ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤਿਆਂ ਦੇ ਮਤਲਬੀ ਹੋਣ ਦੀ ਦੁਹਾਈ ਵੀ ਦਿੰਦੀ ਹੈ ਪੁਸਤਕ। ਮਨੁੱਖ ਦਾ ਸੰਸਾਰ ਵਿਚ ਆਉਣ ਤੇ ਜਾਣ ਬਣਿਆ ਹੈ, ਇਸ ਸਮੇਂ ਵਿਚ ਇਨਸਾਨ ਕੀ ਅਦਭੁੱਤ ਕਰਦਾ ਹੈ। ਵਿੱਛੜ ਗਏ ਮਿੱਤਰਾਂ-ਪਿਆਰਿਆਂ ਦਾ ਸੱਲ੍ਹ ਵੀ ਦੁੱਖਦਾਈ ਹੁੰਦਾ ਹੈ। ਗ਼ਜ਼ਲਗੋ ਪੁਸਤਕ ਦੀਆਂ ਗ਼ਜ਼ਲਾਂ ਵਿਚ ਸ਼ਬਾਬ, ਗੁਲਾਬ, ਕਿਤਾਬ ਤੇ ਸ਼ਰਾਬ ਦੀ ਗੱਲ ਵੀ ਕਰਦਾ ਹੈ।
ਪੁਸਤਕ : ਮਿੱਟੀ ਤੋਂ ਮਿੱਟੀ ਤੱਕ (ਗ਼ਜ਼ਲ ਸੰਗ੍ਰਹਿ)
ਲੇਖ਼ਕ : ਸੁਭਾਸ਼ ਦੀਵਾਨਾ
ਪੰਨੇ : 78, ਮੁੱਲ : 200/-ਰੁਪਏ
ਪ੍ਰਕਾਸ਼ਨ : ਸੁਭਾਸ਼ ਦੀਵਾਨਾ, ਗੁਰਦਾਸਪੁਰ।
ਹੱਥਲੀ ਪੁਸਤਕ ‘ਮਿੱਟੀ ਤੋਂ ਮਿੱਟੀ ਤੱਕ’ ਸੁਭਾਸ਼ ਦੀਵਾਨਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ’ਚ ਉਸ ਨੇ ਛੋਟੀਆਂ ਅਤੇ ਲੰਬੀਆਂ ਬਹਿਰਾਂ ਵਾਲੀਆਂ 78 ਗ਼ਜ਼ਲਾਂ ਨੂੰ ਸੁਹਿਰਦ ਪਾਠਕਾਂ ਦੇ ਸਮਰਪਿਤ ਕੀਤਾ ਹੈ। ਉਂਜ ਉਸ ਦੇ ਦਰਜਨ ਕੁ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਅਸਲ ’ਚ ਇਸ ਪੁਸਤਕ ਵਿਚ ਮਨੁੱਖ ਨੂੰ ਮਿੱਟੀ ਦਾ ਰੂਪਕ ਬਿੰਬ ਦੱਸਿਆ ਗਿਆ ਹੈ, ਜਿਸ ਨੇ ਆਖ਼ਰ ਮਿੱਟੀ ਹੀ ਹੋਣਾ ਹੈ ਪਰ ਫਿਰ ਵੀ ਮਨੁੱਖ ਪਦਾਰਥਵਾਦੀ ਯੁੱਗ ’ਚ ਜੀਅ ਤੇ ਵਿਚਰ ਰਿਹਾ ਹੈ। ਸਮਾਜ ’ਚ ਵਿਚਰਦਿਆਂ ਸੰਵੇਦਨਸ਼ੀਲ ਮਨੁੱਖ ਨੂੰ ਉਹ ਹਰ ਗੱਲ ਟੁੰਬਦੀ ਹੈ, ਜਿਹੜੀ ਗ਼ੈਰ-ਮਨੁੱਖੀ ਹੋਵੇ। ਉਹ ਰਾਜਨੀਤੀ ਨੂੰ ਗ਼ੈਰਦੀਨ ਈਮਾਨ ਵਾਲੀ ਰਾਜ ਸੱਤਾ ਮੰਨਦਾ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਕਿਰਤੀਆਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਲਈ ਚਿੰਤਾਤੁਰ ਜਾਪਦਾ ਹੈ। ਇਸ ’ਚ ਵੀ ਕੋਈ ਦੋ ਧਾਰਨਾਵਾਂ ਨਹੀਂ ਹਨ ਕਿ ਵਕਤ ਬਲਵਾਨ ਹੈ। ਉਹ ਆਪਣੀਆਂ ਗ਼ਜ਼ਲਾਂ ਸਭ ਕੁਝ ਗ਼ੈਰ-ਯਕੀਨੀ ਤੇ ਆਦਮੀ ਬਣਿਐ ਮਸ਼ੀਨ ਰਾਹੀਂ ਅੱਜ ਦੇ ਮਸ਼ੀਨੀਕਰਨ ਯੁੱਗ ਵਿਚ ਮਸ਼ੀਨ ਬਣਿਆ ਦੱਸਦਾ ਹੈ, ਜਿਹੜਾ ਪੈਸੇ ਲਈ ਮਸ਼ੀਨ ਜਾਂ ਰੋਬੋਟ ਵਾਂਗ ਕੰਮ ਕਰ ਰਿਹਾ ਹੈ। ਮਨੁੱਖ ਨਾਸ਼ਵਾਨ ਹੈ, ਜਿਸ ਦਾ ਉਸ ਨੂੰ ਬਿਲਕੁਲ ਚੇਤਾ ਨਹੀਂ ਹੈ। ਸਭ ਕੁਝ ਅਪਣਾ ਲੈਣ ਦੀ ਹੋੜ ’ਚ ਲੱਗਿਆ ਰਹਿੰਦਾ ਹੈ। ਨਾਲ ਹੀ ਪੁਸਤਕ ਸਿਆਣਿਆਂ ਦੇ ਵਹਿਮਾਂ-ਭਰਮਾਂ ਦਾ ਜ਼ਿਕਰ ਵੀ ਕਰਦੀ ਹੈ, ਜਿਹੜੇ ਢੰਗ-ਤਰੀਕੇ ਵਰਤ ਕੇ ਮਨੁੱਖ ਨੂੰ ਉਲਝਾਈ ਫਿਰਦੇ ਹਨ। ਗ਼ਜ਼ਲ ਦਾ ਮਤਲਾ ਦੇਖੋ :
ਦੱਸਿਆ ਸਿਆਣਿਆਂ ਨੇ, ਬਾਹਰ ਦਾ ਇਹ ਸਾਇਆ।
ਭੂਤਾਂ ਨੇ ਤੇਰੇ ਅੰਦਰ, ਘਰ ਆਪਣਾ ਬਣਿਆ। (ਪੰਨਾ 24)
ਇਸੇ ਤਰ੍ਹਾਂ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤਿਆਂ ਦੇ ਮਤਲਬੀ ਹੋਣ ਦੀ ਦੁਹਾਈ ਵੀ ਦਿੰਦੀ ਹੈ ਪੁਸਤਕ। ਮਨੁੱਖ ਦਾ ਸੰਸਾਰ ਵਿਚ ਆਉਣ ਤੇ ਜਾਣ ਬਣਿਆ ਹੈ, ਇਸ ਸਮੇਂ ਵਿਚ ਇਨਸਾਨ ਕੀ ਅਦਭੁੱਤ ਕਰਦਾ ਹੈ। ਵਿੱਛੜ ਗਏ ਮਿੱਤਰਾਂ-ਪਿਆਰਿਆਂ ਦਾ ਸੱਲ੍ਹ ਵੀ ਦੁੱਖਦਾਈ ਹੁੰਦਾ ਹੈ। ਗ਼ਜ਼ਲਗੋ ਪੁਸਤਕ ਦੀਆਂ ਗ਼ਜ਼ਲਾਂ ਵਿਚ ਸ਼ਬਾਬ, ਗੁਲਾਬ, ਕਿਤਾਬ ਤੇ ਸ਼ਰਾਬ ਦੀ ਗੱਲ ਵੀ ਕਰਦਾ ਹੈ। ਸ਼ਰੀਫ ਆਦਮੀ ਦੀ ਅੱਜ ਦੇ ਸਮਾਜ ’ਚ ਕੋਈ ਥਾਂ ਨਹੀਂ, ਸ਼ਰਾਫ਼ਤ ਵੀ ਸ਼ਾਮਤ ਬਣ ਜਾਂਦੀ ਹੈ। ਇਕ ਸ਼ਿਅਰ ਗੌਰਤਲਬ ਹੈ :
ਸ਼ਰਾਫ਼ਤ ਸਿੱਧ ਹੋਈ ਹੈ ਕਿਆਮਤ।
ਜੋ ਲੈ ਆਈ ਹੈ ਮੇਰੇ ਭਾਅ ਦੀ ਸ਼ਾਮਤ। (ਪੰਨਾ 43)
ਕੁਦਰਤ, ਜ਼ਿੰਦਗੀ ਦਾ ਕਬੂਲਨਾਮਾ, ਜਿਊਣ ਮਰਨ, ਸਹਿਣਸ਼ੀਲਤਾ, ਸ਼ਬਦ, ਅਵਾਰਾ ਦਿਲ ਆਦਿ ਪੱਖਾਂ ਨੂੰ ਛੂਹਦੀਆਂ ਗ਼ਜ਼ਲਾਂ ਦਾ ਦ੍ਰਿਸ਼ਟਾਂਤ ਪੇਸ਼ ਕੀਤਾ ਗਿਆ ਹੈ। ਲੇਖਕ ਦੀਆਂ ਗ਼ਜ਼ਲਾਂ ਵਿੱਚੋਂ ਵਿਅੰਗ ਦੀ ਝਲਕ ਵੀ ਮਹਿਸੂਸ ਹੁੰਦੀ ਹੈ। ਪੁਸਤਕ ’ਚ ਭਾਵੇਂ ਕਈ ਸ਼ਬਦ ਨਵੇਂ ਵੀ ਵਰਤੇ ਗਏ ਹਨ ਪਰ ਪਾਠਕਾਂ ਦੇ ਹਾਣੀ ਨਹੀਂ ਬਣ ਸਕਦੇ। ਸੁਰ-ਲੈਅ ਨੂੰ ਬਣਾਈ ਰੱਖਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ।
- ਤੇਜਿੰਦਰ ਚੰਡਿਹੋਕ