ਹਰ ਬੰਦਾ ਚਾਹੁੰਦਾ ਹੈ ਕਿ ਉਹ ਤੰਦੁਰਸਤ, ਸਿਹਤਮੰਦ ਤੇ ਲੰਬੀ ਜ਼ਿੰਦਗੀ ਜੀਵੇ। ਕੋਈ ਵੀ ਬਿਮਾਰੀ ਉਸ ਦੇ ਨੇੜੇ ਨਾ ਆਵੇ। ਉਸ ਦੇ ਸਰੀਰ ’ਚ ਚੁਸਤੀ-ਫੁਰਤੀ ਹੋਵੇ। ਉਸ ਨੂੰ ਕਦੇ ਡਾਕਟਰ ਕੋਲ ਨਾ ਜਾਣਾ ਪਵੇ। ਉਹ ਜੋ ਕੁਝ ਵੀ ਖਾਵੇ, ਝੱਟ ਹਜ਼ਮ ਹੋ ਜਾਵੇ ਪਰ ਸਿਹਤਮੰਦ, ਤੰਦਰੁਸਤ ਤੇ ਲੰਬੀ ਜ਼ਿੰਦਗੀ ਜਿਊਣ ਲਈ ਲਈ ਸਾਡੇ ਕੀ ਫ਼ਰਜ਼ ਹਨ।
ਹਰ ਬੰਦਾ ਚਾਹੁੰਦਾ ਹੈ ਕਿ ਉਹ ਤੰਦੁਰਸਤ, ਸਿਹਤਮੰਦ ਤੇ ਲੰਬੀ ਜ਼ਿੰਦਗੀ ਜੀਵੇ। ਕੋਈ ਵੀ ਬਿਮਾਰੀ ਉਸ ਦੇ ਨੇੜੇ ਨਾ ਆਵੇ। ਉਸ ਦੇ ਸਰੀਰ ’ਚ ਚੁਸਤੀ-ਫੁਰਤੀ ਹੋਵੇ। ਉਸ ਨੂੰ ਕਦੇ ਡਾਕਟਰ ਕੋਲ ਨਾ ਜਾਣਾ ਪਵੇ। ਉਹ ਜੋ ਕੁਝ ਵੀ ਖਾਵੇ, ਝੱਟ ਹਜ਼ਮ ਹੋ ਜਾਵੇ ਪਰ ਸਿਹਤਮੰਦ, ਤੰਦਰੁਸਤ ਤੇ ਲੰਬੀ ਜ਼ਿੰਦਗੀ ਜਿਊਣ ਲਈ ਲਈ ਸਾਡੇ ਕੀ ਫ਼ਰਜ਼ ਹਨ। ਜ਼ਿਆਦਾਤਰ ਲੋਕ ਜਾਣਦੇ ਹੋਏ ਵੀ ਉਨ੍ਹਾਂ ’ਤੇ ਅਮਲ ਨਹੀਂ ਕਰਦੇ। ਤਿੱਬਤੀ ਕਹਾਵਤ ਹੈ ਕਿ ਆਪਣੀ ਭੁੱਖ ਨਾਲੋਂ ਅੱਧਾ ਖਾਓ, ਦੁੱਗਣਾ ਚੱਲੋ, ਤਿੱਗਣਾ ਹੱਸੋ ਤੇ ਬਿਨਾਂ ਮਾਪ ਦੇ ਪ੍ਰੇਮ ਕਰੋ। ਇਹੋ ਸੁਖੀ ਤੇ ਸੁਚੱਜੇ ਜੀਵਨ ਦਾ ਰਾਜ਼ ਹੈ।
ਪੇਟ ਨੂੰ ਬਣਾ ਲੈਂਦੇ ਕੂੜਾਦਾਨ
ਜ਼ਿਆਦਾਤਰ ਲੋਕ ਖਾਣ ਲੱਗਿਆਂ ਆਪਣੀ ਭੁੱਖ ਤੋਂ ਅੱਧਾ ਤਾਂ ਕੀ ਸਗੋਂ ਬਿਨਾਂ ਹਿਸਾਬ ਲਾਏ ਖਾਂਦੇ ਹਨ। ਉਹ ਇੰਝ ਖਾਂਦੇ ਹਨ, ਜਿਵੇਂ ਪਹਿਲੀ ਤੇ ਆਖ਼ਰੀ ਵਾਰ ਖਾ ਰਹੇ ਹੋਣ। ਉਹ ਆਪਣੇ ਪੇਟ ਨੂੰ ਕੂੜਾਦਾਨ ਬਣਾ ਲੈਂਦੇ ਹਨ। ਅੱਜ ਦੇ ਯੁੱਗ ’ਚ ਬਹੁ-ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਨਿਰੋਗ ਜ਼ਿੰਦਗੀ ਦੇ ਅਸੂਲ ਕਿੰਨਾ ਖਾਣਾ, ਕਦੋਂ ਖਾਣਾ ਤੇ ਕਿਵੇਂ ਖਾਣਾ ਉੱਤੇ ਅਮਲ ਕਰਨ ਨੂੰ ਧਿਆਨ ’ਚ ਹੀ ਨਹੀਂ ਰੱਖਦੇ। ਡਾਕਟਰੀ ਨਿਯਮਾਂ ਅਨੁਸਾਰ ਰਾਤ ਦਾ ਖਾਣਾ ਸ਼ਾਮ ਸੱਤ ਵਜੇ ਤੋਂ ਪਹਿਲਾਂ ਖਾਓ ਪਰ ਜ਼ਿਆਦਾਤਰ ਲੋਕਾਂ ਦਾ ਰਾਤ ਦਾ ਖਾਣਾ ਖਾਣ ਦਾ ਕੋਈ ਸਮਾਂ ਹੀ ਨਹੀਂ ਅਤੇ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲੋਂ ਉਹ ਟੈਲੀਵਿਜ਼ਨ ਵੇਖਣਾ ਅਤੇ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਸਮਝਦੇ ਹਨ।
ਬਿਮਾਰੀਆਂ ਦਾ ਘਰ ਹੈ ਫਾਸਟ ਫੂਡ
ਇਹ ਜੱਗ ਜ਼ਾਹਿਰ ਸੱਚਾਈ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਫਾਸਟ ਫੂਡ ਬਿਮਾਰੀਆਂ ਦਾ ਘਰ ਹੈ ਪਰ ਲੋਕਾਂ ਨੇ ਉਸ ਨੂੰ ਰੋਟੀ ਦੀ ਥਾਂ ਖਾਣਾ ਸ਼ੁਰੂ ਕਰ ਦਿੱਤਾ ਹੈ। ਸਿਹਤਮੰਦ ਜ਼ਿੰਦਗੀ ਗੁਜ਼ਾਰਨ ਲਈ ਹਰ ਬੰਦੇ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਖਾਣਾ ਦਵਾਈ ਵਾਂਗ ਖਾਓ, ਨਹੀਂ ਤਾਂ ਦਵਾਈ ਖਾਣੇ ਵਾਂਗ ਖਾਣੀ ਪਵੇਗੀ।
ਰੋਜ਼ ਕਰੋ ਸੈਰ
ਸਿਹਤਮੰਦ ਜ਼ਿੰਦਗੀ ਜਿਊਣ ਲਈ ਦੁੱਗਣਾ ਚੱਲਣਾ ਲੋਕਾਂ ਦੀ ਜ਼ਿੰਦਗੀ ਵਿੱਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਚੱਲਣ ਦਾ ਭਾਵ ਸੈਰ ਕਰਨ ਤੋਂ ਹੈ। ਸੈਰ ਲੰਬੀ ਅਤੇ ਉਸ ਖੁੱਲ੍ਹੀ ਥਾਂ ਉੱਤੇ ਹੋਣੀ ਚਾਹੀਦੀ ਹੈ, ਜਿੱਥੇ ਸਰੀਰ ਨੂੰ ਤਾਜ਼ੀ ਪ੍ਰਦੂਸ਼ਣ ਰਹਿਤ ਹਵਾ ਮਿਲੇ ਪਰ ਬਹੁ-ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਸੈਰ ਨਾ ਕਰਨ ਦਾ ਕਾਰਨ ਸਮਾਂ ਨਾ ਹੋਣਾ ਦੱਸਦੇ ਹਨ। ਅਜੋਕੇ ਯੁੱਗ ਵਿਚ ਲੋਕ ਮੋਬਾਈਲ, ਕੰਪਿਊਟਰ ਅਤੇ ਟੈਲੀਵਿਜ਼ਨ ਉੱਤੇ ਕਈ-ਕਈ ਘੰਟੇ ਗੁਜ਼ਾਰ ਦਿੰਦੇ ਹਨ ਪਰ ਉਨ੍ਹਾਂ ਕੋਲ ਸੈਰ ਲਈ ਸਮਾਂ ਨਹੀਂ ਹੁੰਦਾ। ਵੱਧ ਤੋਂ ਵੱਧ ਪੈਸਾ ਕਮਾ ਕੇ ਅਮੀਰ ਹੋਣ ਦੀ ਦੌੜ ਤੇ ਕੰਮਾਂ ਦੇ ਰੁਝੇਵਿਆਂ ’ਚ ਲੋਕਾਂ ਦੇ ਮੂੰਹ ਤੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਸੈਰ ਕਰਨ ਲਈ ਸਮਾਂ ਹੀ ਨਹੀਂ ਮਿਲਦਾ ਪਰ ਉਨ੍ਹਾਂ ਨੂੰ ਇਹ ਪੁੱਛਿਆ ਜਾਣਾ ਬਣਦਾ ਹੈ ਕਿ ਚੰਗੀ ਸਿਹਤ ਤੋਂ ਬਿਨਾਂ ਪੈਸਾ ਵੀ ਕਿਸ ਕੰਮ ਦਾ ਹੈ? ਬਿਨਾਂ ਚੰਗੀ ਸਿਹਤ ਤੋਂ ਕੰਮ ਕਿਵੇਂ ਕੀਤਾ ਜਾ ਸਕੇਗਾ? ਸੈਰ ਨਾ ਕਰਨ ਦੀ ਆਦਤ ਵਾਲੇ ਲੋਕਾਂ ਨੇ ਸੈਰ ਦੇ ਅਰਥ ਆਪਣੇ ਹਿਸਾਬ ਨਾਲ ਕੱਢਣੇ ਸ਼ੁਰੂ ਕਰ ਦਿੱਤੇ ਹਨ। ਉਹ ਘਰ ਦੇ ਬਰਾਂਡੇ, ਵਿਹੜੇ ਅਤੇ ਗਲੀ-ਮੁੱਹਲੇ ’ਚ ਘੁੰਮਣ ਨੂੰ ਸੈਰ ਕਰਨਾ ਸਮਝਣ ਲੱਗ ਪਏ ਹਨ। ਰਾਤ ਨੂੰ ਦੇਰ ਨਾਲ ਸੌਣਾ, ਸਵੇਰੇ ਦੇਹ ਨਾਲ ਉੱਠਣਾ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ। ਅੰਮ੍ਰਿਤ ਵੇਲੇ ਉੱਠ ਕੇ ਕੁਦਰਤ ਨਾਲ ਇਕਮਿਕ ਹੋਣਾ ਬੀਤੇ ਸਮੇਂ ਦੀ ਗੱਲ ਬਣਦਾ ਜਾ ਰਿਹਾ ਹੈ। ਲੋਕ ਸੈਰ ਕਰਨਾ ਉਦੋਂ ਸ਼ੁਰੂ ਕਰਦੇ ਹਨ, ਜਦੋਂ ਸਰੀਰ ਤੁਰਨ ਜੋਗਾ ਨਹੀਂ ਰਹਿੰਦਾ। ਡਾਕਟਰ ਸੈਰ ਕਰਨ ਸਮੇਂ ਚੁੱਪਚਾਪ ਤੇ ਇਕੱਲੇ ਕਰਨ ਦੀ ਸਲਾਹ ਦਿੰਦੇ ਹਨ ਪਰ ਲੋਕ ਹੁਣ ਸੈਰ ਕਰਨ ਨਹੀਂ ਮੋਬਾਈਲ ਸੁਣਨ ਜਾਂਦੇ ਹਨ।
ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਲੋਕ
ਜੇ ਤਿੱਗਣਾ ਹੱਸਣ ਦੀ ਗੱਲ ਕੀਤੀ ਜਾਵੇ ਤਾਂ ਤਣਾਅ, ਅਮੀਰ ਹੋਣ ਦੀ ਲਾਲਸਾ, ਕੰਮਾਂ ਦੇ ਰੁਝੇਵਿਆਂ, ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਆਪਸੀ ਵੈਰ-ਵਿਰੋਧ ਨੇ ਮਨੁੱਖ ਤੋਂ ਕੁਦਰਤੀ ਹਾਸਾ ਹੱਸਣਾ ਤਾਂ ਖੋਹ ਹੀ ਲਿਆ ਹੈ। ਹੁਣ ਤਾਂ ਉਹ ਪਾਰਕਾਂ ’ਚ ਤਾੜੀਆਂ ਮਾਰ ਕੇ ਅਤੇ ਫੋਨ ਦੀਆਂ ਵੀਡਿਓਜ਼ ਵੇਖ ਕੇ ਨਕਲੀ ਹਾਸਾ ਹੱਸਣ ਜੋਗਾ ਰਹਿ ਗਿਆ ਹੈ। ਅਜੋਕੇ ਯੁੱਗ ’ਚ ਮਨੁੱਖ ਨੇ ਬਾਹਰ ਤਾਂ ਕੀ ਹੱਸਣਾ, ਉਹ ਆਪਣੇ ਪਰਿਵਾਰ ਵਿਚ ਵੀ ਨਹੀਂ ਹੱਸਦਾ ਕਿਉਂਕਿ ਪਰਿਵਾਰ ਦੇ ਸਾਰੇ ਜੀਅ ਫੋਨ ’ਚ ਰੁੱਝੇ ਹੋਣ ਕਾਰਨ ਇਕ-ਦੂਜੇ ਨਾਲ ਗੱਲਬਾਤ ਵੀ ਨਹੀਂ ਕਰਦੇ। ਇਸ ਤਿੱਬਤੀ ਕਹਾਵਤ ’ਤੇ ਅਮਲ ਨਾ ਕਰਨ ਕਾਰਨ ਲੱਖਾਂ ਲੋਕ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਦਿਮਾਗ਼ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਡਾਕਟਰੀ ਹਦਾਇਤਾਂ ਦੀ ਉਦੋਂ ਪਾਲਣ ਕਰਨਾ ਸ਼ੁਰੂ ਕਰਦੇ ਹਨ, ਜਦੋਂ ਸਰੀਰ ਬਿਮਾਰੀਆਂ ਨਾਲ ਘਿਰ ਜਾਂਦਾ ਹੈ। ਲੋਕ ਸੈਰ, ਯੋਗ ਤੇ ਕਸਰਤ ਉਦੋਂ ਸ਼ੁਰੂ ਕਰਦੇ ਹਨ, ਜਦੋਂ ਸਰੀਰ ਇਹ ਕਰਨ ਦੇ ਯੋਗ ਨਹੀਂ ਰਹਿੰਦਾ। ਜੇ ਮਨੁੱਖ ਭੁੱਖ ਤੋਂ ਅੱਧਾ ਖਾਵੇ, ਦੁੱਗਣਾ ਚੱਲੇ ਤੇ ਮਨ ਤੋਂ ਤਿੱਗਣਾ ਹੱਸੇ ਤਾਂ ਉਸ ਨੂੰ ਡਾਕਟਰ ਕੋਲ ਜਾਣ ਦੀ ਬਹੁਤ ਘੱਟ ਲੋੜ ਪਵੇਗੀ ਤੇ ਉਹ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਅ ਸਕੇਗਾ ।
ਪ੍ਰਿੰ. ਵਿਜੈ ਕੁਮਾਰ