ਗੁਰਦਾਸ ਸਿੰਘ ਦਾਸ ਦੀ ਕਾਵਿ ਪੁਸਤਕ ‘ਮਨ ਦੀਆਂ ਪੀਂਘਾਂ’ ’ਚ ਕੁਲ 62 ਕਾਵਿ-ਰਚਨਾਵਾਂ ਸ਼ਾਮਿਲ ਹਨ ਜਿਨ੍ਹਾਂ ਵਿਚ 24 ਗੀਤਕ ਰਚਨਾਵਾਂ ਅਤੇ 38 ਕਵਿਤਾ ਦੀ ਸਿਨਫ਼ ਵਾਲੀਆਂ ਰਚਨਾਵਾਂ ਹਨ। ਭਾਵੇਂ ਕਿ ਗੀਤ ਵੀ ਕਵਿਤਾ ਦੀ ਹੀ ਇਕ ਸ਼ਾਖ ਹੈ ਪਰ ਗੀਤ ਦੀਆਂ ਆਪਣੀਆਂ ਰੀਤੀਆਂ ਹਨ ਜਿਸ ਕਰਕੇ ਇਸ ਨੂੰ ਕਵਿਤਾ ਦੇ ਹੋਰ ਰੂਪਾਂ ਜਿਵੇਂ ਨਜ਼ਮ, ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਨਾਲੋਂ ਅਲੱਗ ਪਹਿਚਾਣ ਦਿੰਦੀਆਂ ਹਨ।

ਪੁਸਤਕ : ਮਨ ਦੀਆਂ ਪੀਂਘਾਂ (ਕਾਵਿ-ਸੰਗ੍ਰਹਿ)
ਕਵੀ : ਗੁਰਦਾਸ ਸਿੰਘ ਦਾਸ
ਪੰਨੇ : 102 ਮੁੱਲ : 200/-
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ।
ਗੁਰਦਾਸ ਸਿੰਘ ਦਾਸ ਦੀ ਕਾਵਿ ਪੁਸਤਕ ‘ਮਨ ਦੀਆਂ ਪੀਂਘਾਂ’ ’ਚ ਕੁਲ 62 ਕਾਵਿ-ਰਚਨਾਵਾਂ ਸ਼ਾਮਿਲ ਹਨ ਜਿਨ੍ਹਾਂ ਵਿਚ 24 ਗੀਤਕ ਰਚਨਾਵਾਂ ਅਤੇ 38 ਕਵਿਤਾ ਦੀ ਸਿਨਫ਼ ਵਾਲੀਆਂ ਰਚਨਾਵਾਂ ਹਨ। ਭਾਵੇਂ ਕਿ ਗੀਤ ਵੀ ਕਵਿਤਾ ਦੀ ਹੀ ਇਕ ਸ਼ਾਖ ਹੈ ਪਰ ਗੀਤ ਦੀਆਂ ਆਪਣੀਆਂ ਰੀਤੀਆਂ ਹਨ ਜਿਸ ਕਰਕੇ ਇਸ ਨੂੰ ਕਵਿਤਾ ਦੇ ਹੋਰ ਰੂਪਾਂ ਜਿਵੇਂ ਨਜ਼ਮ, ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਨਾਲੋਂ ਅਲੱਗ ਪਹਿਚਾਣ ਦਿੰਦੀਆਂ ਹਨ। ਗੁਰਦਾਸ ਸਿੰਘ ਦਾਸ ਦੀ ਇਸ ਕਾਵਿ-ਪੁਸਤਕ ਵਿਚਲੀਆਂ ਸਾਰੀਆਂ ਹੀ ਕਵਿਤਾਵਾਂ ਜਿੱਥੇ ਸਮਾਜ ਵਿਚ ਫੈਲੇ ਕੁਹਜ ਨੂੰ ਦੂਰ ਕਰਨ ਲਈ ਤਤਪਰ ਹਨ ਉੱਥੇ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਫੈਲਾਓ ਵਾਲੇ ਕਾਵਿ-ਰੰਗ ਨੂੰ ਵੀ ਪੇਸ਼ ਕਰਦੀਆਂ ਹਨ। ਜੇਕਰ ਸਮਾਜ ਵਿਚ ਨੈਤਿਕਤਾ, ਭਾਈਚਾਰਕ ਸਾਂਝ ਹੋਵੇਗੀ ਤਾਂ ਸਮਾਜ ਤਰੱਕੀ ਵੱਲ ਜਾਵੇਗਾ। ਜੇਕਰ ਸਮਾਜ ਵਿਚ ਊਚ-ਨੀਚ ਅਤੇ ਭੇਦ-ਭਾਵ ਦਾ ਬੋਲਬਾਲਾ ਹੋਵੇਗਾ ਤਾਂ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਹੈ। ਇਸੇ ਲਈ ਉਹ ਆਪਣੀਆਂ ਰਚਨਾਵਾਂ ਵਿਚ ਰੱਬ ਦੀ ਯਾਦ ਨੂੰ ਦਿਲ ਵਿਚ ਵਸਾਉਣ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉੱਤੇ ਚੱਲਣ ਦਾ ਹੋਕਾ ਦਿੰਦਾ ਹੈ। ਇਸੇ ਕਰਕੇ ਹੀ ਜ਼ਿੰਦਗੀ ਦੀ ਨਾਸ਼ਮਾਨਤਾ ਦੀ ਵੀ ਬਾਤ ਪਾਉਂਦਾ ਹੈ ਕਿਉਂਕਿ ਜ਼ਿੰਦਗੀ ਵਿਚ ਚੰਗੇ ਕਰਮ ਕਰਾਂਗੇ ਤਾਂ ਸਮਾਜ ਨੂੰ ਚੰਗੀਆਂ ਕਦਰਾਂ-ਕੀਮਤਾਂ ਦੇ ਕੇ ਜਾਵਾਂਗੇ ਜਿਵੇਂ ਲਿਖਦਾ ਹੈ :
ਤੂੰਬਾ ਜ਼ਿੰਦਗੀ ਦਾ,
ਸਦਾ ਨਹੀਂ ਵਜਦਿਆਂ ਰਹਿਣਾ
ਇਕ ਦਿਨ ਤਾਰ ਨੇ ਟੁੱਟ ਜਾਣਾ
ਜਦ ਅੰਤ ਸਮੇਂ ਨੇ ਆਉਣਾ।
ਕਵੀ ਚਾਹੁੰਦਾ ਹੈ ਕਿ ਸਮਾਜ ਵਿਚ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ ਤਾਂ ਹੀ ਸਮਾਜ ਉਸਾਰੂ ਕਦਰਾਂ-ਕੀਮਤਾਂ ਵੱਲ ਅਗਰਸਰ ਹੋਵੇਗਾ ਉਹ ਪਘ੍ਰ ਉਦਾਹਰਨ ਦੇ ਕੇ ਸਮਾਜਿਕ ਏਕਤਾ ਵੱਲ ਇਸ਼ਾਰਾ ਇੰਜ ਕਰਦਾ ਹੈ ਜਿਵੇਂ :
ਉਹ ਘਰ ਸਵਰਗ ਸਮਾਨ ਹੈ
ਜਿਸ ਘਰ ਦੋਹਾਂ ਵਿਚ ਪਿਆਰ
ਉਹ ਘਰ ਨਰਕ ਹੀ ਸਮਝੋ,
ਜਿੱਥੇ ਦੋਹਾਂ ਵਿਚ ਤਕਰਾਰ।
ਕਵਿਤਾ ਸ਼ੁਭਚਿੰਤਨ ਅਤੇ ਫ਼ਿਕਰਮੰਦੀ ਨੂੰ ਬਰਾਬਰ ਰੂਪ ਵਿਚ ਪੇਸ਼ ਕਰਦੀ ਹੈ। ਕਵਿਤਾ ਸੁਖਾਲੀ ਹੋਣ ਕਰਕੇ ਅਸਰਦਾਰ ਹੈ। ਗੁਰਦਾਸ ਸਿੰਘ ਦਾਸ ਦੀਆਂ ਗੀਤਕ ਰਚਨਾਵਾਂ ਪਾਠਕ ਦਾ ਵਿਸ਼ੇਸ਼ ਤੌਰ ’ਤੇ ਆਪਣੇ ਵੱਲ ਧਿਆਨ ਖਿੱਚਦੀਆਂ ਹਨ।
- ਸਰਦੂਲ ਸਿੰਘ ਔਜਲਾ