Book Review : ਭਗਤ ਕਵੀਆਂ ਦੀ ਬਾਣੀ ਬਾਰੇ ਗਿਆਨਾਤਮਕ ਪਰਿਪੇਖ ਸਿਰਜਦੀ ਕਿਤਾਬ ‘ਭਗਤੁ ਸਤਿਗੁਰੂ ਹਮਾਰਾ’
ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਅਗੰਮੀ ਲੋਅ ਦਾ ਚਾਨਣ ਮੁਨਾਰਾ ਹੈ ਜਿਸ ਵਿਚ ਸ਼ਾਮਿਲ ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਬਾਣੀਕਾਰਾਂ ਦੇ ਵਿਚਾਰਧਾਰਕ ਸੂਤਰ ਨੂੰ ਏਕਤਾ ਦੀ ਮਾਲਾ ਵਿਚ ਪਰੋ ਕੇ ਪੇਸ਼ ਕੀਤਾ। ਗੁਰੂ ਗ੍ਰੰਥ ਸਾਹਿਬ ’ਚ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤ ਕਵੀਆਂ ਦੀ ਬਾਣੀ ਵੀ ਸ਼ਾਮਿਲ ਹੈ ਭਾਵੇਂ ਕਿ ਇਸ ਮਹਾਨ ਗ੍ਰੰਥ ਵਿਚ ਭੱਟਾਂ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਦੀ ਬਾਣੀ ਵੀ ਦਰਜ ਹੈ।
Publish Date: Sat, 10 Dec 2022 11:01 AM (IST)
Updated Date: Sun, 11 Dec 2022 10:00 AM (IST)
ਪੁਸਤਕ : ਭਗਤੁ ਸਤਿਗੁਰੂ ਹਮਾਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਅਗੰਮੀ ਲੋਅ ਦਾ ਚਾਨਣ ਮੁਨਾਰਾ ਹੈ ਜਿਸ ਵਿਚ ਸ਼ਾਮਿਲ ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਬਾਣੀਕਾਰਾਂ ਦੇ ਵਿਚਾਰਧਾਰਕ ਸੂਤਰ ਨੂੰ ਏਕਤਾ ਦੀ ਮਾਲਾ ਵਿਚ ਪਰੋ ਕੇ ਪੇਸ਼ ਕੀਤਾ। ਗੁਰੂ ਗ੍ਰੰਥ ਸਾਹਿਬ ’ਚ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤ ਕਵੀਆਂ ਦੀ ਬਾਣੀ ਵੀ ਸ਼ਾਮਿਲ ਹੈ ਭਾਵੇਂ ਕਿ ਇਸ ਮਹਾਨ ਗ੍ਰੰਥ ਵਿਚ ਭੱਟਾਂ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਦੀ ਬਾਣੀ ਵੀ ਦਰਜ ਹੈ ਪਰ ਵਿਚਾਰਧੀਨ ਪੁਸਤਕ ਵਿਚ ਜਸਵੰਤ ਸਿੰਘ ਜ਼ਫ਼ਰ ਨੇ ਕੇਵਲ ਭਗਤ ਕਵੀਆਂ ਦੀ ਵਿਚਾਰਧਾਰਾ ਅਤੇ ਬਾਣੀ ਬਾਰੇ ‘ਭਗਤੁਸਤਿਗੁਰੂਹਮਾਰਾ’ ਸਿਰਲੇਖ ਤਹਿਤ ਆਪਣਾ ਵਿਚਾਰ ਵਿਅਕਤ ਕੀਤਾ ਹੈ।
ਇਸ ਪੁਸਤਕ ਦੀ ਖ਼ਾਸੀਅਤ ਇਹ ਹੈ ਕਿ ਜਿੱਥੇ ਇਹ ਭਗਤ ਬਾਣੀਕਾਰਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਸਤੁਤ ਕਰਦੀ ਹੈ ਉੱਥੇ ਉਨ੍ਹਾਂ ਦੀ ਵਿਵੇਕ ਬੁੱਧੀ ਅਤੇ ਬਾਣੀ ਦੀਆਂ ਮੂਲ ਸੁਰਾਂ ਨੂੰ ਪਛਾਣਨ ਦਾ ਯਤਨ ਵੀ ਕੀਤਾ ਗਿਆ ਹੈ। ਪੰਜਾਬੀ ਸਾਹਿਤ ਦੇ ਮੁੱਢਲੇ ਕਵੀ ਬਾਬਾ ਫ਼ਰੀਦ ਜੀ ਤੋਂ ਲੈ ਕੇ ਭਗਤ ਸੂਰਦਾਸ ਜੀ ਤਕ ਸਾਰੇ ਹੀ ਭਗਤ ਕਵੀਆਂ ਦੀ ਬਾਣੀ ਬਾਰੇ ਗਿਆਨਾਤਮਕ ਪਰਿਪੇਖ ਸਿਰਜ ਕੇ ਉਨ੍ਹਾਂ ਦੀ ਬਾਣੀ ਦੀ ਵਿਸ਼ੇਸ਼ਤਾ ਅਤੇ ਬਾਣੀ ਦੇ ਹਵਾਲਿਆਂ ਸਹਿਤ ਆਪਣਾ ਮਤ ਸਪੱਸ਼ਟ ਕੀਤਾ ਗਿਆ ਹੈ। ਭਗਤ ਬਾਣੀ ਦੀ ਗੁਰੂ ਸਾਹਿਬਾਨ ਦੀ ਬਾਣੀ ਨਾਲ ਵਿਚਾਰਧਾਰਕ ਸਾਂਝ ਬਾਰੇ ਅਤੇ ਇਕ ਭਗਤ ਦੀ ਬਾਣੀ ਦੀ ਦੂਜੇ ਭਗਤਾਂ ਦੀ ਬਾਣੀ ਨਾਲ ਵਿਚਾਰਧਾਰਕ ਸਾਂਝ ਅਤੇ ਪ੍ਰਵਾਹਵਾਨ ਹੁੰਦੇ ਵਿਚਾਰਾਂ ਬਾਰੇ ਵੀ ਲੇਖਕ ਨੇ ਵਿਸ਼ੇਸ਼ ਰੂਪ ਵਿਚ ਪ੍ਰਸੰਗ ਸਿਰਜਿਆ ਹੈ। ਵੱਖ-ਵੱਖ ਬਾਣੀਕਾਰਾਂ ਦੀ ਬਾਣੀ ਦੇ ਰੂਪਕ ਪੱਖ ਨੂੰ ਵੀ ਪੁਸਤਕ ਵਿਚ ਵਿਚਾਰਿਆ ਗਿਆ ਹੈ। ਗੁਰਬਾਣੀ ਵਿਸ਼ੇਸ਼ ਕਰਕੇ
ਭਗਤ ਬਾਣੀ ਦੇ ਜਗਿਆਸੂਆਂ ਲਈ ਇਹ ਪੁਸਤਕ ਲਾਹੇਵੰਦੀ ਸਾਬਤ ਹੋ ਸਕਦੀ ਹੈ। ਕਿਤਾਬ ’ਚ ਪ੍ਰਸਿੱਧ ਚਿੱਤਰਕਾਰ ਸਿਧਾਰਥ ਦੁਆਰਾ ਬਣਾਏ ਗਏ ਚਿੱਤਰ ਵੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦੀ ਦਿੱਖ ਤੇ ਸਰਵਰਕ ਵੀ ਕਾਬਲੇ-ਤਾਰੀਫ਼ ਹੈ। ਸਮੁੱਚੇ ਰੂਪ ’ਚ ਇਹ ਬਾਣੀਕਾਰਾਂ ਪ੍ਰਤੀ ਸ਼ਰਧਾ ਤੇ ਪ੍ਰੇਮ ਉਪਜਾਉਣ ਵਾਲੀ ਪੁਸਤਕ ਹੈ।