Book Review : ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਕਲਾਤਮਿਕਤਾ ਨਾਲ ਤਸਵੀਰਕਸ਼ੀ ਕਰਦੀ ਕਿਤਾਬ ‘ਮਨ ਕੈਨਵਸ’
ਹਰਦੇਵ ਚੌਹਾਨ ਸਿਰਫ਼ ਬਾਲ ਮਨਾਂ ਨੂੰ ਸਮਝਣ ਵਾਲਾ ਸੂਖ਼ਮਭਾਵੀ ਸਾਹਿਤਕਾਰ ਹੀ ਨਹੀਂ ਸਗੋਂ ਵੱਡਿਆਂ ਦੀ ਨਬਜ਼ ਪਛਾਣਨ ’ਚ ਵੀ ਉਸ ਦਾ ਕੋਈ ਸਾਨੀ ਨਹੀਂ। ਕਾਫ਼ੀ ਸਮਾਂ ਅਧਿਆਪਨ ਦੇ ਕਾਰਜ ’ਚ ਲੱਗੇ ਰਹਿਣ ਕਰਕੇ ਵੀ ਉਸ ਦੀਆਂ ਰਚਨਾਵਾਂ ਦਾ ਘੇਰਾ ਕਾਫ਼ੀ ਵਸੀਹ ਹੈ। ਉਸ ਦੀਆਂ ਕਿਤਾਬਾਂ ਹੋਰਨਾਂ ਭਾਸ਼ਾਵਾਂ ’ਚ ਵੀ ਅਨੁਵਾਦ ਹੋਈਆਂ ਹਨ।
Publish Date: Sat, 10 Dec 2022 11:06 AM (IST)
Updated Date: Sun, 11 Dec 2022 10:00 AM (IST)

ਪ੍ਰਕਾਸ਼ਕ : ਸਪਰੈਡ ਪਬਲੀਕੇਸਨਜ਼, ਪਟਿਆਲਾ।
ਹਰਦੇਵ ਚੌਹਾਨ ਸਿਰਫ਼ ਬਾਲ ਮਨਾਂ ਨੂੰ ਸਮਝਣ ਵਾਲਾ ਸੂਖ਼ਮਭਾਵੀ ਸਾਹਿਤਕਾਰ ਹੀ ਨਹੀਂ ਸਗੋਂ ਵੱਡਿਆਂ ਦੀ ਨਬਜ਼ ਪਛਾਣਨ ’ਚ ਵੀ ਉਸ ਦਾ ਕੋਈ ਸਾਨੀ ਨਹੀਂ। ਕਾਫ਼ੀ ਸਮਾਂ ਅਧਿਆਪਨ ਦੇ ਕਾਰਜ ’ਚ ਲੱਗੇ ਰਹਿਣ ਕਰਕੇ ਵੀ ਉਸ ਦੀਆਂ ਰਚਨਾਵਾਂ ਦਾ ਘੇਰਾ ਕਾਫ਼ੀ ਵਸੀਹ ਹੈ। ਉਸ ਦੀਆਂ ਕਿਤਾਬਾਂ ਹੋਰਨਾਂ ਭਾਸ਼ਾਵਾਂ ’ਚ ਵੀ ਅਨੁਵਾਦ ਹੋਈਆਂ ਹਨ। ਖ਼ੁਦ ਬਹੁਪੱਖੀ ਹੋਣ ਕਰਕੇ ਉਸ ਦੀਆਂ ਲਿਖਤਾਂ ਦੇ ਵਿਸ਼ੇ ਵੀ ਬਹੁਪੱਖੀ ਹਨ।
ਉਸ ਦੀ ਵਾਰਤਕ ਪੁਸਤਕ ‘ਮਨ ਕੈਨਵਸ’ ’ਚ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਬੜੀ ਕਲਾਤਮਿਕਤਾ ਨਾਲ ਤਸਵੀਰਕਸ਼ੀ ਹੋਈ ਹੈ। ਇਸ ’ਚ ਜਿੱਥੇ ਭੂਤਕਾਲ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਹਨ, ਉੱਥੇ ਭਵਿੱਖ ਲਈ ਸੁਨੇਹੇ ਵੀ ਹਨ। ਲੇਖ ਪੜ੍ਹ ਕੇ ਸਾਨੂੰ ਪੁਰਾਣਾ ਪੰਜਾਬ ਆਵਾਜ਼ਾਂ ਮਾਰਦਾ ਪ੍ਰਤੀਤ ਹੁੰਦਾ ਹੈ। ਇਸ ਵਿਚਲੇ ਜ਼ਿਆਦਾਤਰ ਲੇਖ ਅਖ਼ਬਾਰਾਂ ’ਚ ਛਪਣ ਵਾਲੇ ਮਿਡਲ ਦੀ ਵੰਨਗੀ ਦੇ ਹਨ। ਉਸ ਦੀ ਵਾਰਤਕ ਵੀ ਕਾਵਿਮਈ ਹੈ, ਜੋ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਪਾਠਕ ਨੂੰ ਕੀਲੀ ਰੱਖਦੀ ਹੈ। ਉਸ ਦੇ ਲੇਖਾਂ ਵਿਚ ਅੰਤਾਂ ਦੀ ਰਵਾਨਗੀ ਹੈ। ਲੇਖ ਇਨਸਾਨ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਪੰਜਾਬ ਦੇ ਕਾਲੇ ਦੌਰ ਦੀਆਂ ਯਾਦਾਂ ਦਾ ਬਿਰਤਾਂਤ ਲੂ ਕੰਡੇ ਖੜ੍ਹੇ ਕਰਨ ਵਾਲਾ ਹੈ। ਕੋਰੋਨਾ ਦੌਰ ’ਚ ਸਾਹਮਣੇ ਆਈ ਸੰਵੇਦਨਹੀਣਤਾ ਦਾ ਜ਼ਿਕਰ ਵੀ ਲੇਖਕ ਨੇ ਕੀਤਾ ਹੈ। ਪਰਿਵਾਰਕ ਰਿਸ਼ਤਿਆਂ ਬਾਰੇ ਲੇਖ ਹਰ ਪਾਠਕ ਦੇ ਧੁਰ ਅੰਦਰ ਤਕ ਲਹਿ ਜਾਣ ਵਾਲੇ ਹਨ। ਲੇਖਕ ਨੇ ਵਿਚ-ਵਿਚਾਲੇ ਕਈਆਂ ਨੂੰ ਚੋਭਾਂ ਵੀ ਲਾਈਆਂ ਹਨ, ਚਾਹੇ ਉਹ ਆਲਮੀ ਸਿਹਤ ਜਥੇਬੰਦੀ ਹੋਵੇ ਜਾਂ ਫਿਰ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਪੀਲੀ ਪੱਤਰਕਾਰੀ ਕਰਨ ਵਾਲੇ। ਲੇਖਕ ਨੇ ਜ਼ਿੰਦਗੀ ਦੀ ਫਿਲਾਸਫੀ ਨੂੰ ਬੜੇ ਆਸਾਨ ਸ਼ਬਦਾਂ ’ਚ ਸਾਡੇ ਸਨਮੁੱਖ ਕੀਤਾ ਹੈ। ਕੁਝ ਲੇਖ ਲੰਬੇ ਹੋਣ ਦੇ ਬਾਵਜੂਦ ਬੜੇ ਦਿਲਚਸਪ ਹਨ। ਲੇਖਕ ਨੇ ਘਟਨਾਵਾਂ ਦੀ ਤਰਤੀਬ ਇਸ ਤਰੀਕੇ ਨਾਲ ਪੇਸ਼ ਕੀਤੀ ਹੈ ਕਿ ਪੂਰਾ ਖਾਕਾ ਅੱਖਾਂ ਮੂਹਰੇ ਆ ਸਾਕਾਰ ਹੁੰਦਾ ਹੈ। ਇਹ ਕਿਤਾਬ ਪੰਜਾਬੀ ਵਾਰਤਕ ਸਾਹਿਤ ’ਚ ਮੁੱਲਵਾਨ ਵਾਧਾ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।
- ਗੁਰਪ੍ਰੀਤ ਖੋਖਰ