Book Review : ਕਵੀ ਦੀ ਮੁਸ਼ੱਕਤ ਜੀਵਨ ਕਹਾਣੀ ਨੂੰ ਬਿਆਨੀ ਕਵਿਤਾਵਾਂ ਦੀ ਕਿਤਾਬ ‘ਜਟਕੀ ਕਵਿਤਾ’
ਡਾ. ਉਜਾਗਰ ਸਿੰਘ ਮਾਨ ਦੀ ਚਰਚਾ ਅਧੀਨ ਪੁਸਤਕ ’ਚ ਕੁੱਲ 40 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕਵਿਤਾਵਾਂ ਦਾ ਵਿਸ਼ਾ ਰੁਮਾਂਟਿਕ ਜਾਂ ਕਾਲਪਨਿਕ ਨਾ ਹੋ ਕੇ ਕਵੀ ਦੇ ਨਿੱਜੀ ਜੀਵਨ ਅਤੇ ਜੀਵਨ ਦੀਆਂ ਯਾਦਾਂ ਨਾਲ ਸਬੰਧਿਤ ਹੈ। ਇਸ ਤਰ੍ਹਾਂ ਪੁਸਤਕ ਨੂੰ ਕਾਵਿ ਸਵੈ-ਜੀਵਨੀ ਵੀ ਕਿਹਾ ਜਾ ਸਕਦਾ ਹੈ।
Publish Date: Sat, 26 Nov 2022 11:31 AM (IST)
Updated Date: Sun, 27 Nov 2022 10:00 AM (IST)
ਪੁਸਤਕ : ਜਟਕੀ ਕਵਿਤਾ (ਬਾਲ ਵਰੇਸ)
ਲੇਖਕ : ਡਾ. ਉਜਾਗਰ ਸਿੰਘ ਮਾਨ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।
ਡਾ. ਉਜਾਗਰ ਸਿੰਘ ਮਾਨ ਦੀ ਚਰਚਾ ਅਧੀਨ ਪੁਸਤਕ ’ਚ ਕੁੱਲ 40 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕਵਿਤਾਵਾਂ ਦਾ ਵਿਸ਼ਾ ਰੁਮਾਂਟਿਕ ਜਾਂ ਕਾਲਪਨਿਕ ਨਾ ਹੋ ਕੇ ਕਵੀ ਦੇ ਨਿੱਜੀ ਜੀਵਨ ਅਤੇ ਜੀਵਨ ਦੀਆਂ ਯਾਦਾਂ ਨਾਲ ਸਬੰਧਿਤ ਹੈ। ਇਸ ਤਰ੍ਹਾਂ ਪੁਸਤਕ ਨੂੰ ਕਾਵਿ ਸਵੈ-ਜੀਵਨੀ ਵੀ ਕਿਹਾ ਜਾ ਸਕਦਾ ਹੈ। ਪਲੇਠੀ ਕਵਿਤਾ ‘ਜ਼ਿੰਦਗੀ ਦੀ ਸ਼ੁਰੂਆਤ’ ’ਚ ਲੇਖਕ ਨੇ ਆਪਣੇ ਜਨਮ ਤੋਂ ਗੱਲ ਸ਼ੁਰੂ ਕਰਦਿਆਂ ਪਿੰਡ ’ਚ ਸਹੂਲਤਾਂ ਦੀ ਕਮੀ ਦੇ ਚੱਲਦਿਆਂ ਗੁਆਂਢੀ ਪਿੰਡਾਂ ਧਨੌਲਾ ਅਤੇ ਉੱਪਲੀ ਆਦਿ ਵਿੱਚੋਂ ਸਹੂਲਤਾਂ ਪ੍ਰਾਪਤ ਕਰਨ ਸਮੇਤ ਆਪਣੇ ਪਾਲਣ ਪੋਸ਼ਣ,ਪੜ੍ਹਾਈ ਅਤੇ ਨੌਕਰੀ ਪ੍ਰਾਪਤ ਕਰਨ ਦੀ ਸਾਰੀ ਕਹਾਣੀ ਬਿਆਨ ਕੀਤੀ ਹੈ।
ਕਵੀ ਦੀ ਖ਼ੁਦ ਦੀ ਜ਼ਿੰਦਗੀ ਨਾਲ ਸਬੰਧਿਤ ਕਵਿਤਾਵਾਂ ਵਿੱਚੋਂ ਆਪਣੇ ਪਿੰਡ ਬਾਰੇ ਦੱਸਣ ਦੇ ਨਾਲ-ਨਾਲ ਗੁਆਂਢੀ ਪਿੰਡਾਂ ਸੇਖਾ, ਕੱਟੂ, ਭੱਠਲਾਂ, ਦਾਨਗੜ੍ਹ, ਬਾਲੀਆਂ, ਹਰੀਗੜ੍ਹ ਅਤੇ ਹੰਡਿਆਇਆ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਵੀ ਨੇ ਬੜੇ ਹੀ ਦਿਲਚਸਪ ਤਰੀਕੇ ਨਾਲ ਆਪਣੇ ਪਿੰਡ ਸਮੇਤ ਆਲੇ ਦੁਆਲੇ ਦੇ ਪਿੰਡਾਂ ਵਿਚ ਲਗਦੇ ਮੇਲਿਆਂ ਬਾਰੇ ਵੀ ਕਾਵਿ ਰੂਪ ’ਚ ਜਾਣਕਾਰੀ ਸਾਂਝੀ ਕੀਤੀ ਹੈ। ਕਵੀ ਨੇ ਆਪਣੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜਿਨ੍ਹਾਂ ਤੋਂ ਸਾਡਾ ਅਜੋਕਾ ਬਚਪਨ ਵਾਂਝਾ ਹੋ ਰਿਹਾ ਹੈ, ਬਾਰੇ ਵੀ ਕਾਵਿ ਰੂਪ ਵਿਚ ਵਧੀਆ ਪੇਸ਼ਕਾਰੀ ਕੀਤੀ ਹੈ।
ਪੁਸਤਕ ਦਾ ਨਾਮ ‘ਜਟਕੀ ਕਵਿਤਾ’ ਵੀ ਬੜਾ ਵਿਲੱਖਣ ਹੈ। ਇਸ ਦਾ ਭਾਵ ਸਿੱਧੀ ਸਾਦੀ ਕਵਿਤਾ ਵੀ ਲਿਆ ਜਾ ਸਕਦਾ ਹੈ। ਪਰ ਛੋਟੀ ਉਮਰ ਤੋਂ ਕਵਿਤਾ ਸੰਗ ਤੁਰਦੇ ਕਵੀ ਨੂੰ ਸਿੱਧੀ ਸਾਦੀਆਂ ਕਵਿਤਾਵਾਂ ਦਾ ਕਵੀ ਨਹੀਂ ਕਿਹਾ ਜਾ ਸਕਦਾ। ਲੇਖਕ ਕਵਿਤਾ ਦੇ ਰੂਪਕ ਪੱਖ ਤੋਂ ਪ੍ਰੌੜ ਜਾਪਦਾ ਹੈ। ਕਵਿਤਾਵਾਂ ਵਿੱਚੋਂ ਹਾਸ ਰਸ ਦੀ ਉਤਪਤੀ ਦੇ ਨਾਲ ਨਾਲ ਪੁਰਤਾਨ ਜੀਵਨ ਦੀ ਝਲਕ ਵੀ ਮਿਲਦੀ ਹੈ। ਬਹੁਤ ਸਾਰੀਆਂ ਅਲੋਪ ਹੋ ਰਹੀਆਂ ਰਸਮਾਂ ਅਤੇ ਪੁਰਾਤਨ ਖੁਰਾਕਾਂ ਬਾਰੇ ਵੀ ਕਵਿਤਾਵਾਂ ਦਰਜ਼ ਕੀਤੀਆਂ ਗਈਆਂ ਹਨ। ਕਵੀ ਦੇ ਕਠਿਨ ਤੇ ਮੁਸ਼ੱਕਤ ਜੀਵਨ ਕਹਾਣੀ ਨੂੰ ਬਿਆਨ ਕਰਦੀਆਂ ਕਵਿਤਾਵਾਂ ’ਚ ਆਸ਼ਾਵਾਦੀ ਸੋਚ ਦਾ ਪਸਾਰਾ ਹੈ।
- ਬਿੰਦਰ ਸਿੰਘ ਖੁੱਡੀ ਕਲਾਂ