ਦੁਨੀਆ ਭਰ ਵਿਚ ਬ੍ਰਾਂਡਡ ਤੇ ਜੈਨਰਿਕ ਦਵਾਈਆਂ ਦੇ ਨਾਲ-ਨਾਲ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟਸ (APIs) ਦੇ ਨਿਰਮਾਣ 'ਚ ਇਹ ਇਕ ਪ੍ਰਮੁੱਖ ਨਾਮ ਹੈ। ਸ਼ੇਅਰ ਬਾਜ਼ਾਰ ਵਿੱਚ ਵੀ ਇਸਦਾ ਮਜ਼ਬੂਤ ਦਬਦਬਾ ਹੈ; ਵਰਤਮਾਨ ਵਿੱਚ ਇਸਦਾ ਮਾਰਕੀਟ ਕੈਪ ₹3,88,788 ਕਰੋੜ ਅਤੇ ਮੌਜੂਦਾ ਸ਼ੇਅਰ ਦੀ ਕੀਮਤ ₹1,620 ਹੈ। ਨਿਵੇਸ਼ਕਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ, ਇਸ ਸਟਾਕ ਨੇ ਪਿਛਲੇ 5 ਸਾਲਾਂ ਵਿੱਚ 153.70% ਦਾ ਬੰਪਰ ਰਿਟਰਨ ਦਿੱਤਾ ਹੈ।

ਨਵੀਂ ਦਿੱਲੀ: ਅੱਜ 'ਵਿਸ਼ਵ ਮਲੇਰੀਆ ਦਿਵਸ' (World Malaria Day 2026) ਹੈ। ਮਲੇਰੀਆ ਵਰਗੀ ਜਾਨਲੇਵਾ ਬਿਮਾਰੀ ਖਿਲਾਫ ਭਾਰਤ ਨੇ ਖੁਦ ਨੂੰ ਸਿਰਫ 'ਜੈਨਰਿਕ ਦਵਾਈਆਂ ਦੀ ਫਾਰਮੇਸੀ' ਤਕ ਸੀਮਤ ਰੱਖਣ ਦੀ ਬਜਾਏ, ਰਿਸਰਚ ਤੇ ਇਨੋਵੇਸ਼ਨ ਦੀ ਦੁਨੀਆ 'ਚ ਇਕ ਲੰਬੀ ਛਾਲ ਮਾਰੀ ਹੈ। 'ਸਿਨਰੀਆਮ' (Synriam) ਭਾਰਤ ਦੀ ਪਹਿਲੀ ਸਵਦੇਸ਼ੀ ਨਿਊ ਕੈਮੀਕਲ ਐਂਟਿਟੀ (NCE) ਮਲੇਰੀਆ ਰੋਕੂ ਦਵਾਈ ਹੈ ਜਿਸ ਨੇ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਸੀ। ਆਓ, ਅੱਜ ਵਿਸ਼ਵ ਮਲੇਰੀਆ ਡੇਅ ਦੇ ਇਸ ਖਾਸ ਮੌਕੇ 'ਤੇ ਉਸ ਇਤਿਹਾਸਕ ਸਫ਼ਰ 'ਤੇ ਇੱਕ ਨਜ਼ਰ ਮਾਰਦੇ ਹਾਂ।
ਵਿਸ਼ਵ ਮਲੇਰੀਆ ਦਿਵਸ ਦੇ ਹੀ ਮੌਕੇ 'ਤੇ 25 ਅਪ੍ਰੈਲ 2012 ਨੂੰ ਰੈਨਬੈਕਸੀ ਲੈਬਾਰਟਰੀਜ਼ (Ranbaxy Laboratories) ਨੇ 'ਸਿਨਰੀਆਮ' ਨੂੰ ਬਾਜ਼ਾਰ 'ਚ ਉਤਾਰਿਆ ਸੀ। ਇਹ ਦਵਾਈ ਮੁੱਖ ਤੌਰ 'ਤੇ ਬਾਲਗਾਂ 'ਚ ਹੋਣ ਵਾਲੇ 'ਪਲਾਜ਼ਮੋਡੀਅਮ ਫਾਲਸੀਪੇਰਮ' (Plasmodium falciparum) ਮਲੇਰੀਆ ਦੇ ਇਲਾਜ ਲਈ ਬਣਾਈ ਗਈ ਸੀ।
ਇਹ ਭਾਰਤੀ ਫਾਰਮਾਸਿਊਟੀਕਲ ਇਤਿਹਾਸ ਦਾ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਕੰਪਨੀ ਨੇ ਇਕ ਨਵੇਂ ਮੌਲੀਕਿਊਲ ਨੂੰ ਰਿਸਰਚ ਤੋਂ ਲੈ ਕੇ ਕਲੀਨਿਕਲ ਟਰਾਇਲ ਤੇ ਕਮਰਸ਼ੀਅਲ ਲਾਂਚਿੰਗ ਤਕ ਪੂਰੀ ਤਰ੍ਹਾਂ ਸਵਦੇਸ਼ੀ ਪੱਧਰ 'ਤੇ ਨੇਪਰੇ ਚਾੜ੍ਹਿਆ ਸੀ। ਇਸ ਪੂਰੀ ਪ੍ਰਕਿਰਿਆ 'ਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (DST) ਅਤੇ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ICMR) ਨੇ ਅਹਿਮ ਭੂਮਿਕਾ ਨਿਭਾਈ ਸੀ। ਮਾਤਰ ਤਿੰਨ ਦਿਨ ਤੱਕ ਰੋਜ਼ਾਨਾ ਇੱਕ ਗੋਲੀ ਖਾਣ ਨਾਲ ਇਹ ਦਵਾਈ ਮਲੇਰੀਆ ਦੇ ਪਰਜੀਵੀਆਂ ਦਾ ਖਾਤਮਾ ਕਰਨ ਵਿੱਚ ਕਾਰਗਰ ਸੀ।
ਜੇਕਰ ਇਸ ਦੀਆਂ ਜੜ੍ਹਾਂ 'ਚ ਜਾਈਏ ਤਾਂ ਇਹ ਸ਼ੁਰੂਆਤ ਤੋਂ ਪੂਰੀ ਤਰ੍ਹਾਂ 'ਮੇਡ ਇਨ ਇੰਡੀਆ' ਨਹੀਂ ਸੀ, ਸਗੋਂ ਇਸਨੂੰ ਇਕ ਸ਼ਾਨਦਾਰ ਗਲੋਬਲ ਸਾਂਝੇਦਾਰੀ ਤੇ ਭਾਰਤੀ ਜ਼ਿੱਦ ਦਾ ਨਤੀਜਾ ਕਹਿਣਾ ਜ਼ਿਆਦਾ ਸਹੀ ਹੋਵੇਗਾ। ਇਸ ਦਵਾਈ ਦਾ ਮੁੱਖ ਮੌਲੀਕਿਊਲ 'ਆਰਟੇਰੋਲੇਨ' (Arterolane ਜਾਂ OZ277) ਸੀ। ਇਸ ਦੀ ਖੋਜ 'ਮੈਡੀਸਨਜ਼ ਫਾਰ ਮਲੇਰੀਆ ਵੈਂਚਰ' (MMV) ਨਾਮਕ ਇਕ ਸਵਿਸ ਨਾਨ-ਪ੍ਰੌਫਿਟ ਸੰਸਥਾ ਦੁਆਰਾ ਫੰਡ ਕੀਤੇ ਪ੍ਰੋਜੈਕਟ ਤਹਿਤ ਹੋਈ ਸੀ। ਇਸ ਰਿਸਰਚ 'ਚ ਸ਼ੁਰੂਆਤ 'ਚ ਅਮਰੀਕਾ, ਆਸਟ੍ਰੇਲੀਆ ਤੇ ਸਵਿਟਜ਼ਰਲੈਂਡ ਦੇ ਖੋਜਕਰਤਾ ਸ਼ਾਮਲ ਸਨ। ਸਾਲ 2003-04 ਦੇ ਆਸ-ਪਾਸ ਰੈਨਬੈਕਸੀ ਨੇ ਇਸ ਮੌਲੀਕਿਊਲ ਨੂੰ ਅੱਗੇ ਵਿਕਸਤ ਕਰਨ ਲਈ MMV ਨਾਲ ਹੱਥ ਮਿਲਾਇਆ।
ਅਸਲੀ ਚੁਣੌਤੀ 2007-08 'ਚ ਆਈ ਜਦੋਂ ਸ਼ੁਰੂਆਤੀ ਟਰਾਇਲਜ਼ ਤੋਂ ਬਾਅਦ MMV ਨੇ ਆਪਣੀ ਫੰਡਿੰਗ ਰੋਕ ਦਿੱਤੀ। ਉਸ ਸਮੇਂ ਰੈਨਬੈਕਸੀ ਨੇ ਪਿੱਛੇ ਹਟਣ ਦੀ ਬਜਾਏ ਇਕ ਵੱਡਾ ਫੈਸਲਾ ਲਿਆ। ਕੰਪਨੀ ਨੇ ਇਸਨੂੰ ਇਕੱਲੇ ਹੀ ਵਿਕਸਤ ਕਰਨ ਦਾ ਬੀੜਾ ਉਠਾਇਆ। ਭਾਰਤ, ਬੰਗਲਾਦੇਸ਼ ਤੇ ਥਾਈਲੈਂਡ 'ਚ ਇਸ ਦੇ ਤੀਜੇ ਪੜਾਅ ਦੇ ਕਲੀਨਿਕਲ ਟਰਾਇਲ ਸਫਲਤਾਪੂਰਵਕ ਪੂਰੇ ਕੀਤੇ ਗਏ ਅਤੇ ਕਰੀਬ 8 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ 2011 'ਚ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਇਸਨੂੰ ਹਰੀ ਝੰਡੀ ਦੇ ਦਿੱਤੀ।
ਰੈਨਬੈਕਸੀ ਨੂੰ ਇਕ ਛੋਟੀ ਜਿਹੀ ਕੰਪਨੀ ਤੋਂ ਗਲੋਬਲ ਪਾਵਰਹਾਊਸ ਬਣਾਉਣ ਦਾ ਕੰਮ ਸੰਸਥਾਪਕਾਂ ਭਾਈ ਮੋਹਨ ਸਿੰਘ ਤੇ ਉਨ੍ਹਾਂ ਦੇ ਬੇਟੇ ਪਰਵਿੰਦਰ ਸਿੰਘ ਨੇ ਕੀਤਾ। ਪਰਵਿੰਦਰ ਸਿੰਘ ਹੀ ਉਹ ਦੂਰਦਰਸ਼ੀ ਵਿਅਕਤੀ ਸਨ ਜਿਨ੍ਹਾਂ ਨੇ 1980 ਦੇ ਦਹਾਕੇ 'ਚ ਰੈਨਬੈਕਸੀ 'ਚ ਮਜ਼ਬੂਤ R&D (ਰਿਸਰਚ ਐਂਡ ਡਿਵੈਲਪਮੈਂਟ) ਕਲਚਰ ਦੀ ਨੀਂਹ ਰੱਖੀ ਸੀ।
ਹਾਲਾਂਕਿ, 2012 'ਚ ਜਦੋਂ ਸਿਨਰੀਆਮ ਲਾਂਚ ਹੋਈ, ਉਦੋਂ ਤਕ ਕੰਪਨੀ ਦੇ ਮੈਨੇਜਮੈਂਟ 'ਚ ਵੱਡੇ ਬਦਲਾਅ ਆ ਚੁੱਕੇ ਸਨ (2008 ਵਿੱਚ ਜਾਪਾਨੀ ਕੰਪਨੀ ਦਾਈਚੀ ਸੈਂਕੀਓ ਨੇ ਰੈਨਬੈਕਸੀ ਨੂੰ ਖਰੀਦ ਲਿਆ ਸੀ)। ਇਸ ਪ੍ਰੋਜੈਕਟ ਦੇ ਲਾਂਚ ਦੇ ਸਮੇਂ ਤਤਕਾਲੀ CEO ਅਰੁਣ ਸਾਹਨੀ ਅਤੇ ਪ੍ਰੈਜ਼ੀਡੈਂਟ (R&D) ਡਾ. ਸੁਦਰਸ਼ਨ ਅਰੋੜਾ ਨੇ ਇਸਦੀ ਅਗਵਾਈ ਕੀਤੀ ਸੀ।
ਰੈਨਬੈਕਸੀ ਹੁਣ ਭਾਰਤ ਦੀ ਸਭ ਤੋਂ ਵੱਡੀ ਦਵਾਈ ਕੰਪਨੀ, ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ (Sun Pharma) ਦਾ ਹਿੱਸਾ ਹੈ। ਦੁਨੀਆ ਭਰ ਵਿਚ ਬ੍ਰਾਂਡਡ ਤੇ ਜੈਨਰਿਕ ਦਵਾਈਆਂ ਦੇ ਨਾਲ-ਨਾਲ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟਸ (APIs) ਦੇ ਨਿਰਮਾਣ 'ਚ ਇਹ ਇਕ ਪ੍ਰਮੁੱਖ ਨਾਮ ਹੈ। ਸ਼ੇਅਰ ਬਾਜ਼ਾਰ ਵਿੱਚ ਵੀ ਇਸਦਾ ਮਜ਼ਬੂਤ ਦਬਦਬਾ ਹੈ; ਵਰਤਮਾਨ ਵਿੱਚ ਇਸਦਾ ਮਾਰਕੀਟ ਕੈਪ ₹3,88,788 ਕਰੋੜ ਅਤੇ ਮੌਜੂਦਾ ਸ਼ੇਅਰ ਦੀ ਕੀਮਤ ₹1,620 ਹੈ। ਨਿਵੇਸ਼ਕਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ, ਇਸ ਸਟਾਕ ਨੇ ਪਿਛਲੇ 5 ਸਾਲਾਂ ਵਿੱਚ 153.70% ਦਾ ਬੰਪਰ ਰਿਟਰਨ ਦਿੱਤਾ ਹੈ। ਹਾਲਾਂਕਿ, ਹਾਲ ਹੀ ਦੀ ਛੋਟੀ ਮਿਆਦ (ਸ਼ਾਰਟ-ਟਰਮ) ਵਿੱਚ ਇਸਦੇ ਰਿਟਰਨ ਵਿੱਚ ਥੋੜ੍ਹੀ ਗਿਰਾਵਟ ਦੇਖੀ ਗਈ ਹੈ।