ਹੱਥਲੀ ਪੁਸਤਕ ‘ਖ਼ਾਬਾਂ ਦੀ ਖ਼ੁਸ਼ਬੂ’ ਕਿੰਦਾ ਸੰਮੀਪੁਰ ਦਾ ਨਵੀਨ ਗ਼ਜ਼ਲ ਸੰਗ੍ਰਹਿ ਹੈ। ਇਸ ਪੁਸਤਕ ਵਿਚ 90 ਰਚਨਾਵਾਂ ਸ਼ਾਮਿਲ ਹਨ। ਸ਼ਾਇਰ ਨੇ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾਇਆ ਹੈ। ਤਬਦੀਲੀਆਂ ਦੀ ਇਹ ਚਾਲ ਬਹੁਤ ਤਿੱਖੀ ਹੋਣ ਕਾਰਨ ਸਮਾਜਿਕ ਸਮੀਕਰਨ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ।

ਪੁਸਤਕ : ਖ਼ਾਬਾਂ ਦੀ ਖ਼ੁਸ਼ਬੂ
ਸ਼ਾਇਰ : ਕਿੰਦਾ ਸੰਮੀਪੁਰ
ਪੰਨੇ : 110 ਮੁੱਲ : 200/-
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਹੱਥਲੀ ਪੁਸਤਕ ‘ਖ਼ਾਬਾਂ ਦੀ ਖ਼ੁਸ਼ਬੂ’ ਕਿੰਦਾ ਸੰਮੀਪੁਰ ਦਾ ਨਵੀਨ ਗ਼ਜ਼ਲ ਸੰਗ੍ਰਹਿ ਹੈ। ਇਸ ਪੁਸਤਕ ਵਿਚ 90 ਰਚਨਾਵਾਂ ਸ਼ਾਮਿਲ ਹਨ। ਸ਼ਾਇਰ ਨੇ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾਇਆ ਹੈ। ਤਬਦੀਲੀਆਂ ਦੀ ਇਹ ਚਾਲ ਬਹੁਤ ਤਿੱਖੀ ਹੋਣ ਕਾਰਨ ਸਮਾਜਿਕ ਸਮੀਕਰਨ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਗ਼ਜ਼ਲਗੋ ਹਰ ਉਸ ਮਸਲੇ ’ਤੇ ਸੰਵਾਦ ਛੇੜਨ ਦੀ ਕੋਸ਼ਿਸ਼ ਕਰਦਾ ਹੈ ਜੋ ਸਾਨੂੰ ਤੇ ਸਾਡੇ ਸਮਾਜ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਨ ਦਾ ਬਲ ਰੱਖਦੇ ਹਨ। ਨਸ਼ਿਆਂ ਦੇ ਕਾਰਨ ਹੁੰਦੀ ਘਰੇਲੂ ਹਿੰਸਾ ਬਾਰੇ ਕੌਣ ਨਹੀਂ ਜਾਣਦਾ? ਇਸ ਕਰਕੇ ਆਏ ਦਿਨ ਘਰਾਂ ਵਿਚ ਕਲੇਸ਼ ਆਮ ਦੇਖਣ ਨੂੰ ਮਿਲਦੇ ਹਨ। ਨਸ਼ੇ ਦੀ ਹਾਲਤ ਵਿਚ ਕਤਲ ਤੱਕ ਹੋ ਜਾਂਦੇ ਹਨ। ਸ਼ਿਅਰ ਦੇਖੋ:
ਰਾਤ ਤੋੜਤੀ ਸੀ ਬੋਤਲ
ਬਾਪੂ ਦੀ ਸ਼ਰਾਬ ਵਾਲੀ
ਤਾਹੀਓਂ ਮਾਂ ਸੁਬਾ ਘੁੰਡ ’ਚ
ਲੁਕੋਵੇ ਨਿਸ਼ਾਨ ਨੀਲਾਂ ਦੇ।
ਪੱਛਮੀ ਸਮਾਜ ਦੇ ਪ੍ਰਭਾਵ ਕਾਰਨ ਆਈ ਸਮਾਜ ਵਿਚ ਤਬਦੀਲੀ ਨੇ ਕਈ ਚੀਜ਼ਾਂ ਦੇ ਮਾਅਨੇ ਹੀ ਬਦਲ ਕੇ ਰੱਖ ਦਿੱਤੇ ਹਨ। ਲੋਕ ਹੁਣ ਨੰਗੇਜ਼ਪੁਣੇ ਨੂੰ ਸੁੰਦਰਤਾ ਦਾ ਨਾਮ ਦੇਣ ਲੱਗ ਪਏ ਹਨ। ਇਸ ਤੇ ਸ਼ਾਇਰ ਗਹਿਰੀ ਚਿੰਤਾ ਵਿਚ ਨਜ਼ਰ ਆਉਦਾ ਹੈ ਤੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੋਇਆ ਲਿਖਦਾ ਹੈ ਕਿ :
ਕੌਣ ਦੱਸ ਗਿਆ ਹੈ ਫੈਸ਼ਨ ਤੈਨੂੰ
ਕੀ ਸੋਹਣੀ ਲੱਗਦੀ ਏ
ਲਿਬਾਸਾਂ ਤੋਂ ਬਿਨਾਂ?
ਰਚਨਾਵਾਂ ਵਿਚ ਸ਼ਾਇਰੀ ਦੇ ਹੋਰ ਵੀ ਕਈ ਰੰਗ ਦਿ੍ਰਸ਼ਟੀਗੋਚਰ ਹੁੰਦੇ ਹਨ ਜਿਵੇਂ ਨਸ਼ੇ, ਗਿਰਦੇ ਕਿਰਦਾਰ, ਵਫ਼ਾ, ਵਿਛੋੜਾ, ਵਸਲ ਆਦਿ। ਪੁਸਤਕ ਦਾ ਵਿਸ਼ਾ ਪੱਖ ਤਾਂ ਠੀਕ ਹੈ ਪਰ ਰੂਪਕ ਪੱਖ ਬਹੁਤ ਕਮਜ਼ੋਰ ਹੈ। ਗ਼ਜ਼ਲਾਂ ਵਿਚ ਕਾਫ਼ੀਏ ਦੇ ਐਬਾਂ ਦੀ ਭਰਮਾਰ ਹੈ ਤੇ ਕਿਤੇ-ਕਿਤੇ ਤਾਂ ਕਾਫ਼ੀਆ ਹੀ ਗਾਇਬ ਹੈ। ਕਈ ਸ਼ਿਅਰਾਂ ਦੇ ਮਿਸ਼ਰਿਆਂ ਵਿਚ ਆਪਸੀ ਸਾਂਝ ਬਿਲਕੁਲ ਵੀ ਨਹੀਂ ਹੈ। ਕਈ ਗ਼ਜ਼ਲਾਂ ਮਤਲਿਆਂ ਰਹਿਤ ਹਨ। ਕਈ ਗ਼ਜ਼ਲਾਂ ਦੇ ਵਿਚ ਤਿੰਨ ਜਾਂ ਚਾਰ ਸ਼ਿਅਰ ਹੀ ਹਨ ਜਿਨ੍ਹਾਂ ਨੂੰ ਗ਼ਜ਼ਲਾਂ ਨਾ ਕਹਿ ਕੇ ਕੁਝ ਸ਼ਿਅਰ ਕਿਹਾ ਜਾਵੇਗਾ। ਸ਼ਾਇਰ ਨੂੰ ਗ਼ਜ਼ਲਾਂ ਰਚਣ ਦੇ ਨਾਲ ਨਾਲ ਗ਼ਜ਼ਲ ਵਿਧਾਨ ਦਾ ਅਧਿਐਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਗ਼ਜ਼ਲਾਂ ਦੀ ਇਸਲਾਹ ਵੀ ਜ਼ਰੂਰੀ ਹੈ। ਸ਼ਾਇਰ ਜੇ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਵੱਲ ਤੁਰੇ ਤਾਂ ਉਹ ਬਹੁਤ ਵਧੀਆ ਗ਼ਜ਼ਲਾਂ ਦੀ ਸਿਰਜਣਾ ਕਰ ਸਕਦਾ ਹੈ।
- ਫ਼ੈਸਲ ਖ਼ਾਨ