ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਡੇਂਗੂ ਭਾਰਤ ’ਚ ਇਕ ਮਹਾਮਾਰੀ ਹੈ। ਇਸ ਲਈ ਡੇਂਗੂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 16 ਮਈ ਨੂੰ ਰਾਸ਼ਟਰੀ ਡੇਂਗੂ ਰੋਕਥਾਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡੇਂਗੂ ਬੁਖਾਰ ਨੂੰ ਅਕਸਰ ਹੱਡੀ ਤੋੜ ਬੁਖ਼ਾਰ ਵੀ ਕਿਹਾ ਜਾਂਦਾ ਹੈ। ਇਹ ਲਾਗ ਮੱਛਰਾਂ ਦੁਆਰਾ ਫੈਲਦੀ ਹੈ, ਜੋ ਗੰਭੀਰ ਫਲੂ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਹ ਚਾਰ ਵੱਖ-ਵੱਖ ਵਾਇਰਸਾਂ ਕਾਰਨ ਹੁੰਦਾ ਹੈ ਅਤੇ ਏਡੀਜ਼ ਮੱਛਰ ਦੁਆਰਾ ਫੈਲਦਾ ਹੈ। ਇਹ ਮੱਛਰ ਪੀਲਾ ਬੁਖ਼ਾਰ, ਜੀਕਾ ਵਾਇਰਸ ਅਤੇ ਚਿਕਨਗੁਨੀਆ ਵੀ ਫੈਲਾਉਂਦੇ ਹਨ।

ਰਾਸ਼ਟਰੀ ਡੇਂਗੂ ਦਿਵਸ

ਰਾਸਸ਼ਟਰੀ ਡੇਂਗੂ ਦਿਵਸ ਭਾਰਤ ’ਚ ਹਰ ਸਾਲ 16 ਮਈ ਨੂੰ ਮਨਾਇਆ ਜਾਂਦਾ ਹੈ, ਜੋ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਤੇ ਇਸ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣ ਦੀ ਪਹਿਲ ਹੈ। ਡੇਂਗੂ ਬੁਖ਼ਾਰ ਇਕ ਵਿਸ਼ਵਵਿਆਪੀ ਤੇ ਖੇਤਰੀ ਖ਼ਤਰਾ ਬਣਿਆ ਹੋਇਆ ਹੈ, ਜੋ ਇਲਾਜ ਅਤੇ ਵਿਗਿਆਨ ’ਚ ਤਰੱਕੀ ਦੇ ਬਾਵਜੂਦ ਸਾਰਿਆਂ ’ਤੇ ਇਕ ਮਹੱਤਵਪੂਰਨ ਜਨਤਕ ਸਿਹਤ ਬੋਝ ਪਾਉਂਦਾ ਹੈ। ਇਹ ਦੇਖਿਆ ਗਿਆ ਹੈ ਕਿ ਡੇਂਗੂ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਦੇ ਆਮ ਲੱਛਣ ਹਨ ਤੇਜ਼ ਸਿਰਦਰਦ, ਜੋੜਾਂ, ਮਾਸ਼ਪੇਸੀਆਂ ਤੇ ਸਰੀਰ ਵਿਚ ਦਰਦ, ਤੇਜ਼ ਬੁਖ਼ਾਰ ਅਤੇ ਚਿੜਚਿੜਾਪਨ। ਬਰਸਾਤ ਦੇ ਮੌਸਮ ਵਿਚ ਡੇਂਗੂ ਤੇਜ਼ੀ ਨਾਲ ਫੈਲਦਾ ਹੈ। ਮਈ ਦਾ ਮਹੀਨਾ ਕੁਝ ਦਿਨਾਂ ’ਚ ਖਤਮ ਹੋਣ ਵਾਲਾ ਹੈ, ਇਸ ਲਈ ਸਾਨੂੰ ਭਾਰਤ ’ਚ ਜੂਨ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਬਰਸਾਤ ਦੇ ਮੌਸਮ ਲਈ ਤਿਆਰ ਰਹਿਣਾ ਚਾਹੀਦਾ ਹੈ।

ਡੇਂਗੂ ਦਿਵਸ ਦੀ ਮਹੱਤਤਾ

ਇਹ ਜ਼ਰੂਰੀ ਹੈ ਕਿ ਹਰ ਕੋਈ ਇਸ ਬਿਮਾਰੀ ਦੇ ਨਤੀਜਿਆਂ ਅਤੇ ਇਸ ਤੋਂ ਪੀੜਤ ਹੋਣ ਤੋਂ ਬਚਣ ਲਈ ਕੀਤੇ ਜਾਣ ਵਾਲੇ ਉਪਾਵਾਂ ਨੂੰ ਸਮਝੇ। ਡੇਂਗੂ ਦੀ ਰੋਕਥਾਮ ਲਈ ਸਮਾਜ ਦਾ ਹਰ ਮੈਂਬਰ ਅਹਿਮ ਭੂਮਿਕਾ ਨਿਭਾ ਸਕਦਾ ਹੈ। ਡੇਂਗੂ ਦੇ ਮੱਛਰ ਦਿਖ ’ਚ ਆਮ ਮੱਛਰਾਂ ਤੋਂ ਕੁਝ ਵੱਖਰੇ ਹੁੰਦੇ ਹਨ। ਇਸ ਦੇ ਸਰੀਰ ‘ਤੇ ਚੀਤੇ ਵਰਗੀਆਂ ਧਾਰੀਆਂ ਦਿਖਾਈ ਦਿੰਦੀਆਂ ਹਨ। ਇਹ ਮੱਛਰ ਅਕਸਰ ਦਿਨ ਵੇਲੇ ਕੱਟਦਾ ਹੈ, ਇਸ ਲਈ ਸਾਨੂੰ ਮੱਛਰ ਦੇ ਕੱਟਣ ਤੋਂ ਬਚਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

Posted By: Harjinder Sodhi