ਡਾ. ਗੌਰਵ ਗਰਗ ਨੇ ਦੱਸਿਆ ਕਿ ਡਰਮੇਟੋਲੋਜਿਸਟ ਅਕਸਰ ਚਮੜੀ 'ਤੇ ਦਿਖਣ ਵਾਲੇ ਰੈਸ਼ੇਜ਼, ਰੰਗਤ ਵਿੱਚ ਬਦਲਾਅ ਜਾਂ ਬਣਤਰ ਨੂੰ ਦੇਖ ਕੇ ਸ਼ਰੀਰ ਦੇ ਅੰਦਰ ਪਨਪ ਰਹੀਆਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਅੰਦਾਜ਼ਾ ਲਗਾ ਲੈਂਦੇ ਹਨ। ਇੱਥੇ ਕੁਝ ਅਜਿਹੇ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਨੂੰ ਪਛਾਣ ਕੇ ਤੁਸੀਂ ਸਮਾਂ ਰਹਿੰਦੇ ਸੁਚੇਤ ਹੋ ਸਕਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਚਮੜੀ 'ਤੇ ਹੋਣ ਵਾਲੇ ਬਦਲਾਅ ਨੂੰ ਸਿਰਫ਼ ਬਾਹਰੀ ਸਮੱਸਿਆ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਚਮੜੀ ਤੁਹਾਡੀ ਸਿਹਤ, ਖ਼ਾਸ ਕਰਕੇ ਤੁਹਾਡੇ ਦਿਲ ਦਾ ਸ਼ੀਸ਼ਾ ਹੋ ਸਕਦੀ ਹੈ?
ਡਾ. ਗੌਰਵ ਗਰਗ (ਕੰਸਲਟੈਂਟ ਡਰਮੇਟੋਲੋਜਿਸਟ, ਫਾਊਂਡਰ ਅਤੇ ਡਾਇਰੈਕਟਰ ਆਫ ਡਾਰਮਾਲਾਈਫ ਸਕਿਨ ਐਂਡ ਹੇਅਰ ਕਲੀਨਿਕ, ਨਵੀਂ ਦਿੱਲੀ) ਦੱਸਦੇ ਹਨ ਕਿ ਡਰਮੇਟੋਲੋਜਿਸਟ ਅਕਸਰ ਚਮੜੀ 'ਤੇ ਦਿਖਣ ਵਾਲੇ ਰੈਸ਼ੇਜ਼, ਰੰਗਤ 'ਚ ਬਦਲਾਅ ਜਾਂ ਬਣਤਰ ਨੂੰ ਦੇਖ ਕੇ ਸਰੀਰ ਦੇ ਅੰਦਰ ਪਨਪ ਰਹੀਆਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਅੰਦਾਜ਼ਾ ਲਗਾ ਲੈਂਦੇ ਹਨ। ਇੱਥੇ ਕੁਝ ਅਜਿਹੇ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਨੂੰ ਪਛਾਣ ਕੇ ਤੁਸੀਂ ਸਮਾਂ ਰਹਿੰਦੇ ਸੁਚੇਤ ਹੋ ਸਕਦੇ ਹੋ।
ਜੇਕਰ ਤੁਹਾਡੀਆਂ ਪਲਕਾਂ ਦੇ ਕਿਨਾਰਿਆਂ 'ਤੇ ਜਾਂ ਅੱਖਾਂ ਦੇ ਆਲੇ-ਦੁਆਲੇ ਛੋਟੇ ਪੀਲੇ ਧੱਬੇ ਜਾਂ ਉਭਾਰ ਦਿਖਾਈ ਦੇਣ ਲੱਗਣ ਤਾਂ ਇਹ ਸਰੀਰ 'ਚ ਕੋਲੈਸਟ੍ਰੋਲ ਦੇ ਵਧੇ ਹੋਏ ਪੱਧਰ ਦਾ ਸੰਕੇਤ ਹੋ ਸਕਦਾ ਹੈ। ਚਮੜੀ ਦੇ ਹੇਠਾਂ ਫੈਟ ਜਮ੍ਹਾਂ ਹੋਣ ਨਾਲ ਬਣਨ ਵਾਲੇ ਇਨ੍ਹਾਂ ਉਭਾਰਾਂ ਨੂੰ 'ਜੈਂਥੋਮਾ' (Xanthoma) ਕਿਹਾ ਜਾਂਦਾ ਹੈ।
ਜੇਕਰ ਤੁਹਾਡੀ ਚਮੜੀ, ਬੁੱਲ੍ਹਾਂ ਜਾਂ ਉਂਗਲਾਂ ਦੇ ਪੋਟਿਆਂ 'ਤੇ ਨੀਲਾਪਨ ਦਿਖਣ ਲੱਗੇ ਤਾਂ ਇਸ ਨੂੰ ਹਲਕੇ 'ਚ ਨਾ ਲਓ। ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਸਰੀਰ 'ਚ ਆਕਸੀਜਨ ਦਾ ਵਹਾਅ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਘੱਟ ਆਕਸੀਜਨ ਸਿੱਧੇ ਤੌਰ 'ਤੇ ਦਿਲ ਦੀ ਕੰਮ ਕਰਨ ਦੀ ਸਮਰੱਥਾ ਨਾਲ ਜੁੜੀ ਹੋ ਸਕਦੀ ਹੈ।
ਪੈਰਾਂ ਦੇ ਹੇਠਲੇ ਹਿੱਸੇ ਜਾਂ ਗਿੱਟਿਆਂ 'ਚ ਵਾਰ-ਵਾਰ ਸੋਜ ਆਉਣਾ ਸੁਸਤ ਬਲੱਡ ਸਰਕੂਲੇਸ਼ਨ ਜਾਂ ਸਰੀਰ 'ਚ ਤਰਲ ਪਦਾਰਥ (Fluid) ਦੇ ਜਮ੍ਹਾਂ ਹੋਣ ਵੱਲ ਇਸ਼ਾਰਾ ਕਰਦਾ ਹੈ। ਦਿਲ ਨਾਲ ਜੁੜੀਆਂ ਸਮੱਸਿਆਵਾਂ 'ਚ ਅਕਸਰ ਸਰੀਰ ਦੇ ਹੇਠਲੇ ਹਿੱਸਿਆਂ ਵਿੱਚ ਇਸ ਤਰ੍ਹਾਂ ਦਾ ਜਮਾਅ ਦੇਖਿਆ ਜਾਂਦਾ ਹੈ।
ਮੁੜੇ ਹੋਏ ਨਹੁੰ ਜੋ ਹੇਠਾਂ ਵੱਲ ਝੁਕ ਜਾਂਦੇ ਹਨ, ਉਹ ਲੰਬੇ ਸਮੇਂ ਤੋਂ ਸਰੀਰ 'ਚ ਆਕਸੀਜਨ ਦੀ ਕਮੀ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ, ਜੇਕਰ ਉਂਗਲਾਂ ਦੇ ਪੋਟਿਆਂ 'ਚ ਹਲਕੀ ਸੋਜ ਆ ਜਾਵੇ ਅਤੇ ਨਹੁੰਆਂ ਦਾ ਆਕਾਰ ਬਦਲਣ ਲੱਗੇ ਤਾਂ ਇਹ ਸਰੀਰ 'ਚ ਛਿਪੀ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
ਉਂਗਲਾਂ ਦੇ ਪੋਟਿਆਂ ਦੀ ਚਮੜੀ ਦਾ ਮੋਟਾ ਹੋਣਾ ਜਾਂ ਪੈਰਾਂ 'ਤੇ ਹੋਣ ਵਾਲੇ ਜ਼ਖ਼ਮਾਂ ਦਾ ਲੰਬੇ ਸਮੇਂ ਤੱਕ ਨਾ ਭਰਨਾ, ਬਲੱਡ ਸਰਕੂਲੇਸ਼ਨ ਘੱਟ ਹੋਣ ਦਾ ਲੱਛਣ ਹੋ ਸਕਦਾ ਹੈ। ਜਦੋਂ ਧਮਣੀਆਂ (Arteries) ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਤਾਂ ਜ਼ਖ਼ਮ ਭਰਨ ਦੀ ਗਤੀ ਹੌਲੀ ਹੋ ਜਾਂਦੀ ਹੈ।
ਜੇਕਰ ਤੁਹਾਡੇ ਪੈਰਾਂ ਦੇ ਵਾਲ ਅਚਾਨਕ ਝੜਨ ਲੱਗਣ ਤਾਂ ਇਹ ਠੀਕ ਤਰ੍ਹਾਂ ਬਲੱਡ ਸਰਕੂਲੇਟ ਨਾ ਹੋਣ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਚਮੜੀ ਦੀਆਂ ਪਰਤਾਂ ਦਾ ਗੂੜ੍ਹਾ ਜਾਂ ਕਾਲਾ ਪੈਣਾ ਇੰਸੁਲਿਨ ਨਾਲ ਜੁੜੀ ਸਮੱਸਿਆ ਦਾ ਸੰਕੇਤ ਹੈ ਜਿਸ ਦਾ ਸਿੱਧਾ ਸਬੰਧ ਦਿਲ ਦੀ ਸਿਹਤ ਨਾਲ ਹੁੰਦਾ ਹੈ।
ਚਿਹਰੇ 'ਤੇ ਲੰਬੇ ਸਮੇਂ ਤਕ ਬਣੀ ਰਹਿਣ ਵਾਲੀ ਲਾਲੀ (Redness) ਜਾਂ ਗਰਮਾਹਟ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਇਸ ਦੇ ਨਾਲ ਹੋਰ ਲੱਛਣ ਵੀ ਦਿਖਾਈ ਦੇਣ ਤਾਂ ਇਸ ਨੂੰ ਅਣਦੇਖਾ ਕਰਨਾ ਜੋਖਮ ਭਰਿਆ ਹੋ ਸਕਦਾ ਹੈ।
ਹਾਲਾਂਕਿ, ਚਮੜੀ 'ਤੇ ਦਿਖਣ ਵਾਲੇ ਇਹ ਲੱਛਣ ਇਸ ਗੱਲ ਦਾ ਪੱਕਾ ਸਬੂਤ ਨਹੀਂ ਹਨ ਕਿ ਤੁਹਾਨੂੰ ਦਿਲ ਦੀ ਬਿਮਾਰੀ ਹੈ ਹੀ, ਪਰ ਇਹ ਸ਼ੁਰੂਆਤੀ ਸੰਕੇਤ ਜ਼ਰੂਰ ਹੋ ਸਕਦੇ ਹਨ।