ਸੰਤੋਖ ਸਿੰਘ ਧੀਰ ਕਵੀ ਵੀ ਵੱਡਾ ਸੀ। ਲੇਖਕ ਨੇ ਉਸ ਦੇ ਬਹੁਤ ਸਾਰੇ ਕਾਵਿ-ਸੰਗ੍ਰਹਿਆਂ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਹੈ। ਭਾਵੇਂ ਕਿ ਕਈਆਂ ਦਾ ਜ਼ਿਕਰ ਉਨ੍ਹਾਂ ਦੇ ਨਾਂ ਕਰਕੇ ਹੀ ਆਇਆ ਹੈ ਅਤੇ ਬਹੁਤੀ ਚਰਚਾ ਇਨ੍ਹਾਂ ਵਿਚਲੀਆਂ ਕੁਝ ਕੁ ਕਵਿਤਾਵਾਂ ਦੀ ਕੀਤੀ ਹੈ ਪਰ ਕੁਝ ਇਕ ਕਾਵਿ-ਸੰਗ੍ਰਹਿ ਜਿਵੇਂ ‘ਪਹੁ ਫੁਟਾਲਾ’, ‘ਪਤ ਝੜੇ ਪੁਰਾਣੇ’, ‘ਕਾਲੀ ਬਰਛੀ’, ‘ਸੰਜੀਵਨੀ’, ‘ਸਿੰਘਾਵਲੀ’, ‘ਜਦੋਂ ਅਸੀਂ ਆਵਾਂਗੇ’ ਆਦਿ ਦਾ ਜ਼ਿਕਰ ਪੁੂਰੇ ਵਿਸਥਾਰ ਨਾਲ ਕੀਤਾ ਗਿਆ ਹੈ

ਪੁਸਤਕ : ਸੰਤੋਖ ਸਿੰਘ ਧੀਰ : ਸ਼ਾਇਰੀ ਤੇ ਸੋਚ
ਲੇਖਕ : ਪ੍ਰੋ. ਮੇਵਾ ਸਿੰਘ ਤੁੰਗ
ਸੰਪਾਦਨ : ਡਾ. ਬਲਦੇਵ ਸਿੰਘ ਬੱਦਨ
ਪੰਨੇ : 108 ਮੁੱਲ : 200/-
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ।
ਪੰਜਾਬੀ ਪਾਠਕਾਂ ਦੀ ਬਹੁਗਿਣਤੀ ਸੰਤੋਖ ਸਿੰਘ ਧੀਰ ਨੂੰ ਪ੍ਰਗਤੀਵਾਦੀ ਕਹਾਣੀਕਾਰ ਦੇ ਤੌਰ ’ਤੇ ਹੀ ਜਾਣਦੀ ਹੈ। ਉਹ ਇਕ ਬਹੁਪੱਖੀ ਪ੍ਰਤਿਭਾ ਦਾ ਮਾਲਕ ਲੇਖਕ ਸੀ ਜਿਸ ਨੇ ਨਾਵਲਕਾਰੀ, ਕਹਾਣੀ ਸਿਰਜਣਾ ਅਤੇ ਕਾਵਿ-ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ। ਸੰਤੋਖ ਸਿੰਘ ਧੀਰ ਦੀ ਕਾਵਿ-ਯਾਤਰਾ ਅਤੇ ਉਸ ਦੀ ਸਿਰਜਣਾਤਮਕ ਸੋਚ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਪੁਸਤਕ ‘ਸੰਤੋਖ ਸਿੰਘ ਧੀਰ : ਸ਼ਾਇਰੀ ਤੇ ਸੋਚ (ਸਾਹਿਤ ਚਿੰਤਨ)’ ਸਾਹਮਣੇ ਆਈ ਹੈ ਜਿਸ ਦੇ ਲੇਖਕ ਪ੍ਰੋ ਮੇਵਾ ਸਿੰਘ ਤੁੰਗ ਹਨ। ਸੰਤੋਖ ਸਿੰਘ ਧੀਰ ਦੀ ਸੋਚ ਬਾਰੇ ਲੇਖਕ ਜ਼ਿਕਰ ਕਰਦਾ ਹੈ ਕਿ ਉਹ ਭਾਵੇਂ ਕਿਸੇ ਮਸਲੇ ਬਾਰੇ ਅਸਹਿਮਤ ਹੀ ਕਿਉਂ ਨਾ ਹੋਵੇ ਪਰ ਉਸ ਦੀਆਂ ਲਿਖਤਾਂ ਵਿਚ ਉਸ ਦਾ ਜ਼ਿਕਰ ਕਿਸੇ ਹੋਰ ਨਜ਼ਰੀਏ ਤੋਂ ਵੀ ਆਇਆ ਹੈ ਜਿਸ ਦੀਆਂ ਉਦਾਹਰਨਾਂ ਲੇਖਕ ਨੇ ਉਸ ਦੀਆਂ ਰਚਨਾਵਾਂ ਦੇ ਸਬੰਧ ਵਿਚ ਦਿੱਤੀਆਂ ਹਨ। ਉਸ ਨੇ ਆਪਣੀ ਜੀਵਨ ਕਹਾਣੀ ਦਾ ਨਾਂ ‘ਬਿ੍ਰਹਸਪਤੀ’ ਰਖਿਆ। ਧੀਰ ਮੁਤਾਬਕ ਉਸ ਨੂੰ ਜੋਤਸ਼ੀਆਂ ਨੇ ਦੱਸਿਆ ਸੀ ਕਿ ਉਸ ਦਾ ਪ੍ਰਧਾਨ ਗ੍ਰਹਿ ‘ਬਿ੍ਰਹਸਪਤ’ ਹੈ। ਧੀਰ ਭਾਵੇਂ ਜੋਤਿਸ਼ ਨੂੰ ਸਵੀਕਾਰ ਨਹੀਂ ਸੀ ਕਰਦਾ ਪਰ ਉਸਦੀ ਲਿਖਤ ਇਸ ਦਾ ਜ਼ਿਕਰ ਜ਼ਰੂਰ ਕਰਦੀ ਹੈ।
ਸੰਤੋਖ ਸਿੰਘ ਧੀਰ ਕਵੀ ਵੀ ਵੱਡਾ ਸੀ। ਲੇਖਕ ਨੇ ਉਸ ਦੇ ਬਹੁਤ ਸਾਰੇ ਕਾਵਿ-ਸੰਗ੍ਰਹਿਆਂ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਹੈ। ਭਾਵੇਂ ਕਿ ਕਈਆਂ ਦਾ ਜ਼ਿਕਰ ਉਨ੍ਹਾਂ ਦੇ ਨਾਂ ਕਰਕੇ ਹੀ ਆਇਆ ਹੈ ਅਤੇ ਬਹੁਤੀ ਚਰਚਾ ਇਨ੍ਹਾਂ ਵਿਚਲੀਆਂ ਕੁਝ ਕੁ ਕਵਿਤਾਵਾਂ ਦੀ ਕੀਤੀ ਹੈ ਪਰ ਕੁਝ ਇਕ ਕਾਵਿ-ਸੰਗ੍ਰਹਿ ਜਿਵੇਂ ‘ਪਹੁ ਫੁਟਾਲਾ’, ‘ਪਤ ਝੜੇ ਪੁਰਾਣੇ’, ‘ਕਾਲੀ ਬਰਛੀ’, ‘ਸੰਜੀਵਨੀ’, ‘ਸਿੰਘਾਵਲੀ’, ‘ਜਦੋਂ ਅਸੀਂ ਆਵਾਂਗੇ’ ਆਦਿ ਦਾ ਜ਼ਿਕਰ ਪੁੂਰੇ ਵਿਸਥਾਰ ਨਾਲ ਕੀਤਾ ਗਿਆ ਹੈ। ਲੇਖਕ ਧੀਰ ਦੀ ਵਿਚਾਰਧਾਰਕ ਪਹੁੰਚ ਬਾਰੇ ਨਾਲੋ-ਨਾਲ ਜ਼ਿਕਰ ਕਰਦਾ ਹੈ। ਪੁਸਤਕ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਲੇਖਕ ਧੀਰ ਬਾਰੇ ਪਾਠਕਾਂ ਨਾਲ ਗੱਲਾਂ ਕਰ ਰਿਹਾ ਹੋਵੇ। ਇਹ ਪੁਸਤਕ ਦੀ ਰੌਚਕਤਾ ਵੀ ਹੈ। ਇਸ ਪੁਸਤਕ ਦੀ ਭੂਮਿਕਾ ਵਿਚ ਪ੍ਰੋ. ਮੇਵਾ ਸਿੰਘ ਤੁੰਗ ਬਾਰੇ ਡਾ. ਬਲਦੇਵ ਸਿੰਘ ਬੱਦਨ ਦਾ ਲੇਖ ਵੀ ਕਾਬਲੇ-ਤਾਰੀਫ਼ ਹੈ ਜੋ ਪ੍ਰੋ.ਤੁੰਗ ਦੀ ਪਾਠਕਾਂ ਨਾਲ ਸਾਂਝ ਪੁਆਉਂਦਾ ਹੈ।
- ਡਾ. ਸਰਦੂਲ ਸਿੰਘ ਔਜਲਾ