Book Review : ਭਾਰਤੀ ਜੀਵਨ ਦਿ੍ਰਸ਼ਟੀ ਨੂੰ ਬਿਆਨਦੀ ਕਿਤਾਬ
ਅਸਲ ਵਿਚ ਭਾਰਤੀ ਜੀਵਨ ਦਿ੍ਰਸ਼ਟੀ ਵਿਚ ਸੰਵਾਦ ਕਰਨ ਦੀ ਬਿਰਤੀ ਪ੍ਰਮੁੱਖ ਸੀ ਪਰ ਹੁਣ ਦੀ ਜੀਵਨ ਦਿ੍ਰਸ਼ਟੀ ਭੌਤਿਕ ਅਤੇ ਵਸਤੂ ਜਗਤ ਵਿਚ ਜ਼ਿਆਦਾ ਖਚਿਤ ਹੋਣ ਕਰਕੇ ਸੰਵਾਦ ਤੋਂ ਵਿਰਵੀ ਹੋ ਰਹੀ ਹੈ। ਇਸੇ ਕਰਕੇ ਹੀ ਸਾਰਥਕ ਸਿੱਟਿਆਂ ਦੀ ਆਸ ਘਟਦੀ ਜਾ ਰਹੀ ਹੈ।
Publish Date: Sat, 16 Sep 2023 11:19 AM (IST)
Updated Date: Sun, 17 Sep 2023 07:00 AM (IST)
ਪੁਸਤਕ : ਭਾਰਤੀ ਜੀਵਨ ਦਿ੍ਰਸ਼ਟੀ
ਮੂਲ ਲੇਖਕ : ਪ੍ਰੋ. ਬਿ੍ਰਜ ਕਿਸ਼ੋਰ ਕੁਠਿਆਲਾ
ਅਨੁ : ਡਾ. ਪਰਮਜੀਤ ਕੌਰ ਸਿੱਧੂ
ਪੰਨੇ : 300 ਮੁੱਲ : 395/-
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ।
ਮਨੁੱਖੀ ਮਨ ਹਮੇਸ਼ਾ ਹੀ ਭੌਤਿਕ ਜਗਤ ਅਤੇ ਅਧਿਆਤਮਕ ਜਗਤ ਨੂੰ ਜਾਣਨ ਲਈ ਉਤਸੁਕ ਰਿਹਾ ਹੈ। ਆਪਣੀ ਜਗਿਆਸਾ ਨੂੰ ਸ਼ਾਂਤ ਕਰਨ ਲਈ ਉਹ ਵੇਦਾਂ, ਸ਼ਾਸਤਰਾਂ ਅਤੇ ਗ੍ਰੰਥਾਂ ਦੇ ਅਧਿਐਨ ਵੱਲ ਹੀ ਰੁਚਿਤ ਰਿਹਾ ਹੈ। ਅਜਿਹੀ ਜਗਿਆਸਾ ਦੀ ਤਿ੍ਰਪਤੀ ਕਰਦੀ ਪ੍ਰੋ. ਬਿ੍ਰਜ ਕਿਸ਼ੋਰ ਕੁਠਿਆਲਾ ਦੀ ਪੁਸਤਕ ‘ਭਾਰਤੀ ਜੀਵਨ ਦਿ੍ਰਸ਼ਟੀ’ ਹੈ ਜਿਸ ਦਾ ਖ਼ੂਬਸੂਰਤੀ ਨਾਲ ਅਨੁਵਾਦ ਡਾ. ਪਰਮਜੀਤ ਕੌਰ ਸਿੱਧੂ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਜੀਵਨ ਦਿ੍ਰਸ਼ਟੀ ਅਤੇ ਭੌਤਿਕ/ਅਧਿਆਤਮਕ ਜਗਤ ਪ੍ਰਤੀ ਸੋਝੀ ਅਤੇ ਸੂਝ ਪ੍ਰਦਾਨ ਕਰਦੇ 36 ਲੇਖ ਸ਼ਾਮਿਲ ਕੀਤੇ ਗਏ ਹਨ। ਅਸਲ ਵਿਚ ਭਾਰਤੀ ਜੀਵਨ ਦਿ੍ਰਸ਼ਟੀ ਵਿਚ ਸੰਵਾਦ ਕਰਨ ਦੀ ਬਿਰਤੀ ਪ੍ਰਮੁੱਖ ਸੀ ਪਰ ਹੁਣ ਦੀ ਜੀਵਨ ਦਿ੍ਰਸ਼ਟੀ ਭੌਤਿਕ ਅਤੇ ਵਸਤੂ ਜਗਤ ਵਿਚ ਜ਼ਿਆਦਾ ਖਚਿਤ ਹੋਣ ਕਰਕੇ ਸੰਵਾਦ ਤੋਂ ਵਿਰਵੀ ਹੋ ਰਹੀ ਹੈ। ਇਸੇ ਕਰਕੇ ਹੀ ਸਾਰਥਕ ਸਿੱਟਿਆਂ ਦੀ ਆਸ ਘਟਦੀ ਜਾ ਰਹੀ ਹੈ।
ਲੇਖਕ ਨੇ ਆਪਣੇ ਲੇਖਾਂ ਵਿਚ ਭਾਰਤੀ ਦਰਸ਼ਨ ਵਿਚਲੀਆਂ ਕਥਾਵਾਂ ਦੇ ਪੌਰਾਣਿਕ ਹਵਾਲਿਆਂ ਨਾਲ ਵੀ ਆਪਣੀ ਗੱਲ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਭਾਰਤੀ ਪੂਜਾ ਵਿਧੀਆਂ ਅਤੇ ਇਨ੍ਹਾਂ ਦੇ ਸਮਾਜਿਕ ਅਤੇ ਅਧਿਆਤਮਕ ਮਹੱਤਵ ਬਾਰੇ ਵੀ ਭਾਰਤੀ ਜੀਵਨ ਦਿ੍ਰਸ਼ਟੀ ਦੇ ਪ੍ਰਸੰਗ ਵਿਚ ਵਿਚਾਰ ਪੇਸ਼ ਕੀਤੇ ਗਏ ਹਨ। ਔਰਤ ਅਤੇ ਮਰਦ ਦੇ ਸਮਾਜਿਕ ਰੁਤਬੇ ਅਤੇ ਮਰਿਆਦਾਵਾਂ, ਜੀਵਨ ਮੁੱਲਾਂ ਅਤੇ ਨੈਤਿਕਤਾ ਨੂੰ ਧਾਰਨ ਕਰਨ ਨਾਲ ਹੀ ਇਸ ਦਿ੍ਰਸ਼ਟੀ ਦੀ ਗਹਿਰਾਈ ਤੱਕ ਪਹੁੰਚਿਆ ਜਾ ਸਕਦਾ ਹੈ। ਇਨ੍ਹਾਂ ਲੇਖਾਂ ਵਿਚ ਕੁਝ ਇਕ ਉਨ੍ਹਾਂ ਵਿਅਕਤੀਆਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਸ਼ੇ ਦੇ ਪ੍ਰਸੰਗ ਵਿਚ ਆਪਣੇ-ਆਪਣੇ ਦਿ੍ਰਸ਼ਟੀਕੋਣ ਤੋਂ ਚਰਚਾ ਕੀਤੀ ਹੈ। ਭਾਰਤੀ ਜੀਵਨ ਦਿ੍ਰਸ਼ਟੀ ਨੂੰ ਸਮਝਣ ਲਈ ਮਨੁੱਖ ਅਤੇ ਸਿ੍ਰਸ਼ਟੀ ਦੇ ਆਪਸੀ ਸਬੰਧਾਂ ਨੂੰ ਵੀ ਸਮਝਣ ਦੀ ਲੋੜ ਹੈ। ਪਰ ਸੰਵਾਦਹੀਣਤਾ ਮਾਨਸਿਕਤਾ ਨੂੰ ਜੜ੍ਹ ਕਰਦੀ ਹੈ। ਚੇਤਨਾ ਇਸ ਸੂਝ ਨੂੰ ਤਿਖੇਰਾ ਕਰਦੀ ਹੈ। ਆਪਸੀ ਸੰਵਾਦ ਰਚਾਇਅਆ ਹੀ ਸੂਝ ਤਿਖੇਰੀ ਹੋ ਸਕਦੀ ਹੈ। ਭਾਰਤੀ ਦਰਸ਼ਨ ਨੂੰ ਜਾਣਨ ਲਈ ਅਜਿਹੀਆਂ ਪੁਸਤਕਾਂ ਪੜ੍ਹਨਾ ਅਤੇ ਘੋਖਣਾ ਜ਼ਰੂਰੀ ਹੈ। ਜਗਿਆਸੂ ਅਤੇ ਖੋਜੀ ਪਾਠਕਾਂ ਲਈ ਪੁਸਤਕ ਪੜ੍ਹਨਯੋਗ ਹੈ। ਪੁਸਤਕ ਦੇ ਅਨੁਵਾਦ ਵਿਚੋਂ ਮੌਲਿਕਤਾ ਝਲਕਦੀ ਹੈ।
- ਡਾ. ਸਰਦੂਲ ਸਿੰਘ ਔਜਲਾ