਕ ਨੇ ਪੰਜਾਬੀ ਲੋਕਾਂ ਦੀ ਮਿਹਨਤ, ਸਿਦਕਵਾਨ, ਮਿੱਠ ਬੋਲੜੇ ਸੁਭਾਅ ਦਾ ਵਰਣਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ। ਲੇਖਕ ਨੇ ਬੱਚੇ ਦੇ ਜਨਮ ਤੋਂ ਲੈ ਕੇ ਬੁਢਾਪੇ ਤਕ ਦੇ ਜੀਵਨ ਦਾ ਵਰਨਣ ਕੀਤਾ ਹੈ। ਪੁਸਤਕ ਵਿਚਲੇ ਲੇਖਾਂ ਦੀ ਭਾਸ਼ਾ ਠੇਠ ਪੰਜਾਬੀ ਹੈ। ਵਰਤਮਾਨ ਮਨੁੱਖ ਮਸ਼ੀਨ ਉੱਤੇ ਨਿਰਭਰ ਹੋ ਗਿਆ ਹੈ ਜਦਕਿ ਪੁਰਾਣੇ ਸਮੇਂ ਵਿੱਚ ਮਨੁੱਖ ਸਾਰੇ ਕੰਮ ਆਪਣੇ ਹੱਥੀਂ ਕਰਦਾ ਸੀ।
ਲੇਖਕ ਨੇ ਦੱਸਿਆ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਦੁੱਧ, ਘਿਓ, ਮੱਖਣ ਹਰੇਕ ਘਰ ’ਚ ਹੁੰਦਾ ਸੀ ਵਧੀਆ ਖੁਰਾਕ ਮਿਲਦੀ ਸੀ ਪਰ ਅੱਜ ਦੇ ਸਮੇਂ ਵਿਚ ਇਹ ਸਭ ਕੁਝ ਨਹੀਂ ਮਿਲਦਾ। ਲੇਖਾਂ ’ਚ ਪਹਿਲਾਂ ਦੇ ਪੰਜਾਬੀ ਸੱਭਿਆਚਾਰ ਅਤੇ ਵਰਤਮਾਨ ਸਮੇਂ ਦੇ ਪੰਜਾਬੀ ਸੱਭਿਆਚਾਰ ’ਚ ਅੰਤਰ ਦਰਸਾਇਆ ਹੈ। ਜਿਸ ਤਰ੍ਹਾਂ ਇੱਕ ਲੇਖ ’ਚ ਲੇਖਕ ਬਹੁਤ ਵਧੀਆ ਢੰਗ ਨਾਲ ਦੱਸਦਾ ਕਿ ਪਹਿਲਾਂ ਔਰਤਾਂ ਘਰ ਵਿੱਚ ਰਹਿੰਦੀਆਂ ਸੀ ਘਰ ਦੇ ਕੰਮ ਆਪਣੇ ਹੱਥੀਂ ਕਰਦੀਆਂ ਸਨ ਪਰ ਅੱਜ ਕੱਲ੍ਹ ਔਰਤਾਂ ਨੌਕਰੀ ਕਰਦੀਆਂ ਹਨ ਤੇ ਕੰਮ ਵੀ ਸਾਰੇ ਮਸ਼ੀਨੀ ਹੋ ਗਏ ਹਨ।
ਹੱਥਲੀ ਕਿਤਾਬ ਦੇ 22 ਚੈਪਟਰ ਹਨ ਜਿਹੜੇ ਕਿ ਸਾਡੇ ਪੰਜਾਬੀ ਲੋਕਾਂ ਦੇ ਮਿਹਨਤੀ ਸੁਭਾਅ ਨੂੰ ਦਰਸਾਉਂਦੇ ਹਨ ਅਤੇ ਪੰਜਾਬੀ ਵਿਰਸੇ ਦੀ ਝਾਤ ਪਾਉਂਦੇ ਹਨ। ਪੁਸਤਕ ਵਿਚਲੇ ਕਾਫ਼ੀ ਲੇਖ ਪੇਂਡੂ ਸੱਭਿਆਚਾਰ ਦੇ ਕੰਮ-ਧੰਦੇ, ਰੀਤੀ ਰਿਵਾਜਾਂ, ਤਿਉਹਾਰਾਂ ਦੀਆਂ ਰਸਮਾਂ ਆਦਿ ਨੂੰ ਦਰਸਾਉਂਦੇ ਹਨ। ਪੁਸਤਕ ਵਿਚਲੀ ਭਾਸ਼ਾ ਸਰਲ ਤੇ ਠੇਠ ਪੰਜਾਬੀ ਹੈ। ਲੇਖਕ ਨੇ ਸਾਰੇ ਲੇਖਾਂ ਦੀਆਂ ਘਟਨਾਵਾਂ ਨੂੰ ਵੱਖ-ਵੱਖ ਵਿਸ਼ਿਆਂ ਰਾਹੀਂ ਰੂਬਰੂ ਕੀਤਾ ਹੈ।
ਪੁਸਤਕ ਪੜ੍ਹ ਕੇ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਸੋ ਗੱਲ ਕੀ ਕਿ ਇਹ ਪੁਸਤਕ ਬਹੁਤ ਹੀ ਵਧੀਆ ਖ਼ਜ਼ਾਨਾ ਹੈ ਜਿਹੜੀ ਕਿ ਅੱਜ ਦੀ ਪੀੜ੍ਹੀ ਨੂੰ ਪਸੰਦ ਆਏਗੀ ਤੇ ਉਹ ਆਪਣੇ ਆਪ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੇਗੀ। ਪੁਸਤਕ ਦੇ ਅੰਤ ਵਿਚ ਲੇਖਕ ਨੇ ਸਾਰਾਂਸ ਦੇ ਰੂਪ ਵਿੱਚ ਇਕ ਕਵਿਤਾ ਵੀ ਪੇਸ਼ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਅਜੋਕਾ ਸੱਭਿਆਚਾਰ ਕਿੰਨਾ ਬਦਲ ਗਿਆ ਹੈ। ਪੁਸਤਕ ਦੀ ਦਿੱਖ ਸੱਭਿਆਚਾਰ ਨੂੰ ਦਰਸਾਉਂਦੀ ਹੈ। ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
- ਇੰਦਰਪ੍ਰੀਤ ਕੌਰ