ਪ੍ਰਭਜੋਤ ਕੌਰ ਢਿੱਲੋਂ ਦੀ ਵਿਚਾਰਧੀਨ ਪੁਸਤਕ ‘ਅਸੀਂ ਚੁੱਪ ਕਿਉਂ ਹਾਂ? ਉਸ ਫ਼ਿਕਰਮੰਦੀ ਦਾ ਇਜ਼ਹਾਰ ਕਰਦੀ ਹੈ ਕਿ ਸਮਾਜ ਬਹੁਤ ਸਾਰੀਆਂ ਘਾਤਕ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ ਪਰ ਅਸੀਂ ਇਨ੍ਹਾਂ ਸਮੱਸਿਆਵਾਂ ਪ੍ਰਤੀ ਕੋਈ ਕਰਮ/ਪ੍ਰਤੀਕਰਮ ਕਰਨ ਦੀ ਬਜਾਇ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਦੇਖ ਰਹੇ ਹਾਂ ਜਾਂ ਫਿਰ ਬਰਦਾਸ਼ਤ ਕਰ ਰਹੇ ਹਾਂ।

ਪੁਸਤਕ : ਅਸੀਂ ਕਿਉਂ ਚੁੱਪ ਹਾਂ?
ਲੇਖਕ : ਪ੍ਰਭਜੋਤ ਕੌਰ ਢਿੱਲੋਂ
ਪੰਨੇ : 150 ਮੁੱਲ : 200/-
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ।
ਪ੍ਰਭਜੋਤ ਕੌਰ ਢਿੱਲੋਂ ਦੀ ਵਿਚਾਰਧੀਨ ਪੁਸਤਕ ‘ਅਸੀਂ ਚੁੱਪ ਕਿਉਂ ਹਾਂ? ਉਸ ਫ਼ਿਕਰਮੰਦੀ ਦਾ ਇਜ਼ਹਾਰ ਕਰਦੀ ਹੈ ਕਿ ਸਮਾਜ ਬਹੁਤ ਸਾਰੀਆਂ ਘਾਤਕ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ ਪਰ ਅਸੀਂ ਇਨ੍ਹਾਂ ਸਮੱਸਿਆਵਾਂ ਪ੍ਰਤੀ ਕੋਈ ਕਰਮ/ਪ੍ਰਤੀਕਰਮ ਕਰਨ ਦੀ ਬਜਾਇ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਦੇਖ ਰਹੇ ਹਾਂ ਜਾਂ ਫਿਰ ਬਰਦਾਸ਼ਤ ਕਰ ਰਹੇ ਹਾਂ। ਸਾਡੀ ਇਹ ਚੁੱਪ ਸਮਾਜ ਨੂੰ ਸਰਬਪੱਖੀ ਤੌਰ ’ਤੇ ਰਸਾਤਲ ਵੱਲ ਲੈ ਕੇ ਜਾ ਰਹੀ ਹੈ।
ਇਸ ਪੁਸਤਕ ਵਿਚਲੇ 54 ਲਘੂ ਲੇਖਾਂ ਵਿਚ ਪ੍ਰਭਜੋਤ ਕੌਰ ਢਿੱਲੋਂ ਨੇ ਉਨ੍ਹਾਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ ਜੋ ਆਮ ਵਿਅਕਤੀ ਨੂੰ ਰੋਜ਼ਾਨਾ ਜੀਵਨ ਵਿਚ ਪੇਸ਼ ਆ ਰਹੀਆਂ ਹਨ। ਸਾਡੇ ਸਮਾਜ ਵਿਚ ਰਾਜਨੀਤੀ ਵਿਚ ਨਿਘਾਰ ਆ ਰਿਹਾ ਹੈ। ਵਿਚਾਰਧਾਰਕ ਪ੍ਰਤੀਬੱਧਤਾ ਖੰਭ ਲਾ ਕੇ ਉੱਡ ਗਈ ਹੈ ਅਤੇ ਉਸ ਦੀ ਥਾਂ ਮੌਕਾਪ੍ਰਸਤੀ ਨੇ ਲੈ ਲਈ ਹੈ। ਸਮਾਜਿਕ ਜ਼ਿੰਦਗੀ ’ਚ ਰਿਸ਼ਤਿਆਂ ਵਿਚ ਸਵਾਰਥ ਹਾਵੀ ਹੋ ਰਿਹਾ ਹੈ ਅਤੇ ਆਪਣਾਪਨ ਘਟ ਰਿਹਾ ਹੈ। ਨਿੱਜੀ ਸੋਚ ਸਮਾਜ ਨੂੰ ਹਰੇਕ ਪਾਸੇ ਤੋਂ ਖੋਰਾ ਲਾ ਰਹੀ ਹੈ। ਮਨੁੱਖ ਬੇ-ਵਿਸਾਹੀ ਵਾਲੇ ਵਾਤਾਵਰਨ ਵਿਚ ਤਣਾਓ ਭੋਗ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਮਨ ਦੀ ਵੇਦਨਾ ਕਿਸ ਨਾਲ ਸਾਂਝੀ ਕਰੇ। ਹਰੇਕ ਮਨੁੱਖ ਮਾਨਸਿਕ ਰੋਗੀ ਹੋ ਕੇ ਹਾਸੇ ਠੱਠੇ ਵਾਲੀ ਜ਼ਿੰਦਗੀ ਤੋਂ ਦੂਰੀ ਬਣਾ ਰਿਹਾ ਹੈ।
ਨਸ਼ਿਆਂ ਦਾ ਘੁਣ ਸਮਾਜ ਨੂੰ ਦਿਨ ਦਿਨ ਖਾ ਰਿਹਾ ਹੈ। ਇਸ ਅਲਾਮਤ ਨਾਲ ਸਾਡੀ ਨੌਜਵਾਨੀ ਕੁਰਾਹੇ ਪੈ ਕੇ ਸਮਾਜ ਪ੍ਰਤੀ ਢਾਹੂ ਭੂਮਿਕਾ ਨਿਭਾ ਰਹੀ ਹੈ। ਲੇਖਿਕਾ ਆਪਣੇ ਹਰੇਕ ਲੇਖ ਵਿਚ ਵਿਸਥਾਰ ਕਰਦਿਆਂ ਕਿਸੇ ਵੀ ਸਮੱੱਸਿਆ ਦੇ ਕਾਰਨ ਤਲਾਸ਼ ਕਰਦੀ ਹੈ ਅਤੇ ਫਿਰ ਆਪਣੀ ਸੂਝ ਮੁਤਾਬਕ ਉਸ ਦੇ ਹੱਲ ਲਈ ਵੀ ਸੁਝਾਓ ਪੇਸ਼ ਕਰਦੀ ਹੈ। ਉਸ ਦੀ ਰਾਇ ਹੈ ਕਿ ਸਮਾਜ ਵਿਚ ਫੈਲੇ ਕੁਹਜ ਲਈ ਜੇਕਰ ਅਸੀਂ ਹੀ ਜ਼ਿੰਮੇਵਾਰ ਹਾਂ ਤਾਂ ਇਸ ਵਿੱਚੋਂ ਆਪਣੇ ਉਪਰਾਲਿਆਂ ਅਤੇ ਯਤਨਾਂ ਨਾਲ ਹੀ ਬਾਹਰ ਆ ਸਕਦੇ ਹਾਂ। ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕਰਨੀ। ਇਸ ’ਚੋੋਂ ਨਿਕਲਣ ਲਈ ਸਾਨੂੰ ਕਿਰਿਆਸ਼ੀਲ ਹੋਣ ਦੀ ਲੋੜ ਹੈ। ਜੇਕਰ ਅਸੀਂ ਅਕਿਰਿਆਸ਼ੀਲਤਾ ਅਤੇ ਚੁੱਪ ਦੀ ਜ਼ਿੰਦਗੀ ਵਿਚ ਵਿਸ਼ਵਾਸ ਰੱਖਦੇ ਹਾਂ ਤਾਂ ਸਾਡੇ ਸਮਾਜ ਦਾ ਭਵਿੱਖ ਰੌਸ਼ਨ ਨਹੀਂ ਹੋ ਸਕਦਾ। ਸਮਾਜ ਦੇ ਰੌਸ਼ਨ ਭਵਿੱਖ ਲਈ ਸਾਡੀ ਹਾਂ-ਵਾਚੀ ਭਾਗੀਦਾਰੀ ਜ਼ਰੂਰੀ ਹੈ। ਪੁਸਤਕ ਜਾਣਕਾਰੀ ਭਰਪੂਰ ਅਤੇ ਪੜ੍ਹਨਯੋਗ ਹੈ।
- ਸਰਦੂਲ ਸਿੰਘ ਔਜਲਾ