ਪੁਸਤਕ : ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉੱਘੇ ਵਸਨੀਕ

ਲੇਖਕ : ਅਵਤਾਰ ਸਿੰਘ

ਪੰਨੇ : 148 ਮੁੱਲ : 300/-

ਪ੍ਰਕਾਸ਼ਕ : ਨਾਂ ਦਰਜ ਨਹੀਂ

ਵਿਚਾਰ ਅਧੀਨ ਪੁਸਤਕ ਰਾਹੀਂ ਲੇਖਕ ਅਵਤਾਰ ਸਿੰਘ ਹੁਰਾਂ ਨੇ ਪਟਿਆਲੇ ਸ਼ਹਿਰ ਦੇ ਇਤਿਹਾਸ ਤੇ ਉੱਥੋਂ ਦੇ ਉੱਘੇ ਵਸਨੀਕਾਂ ਬਾਰੇ ਪਾਠਕਾਂ ਨੂੰ ਬੇਹੱਦ ਗਿਆਨਵਰਧਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। 148 ਸਫ਼ਿਆਂ ਦੀ ਇਸ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਹਿੱੱਸੇ ਵਿਚ ਪਟਿਆਲੇ ਸ਼ਹਿਰ ਦਾ ਇਤਿਹਾਸ ਅਤੇ ਅਹਿਮੀਅਤ ਦਾ ਜ਼ਿਕਰ ਹੈ। ਇਹ ਸ਼ਹਿਰ ਕਿਵੇਂ ਹੋਂਦ ਵਿਚ ਆਇਆ ਇਸ ਬਾਰੇ ਲੇਖਕ ਨੇ ਡੂੰਘੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ।

ਦੂਜੇ ਹਿੱਸੇ ਵਿਚ ਪਟਿਆਲਾ ਰਿਆਸਤ ਦੇ ਹੁਕਮਰਾਨਾਂ ਬਾਰੇ ਸੰਖੇਪ ਰੂਪ ਵਿਚ ਚਰਚਾ ਕੀਤੀ ਗਈ ਹੈ। ਉਨ੍ਹਾਂ ਹੁਕਮਰਾਨਾਂ ਦੇ ਕੀਤੇ ਕੰਮਾਂ ਅਤੇ ਉਨ੍ਹਾਂ ਦੇ ਸ਼ੌਕਾਂ ਦੀ ਚਰਚਾ ਕੀਤੀ ਗਈ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ ਪਟਿਆਲੇ ਸ਼ਹਿਰ ਨਾਲ ਸਬੰਧਤ ਪ੍ਰਸਿੱਧ ਥਾਵਾਂ ਦੀ ਵਿਸਥਾਰਮਈ ਜਾਣਕਾਰੀ ਦੇ ਨਾਲ-ਨਾਲ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ ਜੋ ਸਮੇਂ ਦੇ ਇਤਿਹਾਸ ਨੂੰ ਬਿਆਨਦੀਆਂ ਹਨ। ਚੌਥੇ ਹਿੱਸੇ ਵਿਚ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਰੂਬਰੂ ਕਰਵਾਇਆ ਗਿਆ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ। ਸਰਲ ਭਾਸ਼ਾ ਤੇ ਕੁੱਜੇ ਵਿਚ ਸਮੁੰਦਰ ਭਰਨਾ, ਲੇਖਕ ਅਵਤਾਰ ਸਿੰਘ ਤੇ ਇਸ ਪੁਸਤਕ ਦਾ ਹਾਸਲ ਹੈ। ਪੁਸਤਕ ਦਾ ਪਾਠ ਕਰਦਿਆਂ ਪਟਿਆਲੇ ਸ਼ਹਿਰ ਬਾਰੇ ਕਈ ਰੌਚਕ ਤੱਥ ਦਿ੍ਰਸ਼ਟੀਗੋਚਰ ਹੁੰਦੇ ਹਨ ਜੋ ਹੈਰਾਨ ਕਰਨ ਵਾਲ਼ੇ ਹਨ।

ਲੇਖਕ ਦੀ ਤਮੰਨਾ ਹੈ ਕਿ ਸੰਗੀਤ, ਖੇਡਾਂ ਅਤੇ ਵਿਦਿਆ ਦੇ ਕੇਂਦਰ ਪਟਿਆਲੇ ਦੇ ਇਤਿਹਾਸ ਬਾਰੇ ਹੋਰ ਖੋਜ ਕਾਰਜ ਹੋਣੇ ਚਾਹੀਦੇ ਹਨ। ਹੱਥਲੀ ਪੁਸਤਕ ਯਕੀਨਨ ਗਿਆਨ ਵਿਚ ਵਾਧਾ ਕਰਨ ਵਾਲੀ ਹੈ ਮਗਰ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਬਹੁਤ ਰੜਕਦੀਆਂ ਹਨ, ਜਿਸ ਕਾਰਨ ਕਈ ਸ਼ਬਦ ‘ਬੇ ਅਰਥੇ’ ਹੋ ਗਏ ਤੇ ਕਈ ਵਾਕ ਅਰਥਹੀਣ ਜਾਪ ਰਹੇ ਸਨ। ਇਤਿਹਾਸਿਕ ਤੱਥਾਂ ਨਾਲ ਲਵਰੇਜ਼ ਇਹ ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ। ਖੋਜਰਾਥੀਆਂ ਲਈ ਇਹ ਲਾਹੇਵੰਦ ਰਹੇਗੀ।

- ਫ਼ੈਸਲ ਖ਼ਾਨ

Posted By: Harjinder Sodhi