WHO ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਵਿਸ਼ਵਵਿਆਪੀ ਮਹਾਮਾਰੀ ਪ੍ਰਬੰਧਨ ਦੀ ਨਿਰਦੇਸ਼ਕ ਡਾ. ਮਾਰੀਆ ਵੈਨ ਕੇਰਖੋਵ ਨੇ ਇਹ ਸਪੱਸ਼ਟ ਕੀਤਾ ਕਿ ਇਹ ਨਾ ਤਾਂ ਕੋਵਿਡ ਹੈ ਤੇ ਨਾ ਹੀ ਇਨਫਲੂਐਂਜ਼ਾ, ਇਹ ਵਾਇਰਸ ਬਹੁਤ ਵੱਖਰੇ ਤਰੀਕੇ ਨਾਲ ਫੈਲਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੀ ਫਿਰ ਤੋਂ ਲੌਕਡਾਊਨ ਲੱਗੇਗਾ? ਕੀ ਫਿਰ ਤੋਂ ਮਾਸਕ ਪਹਿਨਣਾ ਪਵੇਗਾ? ਅਟਲਾਂਟਿਕ ਕਰੂਜ਼ ਸ਼ਿਪ 'ਤੇ ਫੈਲੇ ਹੰਟਾਵਾਇਰਸ (Hantavirus) ਨੂੰ ਦੇਖ ਕੇ ਹੁਣ ਲੋਕਾਂ ਦੇ ਮਨਾਂ 'ਚ ਅਜਿਹੇ ਹੀ ਸਵਾਲ ਆ ਰਹੇ ਹਨ। ਇਸ ਵਾਇਰਸ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਵਾਇਰਸ ਕੋਵਿਡ-19 ਵਾਂਗ ਫੈਲੇਗਾ?
ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹੋਏ WHO ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਵਿਸ਼ਵਵਿਆਪੀ ਮਹਾਮਾਰੀ ਪ੍ਰਬੰਧਨ ਦੀ ਨਿਰਦੇਸ਼ਕ ਡਾ. ਮਾਰੀਆ ਵੈਨ ਕੇਰਖੋਵ ਨੇ ਇਹ ਸਪੱਸ਼ਟ ਕੀਤਾ, 'ਇਹ ਨਾ ਤਾਂ ਕੋਵਿਡ ਹੈ ਅਤੇ ਨਾ ਹੀ ਇਨਫਲੂਐਂਜ਼ਾ, ਇਹ ਵਾਇਰਸ ਬਹੁਤ ਵੱਖਰੇ ਤਰੀਕੇ ਨਾਲ ਫੈਲਦਾ ਹੈ।'
ਉਨ੍ਹਾਂ ਕਿਹਾ ਕਿ, 'ਫਿਲਹਾਲ ਜਹਾਜ਼ 'ਤੇ ਕੋਈ ਵੀ ਲੱਛਣਾਂ ਵਾਲਾ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਨਹੀਂ ਹੈ। ਐਂਡੀਜ਼ ਵਾਇਰਸ ਦੇ ਪਿਛਲੇ ਮਾਮਲਿਆਂ 'ਚ ਇਨਸਾਨਾਂ-ਤੋਂ-ਇਨਸਾਨਾਂ 'ਚ ਸੰਕਰਮਣ ਮੁੱਖ ਤੌਰ 'ਤੇ ਨਜ਼ਦੀਕੀ ਸੰਪਰਕਾਂ (Close Contacts) ਰਾਹੀਂ ਹੀ ਹੋਇਆ ਸੀ।'
ਡਬਲਯੂਐੱਚਓ ਦੇ ਐਮਰਜੈਂਸੀ ਹੈਲਥ ਪ੍ਰੋਗਰਾਮ ਦੇ ਅਲਰਟ ਅਤੇ ਰਿਸਪਾਂਸ ਕੋਆਰਡੀਨੇਸ਼ਨ ਵਿਭਾਗ ਦੇ ਨਿਰਦੇਸ਼ਕ ਡਾ. ਅਬਦਿਰਹਮਾਨ ਮਹਿਮੂਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2018-19 'ਚ ਅਰਜਨਟੀਨਾ 'ਚ ਵੀ ਅਜਿਹੇ ਹਾਲਾਤ ਸਾਹਮਣੇ ਆਏ ਸਨ, ਜਿੱਥੇ ਇਕ ਸੰਕਰਮਿਤ ਵਿਅਕਤੀ ਦੇ ਸਮਾਜਿਕ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਕਈ ਲੋਕ ਸੰਕਰਮਿਤ ਹੋ ਗਏ ਸਨ। ਹਾਲ ਹੀ 'ਚ ਸਾਹਮਣੇ ਆਏ ਮਾਮਲੇ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਜਗ੍ਹਾ ਅਤੇ ਕਲੋਜ਼ ਕੰਟੈਕਟ ਕਾਰਨ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜੇਕਰ ਅਸੀਂ ਕੰਟੈਕਟ ਟ੍ਰੇਸਿੰਗ ਅਤੇ ਆਈਸੋਲੇਸ਼ਨ ਵਰਗੇ ਉਪਾਵਾਂ ਦੀ ਪਾਲਣਾ ਕਰਦੇ ਹਾਂ, ਤਾਂ ਅਸੀਂ ਸੰਕਰਮਣ ਦੀ ਇਸ ਕੜੀ ਨੂੰ ਤੋੜ ਸਕਦੇ ਹਾਂ। ਫਿਲਹਾਲ ਕਿਸੇ ਵੱਡੀ ਮਹਾਮਾਰੀ ਦੀ ਸੰਭਾਵਨਾ ਨਹੀਂ ਹੈ।
ਹੰਟਾਵਾਇਰਸ ਅਤੇ ਕੋਵਿਡ-19 ਵਿਚਕਾਰ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਹੰਤਾਵਾਇਰਸ ਮੁੱਖ ਤੌਰ 'ਤੇ ਪਸ਼ੂਆਂ ਤੋਂ ਮਨੁੱਖਾਂ 'ਚ ਫੈਲਣ ਵਾਲਾ ਰੋਗ ਹੈ, ਜਦਕਿ ਕੋਵਿਡ-19 ਇੱਕ ਬੇਹੱਦ ਸੰਕਰਮਿਤ ਰੈਸਪੀਰੇਟਰੀ (ਸਾਹ ਸਬੰਧੀ) ਵਾਇਰਸ ਹੈ, ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ।
ਹਾਲਾਂਕਿ, ਦੋਵੇਂ ਹੀ ਗੰਭੀਰ ਸਾਹ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ, ਪਰ ਹੰਟਾਵਾਇਰਸ ਹਰ ਇਕ ਮਾਮਲੇ 'ਚ ਕਾਫ਼ੀ ਜ਼ਿਆਦਾ ਘਾਤਕ ਹੁੰਦਾ ਹੈ। ਹਾਲਾਂਕਿ ਇਸ ਦੇ ਮਹਾਮਾਰੀ ਦਾ ਰੂਪ ਲੈਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਕਿਉਂਕਿ ਇਹ ਲੋਕਾਂ ਵਿਚਕਾਰ ਬਹੁਤ ਤੇਜ਼ੀ ਨਾਲ ਨਹੀਂ ਫੈਲਦਾ।
ਹੰਟਾਵਾਇਰਸ ਮੁੱਖ ਤੌਰ 'ਤੇ ਸੰਕਰਮਿਤ ਚੂਹਿਆਂ ਦੇ ਪਿਸ਼ਾਬ, ਮਲ ਜਾਂ ਲਾਰ ਦੇ ਸੰਪਰਕ ਨਾਲ ਫੈਲਦਾ ਹੈ। ਇਸ ਦੇ ਇਨਸਾਨ-ਤੋਂ-ਇਨਸਾਨ ਤਕ ਫੈਲਣ ਦੇ ਮਾਮਲੇ ਕਾਫ਼ੀ ਦੁਰਲੱਭ ਹਨ। ਹਾਲਾਂਕਿ, ਕਰੂਜ਼ ਸ਼ਿਪ 'ਤੇ ਹਾਲ ਹੀ 'ਚ ਹੋਏ ਇਕ ਪ੍ਰਕੋਪ 'ਚ 'ਐਂਡੀਜ਼ ਸਟ੍ਰੇਨ' ਸ਼ਾਮਲ ਸੀ, ਜੋ ਮਨੁੱਖਾਂ ਵਿਚਕਾਰ ਫੈਲਣ ਵਾਲੀ ਇੱਕਮਾਤਰ ਜਾਣੀ ਜਾਂਦੀ ਕਿਸਮ ਹੈ, ਫਿਰ ਵੀ ਇਸ ਨੂੰ ਫੈਲਣ ਲਈ ਬਹੁਤ ਕਲੋਜ਼ ਕੰਟੈਕਟ ਦੀ ਲੋੜ ਹੁੰਦੀ ਹੈ।