ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਹੈਪੇਟਾਈਟਸ ਰਿਪੋਰਟ-2024 ਮੁਤਾਬਿਕ ਵਿਸ਼ਵ ਪੱਧਰ ’ਤੇ ਹਰ ਸਾਲ 1.3 ਮਿਲੀਅਨ ਮੌਤਾਂ ਦਾ ਕਾਰਨ ਹੈਪੇਟਾਈਟਸ ਕਾਲਾ ਪੀਲੀਆ ਹੈ। ਸਾਡੇ ਦੇਸ਼ ਵਿਚ 3.5 ਕਰੋੜ ਲੋਕ ਕਾਲੇ ਪੀਲੀਏ ਤੋਂ ਪੀੜਤ ਹਨ। ਹੈਪੇਟਾਈਟਸ ਨੂੰ ਗੰਭੀਰ ਜਿਗਰ ਦੀ ਬਿਮਾਰੀ ਜਾਂ ਕਾਲਾ ਪੀਲੀਆ ਕਹਿੰਦੇ ਹਨ, ਜੋ ਇਨਸਾਨਾਂ ਲਈ ਕਾਫ਼ੀ ਘਾਤਕ ਬਿਮਾਰੀ ਹੈ।

ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਹੈਪੇਟਾਈਟਸ ਰਿਪੋਰਟ-2024 ਮੁਤਾਬਿਕ ਵਿਸ਼ਵ ਪੱਧਰ ’ਤੇ ਹਰ ਸਾਲ 1.3 ਮਿਲੀਅਨ ਮੌਤਾਂ ਦਾ ਕਾਰਨ ਹੈਪੇਟਾਈਟਸ ਕਾਲਾ ਪੀਲੀਆ ਹੈ। ਸਾਡੇ ਦੇਸ਼ ਵਿਚ 3.5 ਕਰੋੜ ਲੋਕ ਕਾਲੇ ਪੀਲੀਏ ਤੋਂ ਪੀੜਤ ਹਨ। ਹੈਪੇਟਾਈਟਸ ਨੂੰ ਗੰਭੀਰ ਜਿਗਰ ਦੀ ਬਿਮਾਰੀ ਜਾਂ ਕਾਲਾ ਪੀਲੀਆ ਕਹਿੰਦੇ ਹਨ, ਜੋ ਇਨਸਾਨਾਂ ਲਈ ਕਾਫ਼ੀ ਘਾਤਕ ਬਿਮਾਰੀ ਹੈ। ਸਾਡੇ ਦੇਸ਼ ਵਿਚ ਲਗਾਤਾਰ ਵੱਧ ਰਿਹਾ ਕਾਲੇ ਪੀਲੀਏ ਦਾ ਖ਼ਤਰਾ ਵੱਡੀ ਚਿੰਤਾ ਦਾ ਵਿਸ਼ਾ ਹੈ। ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਜਾਨਲੇਵਾ ਸਾਬਿਤ ਹੋ ਸਕਦੀ ਹੈ।
ਜਿਗਰ ’ਚ ਹੋ ਜਾਂਦੀ ਸੋਜ਼
ਮੁੱਖ ਤੌਰ ’ਤੇ ਪੀਲੀਆ ਪੰਜ ਤਰ੍ਹਾਂ ਦੇ ਵਿਸ਼ਾਣੂਆਂ ਕਾਰਨ ਹੁੰਦਾ ਹੈ, ਹੈਪੇਟਾਈਟਸ-ਏ, ਬੀ, ਸੀ, ਡੀ ਅਤੇ ਈ। ਹੈਪੇਟਾਈਟਸ-ਏ ਅਤੇ ਈ ਵਿਚ ਵਿਸ਼ਾਣੂ ਦੂਸ਼ਿਤ ਪਾਣੀ ਅਤੇ ਖ਼ੁਰਾਕ ਰਾਹੀਂ ਮਨੁੱਖੀ ਮੂੰਹ ਦੇ ਰਸਤੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੇ ਹਨ, ਜਦੋਂਕਿ ਹੈਪੇਟਾਈਟਸ-ਬੀ ਅਤੇ ਸੀ ਸੰਕ੍ਰਮਿਤ ਖ਼ੂਨ ਅਤੇ ਸਰੀਰਕ ਫਲਿਊਡਜ਼ ਦੇ ਸੰਪਰਕ ਵਿਚ ਆਉਣ ਨਾਲ ਹੁੰਦਾ ਹੈ, ਜਿਵੇਂ ਮਾਂ ਦੁਆਰਾ ਬੱਚੇ ਨੂੰ ਜਨਮ ਦੇਣ ਸਮੇਂ ਦੂਸ਼ਿਤ ਸੂਈਆਂ ਸਰਿੰਜਾਂ ਅਤੇ ਔਜਾਰਾਂ ਦੀ ਵਰਤੋਂ, ਮੇਲਿਆਂ ਆਦਿ ਵਿਚ ਸਰੀਰ ’ਤੇ ਟੈਟੂ ਬਣਵਾਉਣ ਕਾਰਨ ਅਤੇ ਅਸੁਰੱਖਿਅਤ ਜਿਨਸੀ ਸਬੰਧਾਂ ਕਾਰਨ ਫੈਲ ਸਕਦਾ ਹੈ।
ਹੈਪੇਟਾਈਟਸ-ਡੀ ਕਦੇ ਵੀ ਇਕੱਲਿਆਂ ਨਹੀਂ ਹੁੰਦਾ, ਇਹ ਸਿਰਫ਼ ਉਸ ਮਰੀਜ਼ ਵਿਚ ਦੇਖਿਆ ਜਾ ਸਕਦਾ ਹੈ, ਜਿਸ ਨੂੰ ਹੈਪੇਟਾਈਟਸ-ਬੀ ਹੈ। ਹੈਪੇਟਾਈਟਸ-ਬੀ ਅਤੇ ਸੀ ਨੂੰ ਕਾਲਾ ਪੀਲੀਆ ਕਿਹਾ ਜਾਂਦਾ ਹੈ। ਇਸ ਰੋਗ ਵਿਚ ਵਿਸ਼ਾਣੂ ਸਰੀਰ ’ਤੇ ਤੁਰੰਤ ਪ੍ਰਭਾਵ ਨਹੀਂ ਕਰਦੇ ਸਗੋਂ ਸਰੀਰ ਅੰਦਰ ਲੰਬਾ ਸਮਾਂ ਮੌਜੂਦ ਰਹਿ ਕੇ ਅੰਦਰੋਂ-ਅੰਦਰੀ ਚੁੱਪ-ਚਾਪ ਸਰੀਰ ਨੂੰ ਨੁਕਸਾਨ ਕਰਦੇ ਰਹਿੰਦੇ ਹਨ ਅਤੇ ਜਿਗਰ ਦੀ ਕਾਰਜਕੁਸ਼ਲਤਾ ਵਿਚ ਭਾਰੀ ਕਮੀ ਲਿਆ ਦਿੰਦੇ ਹਨ, ਜੋ ਕਈ ਸਾਲਾਂ ਬਾਆਦ ਹੋਰ ਵੀ ਮਾਰੂ ਸਿੱਧ ਹੁੰਦੇ ਹਨ। ਇਸ ਰੋਗ ਵਿਚ ਮਨੁੱਖੀ ਸਰੀਰ ਦੇ ਬਹੁਤ ਹੀ ਅਹਿਮ ਅੰਗ ਜਿਗਰ ਵਿਚ ਸੋਜ਼ ਹੋ ਜਾਂਦੀ ਹੈ। ਜ਼ਿਆਦਾ ਸ਼ਰਾਬ ਪੀਣ ਕਾਰਨ, ਵੱਖ-ਵੱਖ ਸਰੀਰਕ ਸਥਿਤੀਆਂ ਅਤੇ ਭਿੰਨ-ਭਿੰਨ ਦਵਾਈਆਂ ਦੀ ਵਰਤੋਂ ਕਾਰਨ ਅਜਿਹਾ ਹੋ ਸਕਦਾ ਹੈ।
ਕਾਲੇ ਪੀਲੀਏ ਦੇ ਲੱਛਣ
ਭੁੱਖ ’ਚ ਕਮੀ, ਦਿਲ ਕੱਚਾ ਹੋਣਾ, ਬੁਖ਼ਾਰ, ਪੇਟ ਦਰਦ, ਪੇਟ ਭਾਰੀ ਹੋਣਾ, ਸਰੀਰਕ ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ, ਪਿਸ਼ਾਬ ਪੀਲਾ ਆਉਣਾ ਅਤੇ ਉਲਟੀਆਂ ਆਉਣਾ ਆਦਿ ਕਾਲੇ ਪੀਲੀਏ ਦੇ ਲੱਛਣ ਹੋ ਸਕਦੇ ਹਨ ਪਰ ਜ਼ਿਆਦਾਤਰ ਸ਼ੁਰੂਆਤੀ ਦੌਰ ਵਿਚ ਕਾਲੇ ਪੀਲੀਏ ਦਾ ਪਤਾ ਨਹੀ ਲੱਗਦਾ ਅਤੇ ਇਲਾਜ ਵਿਚ ਦੇਰੀ ਕਾਰਨ ਮਰੀਜ਼ ਬੇਹੋਸ਼ੀ ਦੀ ਅਵਸਥਾ ਵਿਚ ਚਲਾ ਜਾਂਦਾ ਹੈ। ਕਈ ਵਾਰ ਜਿਗਰ ਫੇਲ੍ਹੀਅਰ ਜਾਂ ਜਿਗਰ ਦਾ ਕੈਂਸਰ ਹੋਣ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਕਰਕੇ ਇਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ।
ਬਚਾਅ ਦੇ ਢੰਗ
ਹੈਪੇਟਾਈਟਸ-ਏ ਅਤੇ ਈ ਤੋਂ ਬਚਣ ਲਈ ਸਾਫ਼-ਸੁਥਰਾ ਪਾਣੀ ਅਤੇ ਖਾਣ-ਪੀਣ ਦੀਆਂ ਸ਼ੁੱਧ ਅਤੇ ਸਾਫ਼-ਸੁਥਰੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਹੱਥਾਂ ਦੀ ਸਫ਼ਾਈ ਵਾਰ-ਵਾਰ ਕਰਨਾ ਲਾਹੇਵੰਦ ਹੋ ਸਕਦਾ ਹੈ। ਹੈਪੇਟਾਈਟਸ-ਬੀ ਤੇ ਸੀ ਤੋਂ ਬਚਣ ਲਈ ਦੰਦਾਂ ਤੇ ਜੀਭ ਸਾਫ਼ ਕਰਨ ਵਾਲਾ ਬੁਰਸ਼ ਇਕ-ਦੂਜੇ ਨਾਲ ਸਾਂਝੇ ਨਾ ਕੀਤੇ ਜਾਵੇ, ਸ਼ੇਵ ਕਰਨ ਲਈ ਬਲੇਡ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ, ਸਰੀਰ ’ਤੇ ਟੈਟੂ ਕਿਸੇ ਪੇਸ਼ੇਵਰ ਤੋਂ ਬਣਵਾਇਆ ਜਾਵੇ ਜਾਂ ਟੈਟੂ ਮਸ਼ੀਨ ਦੀ ਸੂਈ ਨਵੀਂ ਵਰਤਣੀ ਯਕੀਨੀ ਕਰ ਲਈ ਜਾਵੇ, ਸਰਿੰਜਾਂ ਜਾਂ ਸੂਈਆਂ ਸਾਂਝੀਆਂ ਨਾ ਕੀਤੀਆਂ ਜਾਣ, ਯੋਨ ਸਬੰਧਾਂ ਤੋਂ ਗੁਰੇਜ਼ ਕਰੋ ਜਾਂ ਅਸੁਰੱਖਿਅਤ ਜਿਨਸੀ ਸਾਂਝੇਦਾਰੀ ਮੌਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਿਹਤ ਕਾਮਿਆਂ ਤੇ ਡਾਕਟਰਾਂ ਨੂੰ ਹਮੇਸ਼ਾ ਸਾਵਧਾਨੀ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕਿਹੜੇ ਕਾਰਨਾਂ ਕਰਕੇ ਨਹੀਂ ਫੈਲਦੀ ਬਿਮਾਰੀ
ਕਿਸੇ ਦੇ ਖੰਘਣ ਜਾਂ ਜ਼ੁਕਾਮ ਨਾਲ, ਹੱਥ ਮਿਲਾਉਣ, ਕਿਸੇ ਨਾਲ ਖਾਣ-ਪੀਣ ਵਾਲੇ ਪਦਾਰਥ ਸਾਂਝੇ ਕਰਨ, ਮਾਂ ਦਾ ਬੱਚੇ ਨੂੰ ਆਪਣਾ ਦੁੱਧ ਚੁੰਘਾਉਣ, ਭਾਂਡੇ ਸਾਂਝੇ ਕਰਨ, ਬਾਥਰੂਮ ਅਤੇ ਫਲੱਸ਼ ਨੂੰ ਸਾਂਝਾ ਵਰਤਣ ਜਾਂ ਕਿਸੇ ਨੂੰ ਜੱਫੀ ਪਾ ਕੇ ਮਿਲਣਾ ਆਦਿ।
ਖਾਣ-ਪੀਣ ਦਾ ਪਰਹੇਜ਼
ਜ਼ਿਆਦਾ ਮਿੱਠੀਆਂ ਤੇ ਨਮਕੀਨ ਵਸਤਾਂ, ਜ਼ਿਆਦਾ ਆਇਰਨ ਤੇ ਫੈਟ ਵਾਲੇ ਪਦਾਰਥ, ਕੱਚੇ ਫਲ, ਤਲਿਆ ਹੋਇਆ ਭੋਜਨ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
ਬੱਚਿਆਂ ਦਾ ਮੁਫ਼ਤ ਕੀਤਾ ਜਾ ਰਿਹਾ ਟੀਕਾਕਰਨ
ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਹੈਪੇਟਾਈਟਸ ਮਰੀਜ਼ਾਂ ਦੀ ਸਕਰੀਨਿੰਗ ਅਤੇ ਇਲਾਜ ਲਈ ਰਿਲੀਫ ਫੰਡ ਦੀ ਸ਼ੁਰੂਆਤ ਹੋ ਗਈ ਸੀ, ਜਿਸ ਦਾ ਪ੍ਰਬੰਧਨ ਅਤੇ ਵਿਸਥਾਰ ਨਿਰੰਤਰ ਜਾਰੀ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ-ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਮੁਫ਼ਤ ਸਹੂਲਤਾਂ ਹੁਣ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ-ਡਵੀਜ਼ਨਲ ਹਸਪਤਾਲਾਂ,13 ਏਆਰਟੀ ਕੇਂਦਰਾਂ ਅਤੇ 11 ਓਐੱਸਟੀ ਕੇਂਦਰਾਂ ’ਤੇ ਮੁਹੱਈਆ ਹੈ। ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਹੈਪੇਟਾਈਟਸ-ਬੀ ਤੋਂ ਬਚਾਅ ਲਈ ਬੱਚਿਆਂ ਦਾ ਮੁਫ਼ਤ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਸਰਕਾਰੀ ਸਿਹਤ ਸੰਸਥਵਾਂ ਤੋਂ ਸਫਲਤਾਪੂਰਵਕ ਕਾਲੇ ਪੀਲੀਏ ਦਾ ਇਲਾਜ ਕਰਵਾਉਣ ਤੋਂ ਬਾਅਦ ਮਰੀਜ਼ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ। ਜ਼ਿਆਦਾ ਜਾਣਕਾਰੀ ਲੈਣ ਲਈ ਨੇੜਲੇ ਸਰਕਾਰੀ ਹਸਪਤਾਲ ਜਾਂ ਹੈਲਪ ਲਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।