ਪੰਜਾਬੀ ਦੇ ਬੇਹੱਦ ਮਕਬੂਲ ਗਲਪਕਾਰ ਦੀ ਵਿਚਾਰ ਅਧੀਨ ਪੁਸਤਕ ’ਚ ਸਮਾਜ ਦੇ ਸਾਧਨ ਵਿਹੂਣੇ ਤਬਕੇ ਦੇ ਲੂੰਅ ਕੰਡੇ ਖੜੇ੍ਹ ਕਰ ਦੇਣ ਵਾਲੇ ਸਮਾਜਕ ਯਥਾਰਥ ਨੂੰ ਮਾਰਮਿਕ ਢੰਗ ਨਾਲ ਬਿਆਨ ਕੀਤਾ ਗਿਆ ਹੈ| ਬੇਹੱਦ ਗ਼ਰੀਬ ਲੋਕਾਂ ਦੇ ਜੀਵਨ ਦੀ ਝਾਕੀ ਇਸ ਢੰਗ ਨਾਲ ਪੇਸ਼ ਕੀਤੀ ਗਈ ਹੈ ਕਿ ਪਾਠਕ ਪੁਸਤਕ ਦੀ ਪਹਿਲੀ ਸਤਰ ਤੋਂ ਆਖਰੀ ਪੰਕਤੀ ਤੀਕ ਜਜ਼ਬਾਤੀ ਹੜ੍ਹ ਵਿੱਚ ਵਹਿੰਦਾ ਚਲਿਆ ਜਾਂਦਾ ਹੈ।

ਪੁਸਤਕ : ਸਾਂਝੀ ਕੁੱਖ (ਨਾਵਲ)
ਲੇਖਕ : ਅਮੀਨ ਮਲਿਕ
ਪੰਨੇ : 231 ਮੁੱਲ : 300/-
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ|
ਪੰਜਾਬੀ ਦੇ ਬੇਹੱਦ ਮਕਬੂਲ ਗਲਪਕਾਰ ਦੀ ਵਿਚਾਰ ਅਧੀਨ ਪੁਸਤਕ ’ਚ ਸਮਾਜ ਦੇ ਸਾਧਨ ਵਿਹੂਣੇ ਤਬਕੇ ਦੇ ਲੂੰਅ ਕੰਡੇ ਖੜੇ੍ਹ ਕਰ ਦੇਣ ਵਾਲੇ ਸਮਾਜਕ ਯਥਾਰਥ ਨੂੰ ਮਾਰਮਿਕ ਢੰਗ ਨਾਲ ਬਿਆਨ ਕੀਤਾ ਗਿਆ ਹੈ| ਬੇਹੱਦ ਗ਼ਰੀਬ ਲੋਕਾਂ ਦੇ ਜੀਵਨ ਦੀ ਝਾਕੀ ਇਸ ਢੰਗ ਨਾਲ ਪੇਸ਼ ਕੀਤੀ ਗਈ ਹੈ ਕਿ ਪਾਠਕ ਪੁਸਤਕ ਦੀ ਪਹਿਲੀ ਸਤਰ ਤੋਂ ਆਖਰੀ ਪੰਕਤੀ ਤੀਕ ਜਜ਼ਬਾਤੀ ਹੜ੍ਹ ਵਿੱਚ ਵਹਿੰਦਾ ਚਲਿਆ ਜਾਂਦਾ ਹੈ। ਕਹਾਣੀ ਨਿਰਧਨ ਮਜ਼ਦੂਰ ਬਸ਼ੀਰ ਅਤੇ ਉਸ ਦੀ ਪਤਨੀ ਸ਼ਾਇਰਾ ਤੋਂ ਸ਼ੂਰੂ ਹੁੰਦੀ ਹੈ। ਬਸ਼ੀਰ ਦੀ ਮਿੱਲ ਵਿੱਚ ਦਰਦਨਾਕ ਮੌਤ, ਸੱਤ ਜਮਾਤਾਂ ਪਾਸ ਮੁਟਿਆਰ ਧੀ ਫਰੀਦਾ ਦਾ ਰੱਖੋ ਦਾਈ ਦੇ ਪੁੱਤਰ ਦਾਰਾ ਦੇ ਘਰ ਬਿਠਾ ਕੇ ਆਪ ਦੁਨੀਆ ਤੋਂ ਤੁਰ ਜਾਣਾ, ਰੱਖੋ-ਨੂਰਾ ਦੇ ਜ਼ਰਾਇਮਪੇਸ਼ਾ ਪਰਿਵਾਰ ਵਿੱਚ ਨਪੀੜੀ ਜਾਂਦੀ ਫਰੀਦਾ, ਦਾਰੇ ਦੀ ਅਨਿਆਈ ਮੌਤ ਉਪਰੰਤ ਜ਼ਾਹਿਲ ਤੇ ਪਤਿਤ ਪਰਿਵਾਰ ਹੱਥੋ ਨਿਕੜੀ ਦੁੱਧ ਪੀਂਦੀ ਬੱਚੀ ਆਰਜੂ ਨੂੰ ਵੱਡੀ ਨਾਨਣ ਨਿਆਮਤ ਦੀ ਝੋਲੀ ਪਾ ਕੇ ਘਰੋਂ ਨਿਕਲਣ ਲਈ ਮਜਬੂਰ ਹੋਣਾ, ਫਿਰ ਸਰਕਾਰੀ ਹਸਪਤਾਲ ਵਿੱਚ ਦਾਖਿਲ ਚਰਾਗ਼ ਦੀ ਬਿਮਾਰ ਮਾਂ ਦੇ ਸੰਪਰਕ ਵਿੱਚ ਆ ਕੇ, ਮਹਾਤੜ ਤੇ ਅਨਪੜ੍ਹ ਮਾਚਿਸ ਦੀ ਫੈਕਟ੍ਰੀ ਦੇ ਕਾਮੇ ਚਰਾਗ਼ ਨਾਲ ਨਿਕਾਹ ਕਰਕੇ ਉਸ ਪਰਿਵਾਰ ਦੀ ਉਟ ਲੈਣੀ ਤੋਂ ਹੁੰਦੀ ਕਹਾਣੀ ਮੁੜ ਨੌਕਰੀ ’ਤੇ ਬਹਾਲ ਕਰਾਉਣਾ, ਅਦਾਲਤੀ ਗਵਾਹੀ ਸਮੇਂ ਸਟੈਨੋਗ੍ਰਾਫਰ ਲੜਕੀ ਵਲੋਂ ਆਪਣਾ ਨਾਂ ਆਰਜ਼ੂ ਪੁੱਤਰੀ ਦਾਰਾ ਦੱਸਣ ਤੇ ਰਿਸ਼ਤੇ ਦਾ ਭੇਤ ਖੱੁਲ੍ਹਣਾ। ਆਪਣੀ ਗੁਆਚੀ ਧੀ ਆਰਜ਼ੂ ਨੂੰ ਮੁੜ ਹਾਸਿਲ ਕਰਕੇ ਨਾਵਲ ਦਾ ਸੁਖਾਂਤਕ ਅੰਤ ਹੁੰਦਾ ਹੈ। ਨਾਵਲ ਵਿੱਚਲਾ ਕਥਾ ਰਸ, ਮੁਹਾਵਰੇਦਾਰ, ਅਖੌਣਾ, ਅਲੰਕਾਰਕ ਭਾਸ਼ਾ ਤੇ ਤਰਕਪੂਰਣ ਸੰਵਾਦ ਵਾਲਾ ਕਥਾਪ੍ਰਵਾਹ ਪਾਠਕ ਨੂੰ ਕੀਲ ਲੈਂਦਾ ਹੈ। ਮੌਕਾ-ਮੇਲ, ਨਾਟਕੀਕਰਣ, ਲੰਮੇ-ਲੰਮੇ ਨਸੀਹਤਾਂ, ਉਪਦੇਸ਼ ਤੇ ਜੀਵਨ ਦਰਸ਼ਨ ਵਾਲੇ ਦਲੀਲ ਭਰਪੂਰ ਕਥਨ ਰੌਚਕ ਹਨ।
ਲੇਖਕ ਨੂੰ ਮਾਨਵੀ ਰਿਸ਼ਤਿਆਂ ਅਤੇ ਉਨ੍ਹਾਂ ਦੀ ਸੂਖਮ ਮਾਨਸਿਕਤਾ ਦੀ ਬਹੁਤ ਸੂਝ ਹੈ। ਪ੍ਰਭਾਵਸ਼ਾਲੀ ਚਰਿੱਤਰ ਚਿਤੱਰਨ ਕਰ ਕੇ ਦਾਈ ਰੱਖੋ, ਮਿੱਲ ਮਾਲਕ, ਜਲਾਲ ਸਹਿਬ ਤੇ ਉਨ੍ਹਾਂ ਦੀ ਬੇਗ਼ਮ, ਹੈੱਡ ਕਲਰਕ, ਬਾਸ ਸਵਾਤੀ, ਫਰੀਦਾ ਤੇ ਮੁਰਾਦ ਆਦਿ ਸਾਰੇ ਪਾਤਰ ਪਾਠਕ ਦੇ ਦਿਲੋ ਦਿਮਾਗ਼ ਨੂੰ ਝੰਜੋੜਦਿਆਂ ਡੂੰਘੀ ਛਾਪ ਛੱਡ ਜਾਂਦੇ ਹਨ। ਭਾਸ਼ਾ, ਸਮਾਜ, ਇਤਿਹਾਸ, ਵਿਗਿਆਨ, ਮਨੁੱਖੀ ਵਿਹਾਰ ਦਾ ਅਦਭੁੱਤ ਗਿਆਨ ਹਾਸਿਲ ਹੁੰਦਾ ਹੈ।
- ਡਾ. ਧਰਮਪਾਲ ਸਾਹਿਲ