ਮਾਹਰ ਇਹ ਵੀ ਮੰਨਦੇ ਹਨ ਕਿ ਖ਼ੁਸ਼ੀ ਦੇ ਹੰਝੂ ਸਿਰਫ਼ ਸਾਡੀਆਂ ਆਪਣੀਆਂ ਭਾਵਨਾਵਾਂ ਨੂੰ ਹੀ ਬਾਹਰ ਨਹੀਂ ਲਿਆਉਂਦੇ, ਸਗੋਂ ਇਹ ਲੋਕਾਂ ਦੇ ਆਪਸੀ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੇ ਹਨ। ਜਦੋਂ ਅਸੀਂ ਖ਼ੁਸ਼ੀ ਜਾਂ ਭਾਵੁਕਤਾ 'ਚ ਕਿਸੇ ਦੇ ਸਾਹਮਣੇ ਰੋਂਦੇ ਹਾਂ, ਤਾਂ ਸਾਹਮਣੇ ਵਾਲਾ ਵਿਅਕਤੀ ਸਾਡੇ ਨਾਲ ਜ਼ਿਆਦਾ ਹਮਦਰਦੀ ਅਤੇ ਜੁੜਾਵ ਮਹਿਸੂਸ ਕਰਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਜ਼ਿੰਦਗੀ 'ਚ ਕਈ ਅਜਿਹੇ ਖ਼ਾਸ ਮੌਕੇ ਆਉਂਦੇ ਹਨ ਜਦੋਂ ਅਸੀਂ ਖ਼ੁਸ਼ੀ ਨਾਲ ਝੂਮ ਉੱਠਦੇ ਹਾਂ—ਜਿਵੇਂ ਕਿਸੇ ਪੁਰਾਣੇ ਸਾਥੀ ਨਾਲ ਅਚਾਨਕ ਮੁਲਾਕਾਤ ਹੋਣਾ, ਮਨਚਾਹੀ ਸਫ਼ਲਤਾ ਹਾਸਲ ਹੋਣਾ ਜਾਂ ਆਪਣੇ ਬੱਚੇ ਨੂੰ ਕਾਮਯਾਬ ਹੁੰਦੇ ਦੇਖਣਾ। ਅਕਸਰ ਅਜਿਹੇ ਪਲਾਂ 'ਚ ਸਾਡੀਆਂ ਅੱਖਾਂ ਆਪਣੇ ਆਪ ਨਮ ਹੋ ਜਾਂਦੀਆਂ ਹਨ।
ਬਚਪਨ ਤੋਂ ਅਸੀਂ ਇਹੀ ਸੁਣਦੇ ਆਏ ਹਾਂ ਕਿ ਹੰਝੂ ਸਿਰਫ਼ ਦੁੱਖ ਅਤੇ ਦਰਦ ਦੀ ਨਿਸ਼ਾਨੀ ਹਨ, ਪਰ ਵਿਗਿਆਨ ਦਾ ਨਜ਼ਰੀਆ ਇਸ ਤੋਂ ਬਿਲਕੁਲ ਵੱਖਰਾ ਹੈ। ਮਾਹਰਾਂ ਅਨੁਸਾਰ, ਖ਼ੁਸ਼ੀ ਦੇ ਹੰਝੂ ਆਉਣਾ ਸਾਡੀਆਂ ਭਾਵਨਾਵਾਂ ਦਾ ਇੱਕ ਬੇਹੱਦ ਦਿਲਚਸਪ, ਸੁਭਾਵਿਕ ਅਤੇ ਕੁਦਰਤੀ ਹਿੱਸਾ ਹੈ। ਜਦੋਂ ਸਾਡੇ ਅੰਦਰ ਭਾਵਨਾਵਾਂ ਹੱਦੋਂ ਵੱਧ ਹੁੰਦੀਆਂ ਹਨ, ਤਾਂ ਸਰੀਰ ਉਨ੍ਹਾਂ ਨੂੰ ਕਾਬੂ 'ਚ ਕਰਨ ਲਈ ਹੰਝੂਆਂ ਦਾ ਹੀ ਰਸਤਾ ਚੁਣਦਾ ਹੈ।
ਦਿਮਾਗ ਅਤੇ ਭਾਵਨਾਵਾਂ ਦਾ ਅਨੋਖਾ ਕਨੈਕਸ਼ਨ
ਮਨੋਵਿਗਿਆਨ (Psychology) ਮੁਤਾਬਕ, ਸਾਡਾ ਦਿਮਾਗ ਸਿਰਫ਼ ਦੁੱਖ ਦੀ ਸਥਿਤੀ ਨੂੰ ਹੀ ਨਹੀਂ ਪਛਾਣਦਾ। ਇਹ ਮਾਣ, ਜ਼ਿਆਦਾ ਖ਼ੁਸ਼ੀ, ਰਾਹਤ ਅਤੇ ਡੂੰਘੇ ਮਾਨਸਿਕ ਜੁੜਾਵ 'ਤੇ ਵੀ ਹੰਝੂਆਂ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦਾ ਹੈ। ਵਿਆਹ-ਸ਼ਾਦੀ, ਕਿਸੇ ਮੁਕਾਬਲੇ 'ਚ ਜਿੱਤ ਜਾਂ ਆਪਣਿਆਂ ਨੂੰ ਲੰਮੇ ਸਮੇਂ ਬਾਅਦ ਮਿਲਣ 'ਤੇ ਅੱਖਾਂ ਦਾ ਭਰ ਆਉਣਾ ਇਸੇ ਗੱਲ ਦਾ ਸਬੂਤ ਹੈ।
ਆਕਾਸ਼ ਹੈਲਥ ਕੇਅਰ ਦੀ ਮਨੋਵਿਗਿਆਨੀ ਡਾ. ਪਵਿੱਤਰਾ ਸ਼ੰਕਰ ਇਸ ਪੂਰੀ ਪ੍ਰਕਿਰਿਆ ਨੂੰ ਸਮਝਾਉਂਦੇ ਹੋਏ ਦੱਸਦੇ ਹਨ ਕਿ ਜਦੋਂ ਇਨਸਾਨ ਬਹੁਤ ਜ਼ਿਆਦਾ ਭਾਵੁਕ ਹੁੰਦਾ ਹੈ, ਤਾਂ ਦਿਮਾਗ ਦਾ 'ਲਿਮਬਿਕ ਸਿਸਟਮ' (Limbic System) ਸਰਗਰਮ ਹੋ ਜਾਂਦਾ ਹੈ। ਮਸਤਕ ਦਾ ਇਹੀ ਹਿੱਸਾ ਸਾਡੀਆਂ ਸਾਰੀਆਂ ਭਾਵਨਾਵਾਂ ਨੂੰ ਸੰਭਾਲਦਾ ਹੈ। ਬਹੁਤ ਜ਼ਿਆਦਾ ਖ਼ੁਸ਼ੀ 'ਚ ਸਰੀਰ ਦਾ ਨਰਵਸ ਸਿਸਟਮ ਤੇਜ਼ੀ ਨਾਲ ਕੰਮ ਕਰਨ ਲੱਗਦਾ ਹੈ। ਅਜਿਹੇ 'ਚ ਹੰਝੂਆਂ ਦਾ ਨਿਕਲਣਾ ਅਸਲ 'ਚ ਸਰੀਰ ਦਾ ਭਾਵਨਾਵਾਂ ਨੂੰ ਸੰਤੁਲਿਤ ਕਰਨ ਦਾ ਇੱਕ ਵਿਗਿਆਨਕ ਤਰੀਕਾ ਹੈ।
ਹੰਝੂ ਕਿਵੇਂ ਦਿੰਦੇ ਹਨ ਦਿਮਾਗ ਨੂੰ ਸਕੂਨ?
ਵਿਗਿਆਨ 'ਚ ਹੰਝੂਆਂ ਨੂੰ ਮੁੱਖ ਤੌਰ 'ਤੇ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ: ਬੇਸਲ ਟੀਅਰਸ (Basal Tears), ਰਿਫਲੈਕਸ ਟੀਅਰਸ (Reflex Tears) ਅਤੇ ਇਮੋਸ਼ਨਲ ਟੀਅਰਸ (Emotional Tears)। ਜਦੋਂ ਅਸੀਂ ਕਿਸੇ ਬਹੁਤ ਡੂੰਘੀ ਭਾਵਨਾ ਕਾਰਨ ਰੋਂਦੇ ਹਾਂ, ਤਾਂ ਉਨ੍ਹਾਂ ਨੂੰ 'ਇਮੋਸ਼ਨਲ ਟੀਅਰਸ' ਕਿਹਾ ਜਾਂਦਾ ਹੈ। ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਹੰਝੂਆਂ ਰਾਹੀਂ ਸਰੀਰ ਵਿੱਚੋਂ ਤਣਾਅ ਵਧਾਉਣ ਵਾਲੇ ਕੁਝ ਰਸਾਇਣ (Chemicals) ਅਤੇ ਹਾਰਮੋਨ ਬਾਹਰ ਨਿਕਲ ਜਾਂਦੇ ਹਨ।
ਇਹੀ ਕਾਰਨ ਹੈ ਕਿ ਜਦੋਂ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਕੋਈ ਮਾਨਸਿਕ ਬੋਝ ਕਿਸੇ ਵੱਡੀ ਖ਼ੁਸ਼ੀ ਦੇ ਮੌਕੇ 'ਤੇ ਖ਼ਤਮ ਹੁੰਦਾ ਹੈ, ਤਾਂ ਹੰਝੂਆਂ ਦੇ ਵਗਣ ਨਾਲ ਇਨਸਾਨ ਨੂੰ ਗਜ਼ਬ ਦੀ ਦਿਮਾਗੀ ਰਾਹਤ ਮਹਿਸੂਸ ਹੁੰਦੀ ਹੈ। ਖ਼ੁਸ਼ੀ 'ਚ ਰੋਣਾ ਕਿਸੇ ਵੀ ਤਰ੍ਹਾਂ ਇਨਸਾਨ ਦੀ ਮਾਨਸਿਕ ਕਮਜ਼ੋਰੀ ਨਹੀਂ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਵਿਅਕਤੀ ਚੀਜ਼ਾਂ ਨੂੰ ਕਿੰਨੀ ਡੂੰਘਾਈ ਨਾਲ ਮਹਿਸੂਸ ਕਰਦਾ ਹੈ।
ਸਰੀਰ ਦਾ ਅਨੋਖਾ 'ਡਿਫੈਂਸ ਮੈਕੇਨਿਜ਼ਮ'
ਵਿਗਿਆਨ ਦੀ ਭਾਸ਼ਾ 'ਚ ਇਸ ਪੂਰੀ ਪ੍ਰਕਿਰਿਆ ਨੂੰ 'ਡਾਈਮੋਰਫਿਕ ਐਕਸਪ੍ਰੈਸ਼ਨ' (Dimorphous Expression) ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ—ਮਹਿਸੂਸ ਕੁਝ ਹੋਰ ਕਰਨਾ ਅਤੇ ਸਰੀਰ ਦਾ ਕਿਸੇ ਦੂਜੇ ਤਰੀਕੇ ਨਾਲ ਪ੍ਰਤੀਕਿਰਿਆ ਦੇਣਾ। ਉਦਾਹਰਣ ਲਈ, ਬਹੁਤ ਖ਼ੁਸ਼ ਹੋਣ 'ਤੇ ਅੱਖਾਂ 'ਚੋਂ ਹੰਝੂ ਵਹਿ ਤੁਰਨਾ ਜਾਂ ਬਹੁਤ ਜ਼ਿਆਦਾ ਤਣਾਅ ਅਤੇ ਘਬਰਾਹਟ 'ਚ ਅਚਾਨਕ ਹੱਸ ਪੈਣਾ। ਸਰੀਰ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਉਹ ਉਨ੍ਹਾਂ ਤੀਬਰ ਭਾਵਨਾਵਾਂ 'ਤੇ ਲਗਾਮ ਲਗਾ ਸਕੇ ਜੋ ਬੇਕਾਬੂ ਹੋ ਰਹੀਆਂ ਹਨ।
ਕਈ ਖੋਜਾਂ ਇਹ ਵੀ ਦੱਸਦੀਆਂ ਹਨ ਕਿ ਮਰਦ ਆਮ ਤੌਰ 'ਤੇ ਔਰਤਾਂ ਦੇ ਮੁਕਾਬਲੇ ਘੱਟ ਭਾਵੁਕ ਹੰਝੂ ਵਹਾਉਂਦੇ ਹਨ, ਪਰ ਮਾਹਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਦਾ ਇਹ ਮਤਲਬ ਨਹੀਂ ਕਿ ਮਰਦ ਅੰਦਰੋਂ ਘੱਟ ਭਾਵੁਕ ਹੁੰਦੇ ਹਨ। ਸਮਾਜ ਦਾ ਦਬਾਅ ਅਤੇ ਆਪਣੀਆਂ ਭਾਵਨਾਵਾਂ ਨੂੰ ਦੁਨੀਆ ਦੇ ਸਾਹਮਣੇ ਜ਼ਾਹਰ ਕਰਨ ਦੇ ਵੱਖ-ਵੱਖ ਤਰੀਕੇ ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹਨ।
'ਫੀਲ ਗੁੱਡ' ਹਾਰਮੋਨ ਅਤੇ ਨੈਚੁਰਲ ਹੀਲਿੰਗ
ਵਿਗਿਆਨੀਆਂ ਅਨੁਸਾਰ, ਖ਼ੁਸ਼ੀ ਦੇ ਹੰਝੂ ਸਾਡੇ ਸਰੀਰ ਦੇ ਕੁਦਰਤੀ ਤੌਰ 'ਤੇ ਠੀਕ ਹੋਣ (Natural Healing) ਦੀ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹਨ। ਜਦੋਂ ਅਸੀਂ ਜਜ਼ਬਾਤਾਂ ਨਾਲ ਪੂਰੀ ਤਰ੍ਹਾਂ ਭਰ ਜਾਂਦੇ ਹਾਂ, ਤਾਂ ਸਰੀਰ 'ਚ ਆਕਸੀਟੋਸਿਨ (Oxytocin) ਅਤੇ ਐਂਡੋਰਫਿਨ (Endorphins) ਵਰਗੇ 'ਫੀਲ ਗੁੱਡ' ਹਾਰਮੋਨ ਪੈਦਾ ਹੋਣ ਲੱਗਦੇ ਹਨ। ਇਹ ਹਾਰਮੋਨ ਸਾਡੇ ਮਾਨਸਿਕ ਤਣਾਅ ਨੂੰ ਘਟਾ ਕੇ ਸਾਨੂੰ ਅੰਦਰੂਨੀ ਸਕੂਨ ਅਤੇ ਸ਼ਾਂਤੀ ਦਿੰਦੇ ਹਨ। ਇਹੀ ਕਾਰਨ ਹੈ ਕਿ ਜੀਅ ਭਰ ਕੇ ਰੋ ਲੈਣ ਤੋਂ ਬਾਅਦ ਬਹੁਤੇ ਲੋਕ ਕਾਫੀ ਹਲਕਾ ਅਤੇ ਬਿਹਤਰ ਮਹਿਸੂਸ ਕਰਦੇ ਹਨ।
ਕਦੋਂ ਲੈਣੀ ਚਾਹੀਦੀ ਹੈ ਮਾਹਰ ਦੀ ਸਲਾਹ?
ਆਮ ਤੌਰ 'ਤੇ ਖ਼ੁਸ਼ੀ ਦੇ ਪਲਾਂ 'ਚ ਹੰਝੂ ਛਲਕਣਾ ਬਿਲਕੁਲ ਆਮ ਗੱਲ ਹੈ। ਪਰ ਡਾਕਟਰਾਂ ਦੀ ਸਲਾਹ ਹੈ ਕਿ ਇਹ ਉਦੋਂ ਤੱਕ ਹੀ ਠੀਕ ਹੈ ਜਦੋਂ ਤੱਕ ਇਹ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਬੁਰਾ ਅਸਰ ਨਾ ਪਾਵੇ। ਜੇਕਰ ਕੋਈ ਵਿਅਕਤੀ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਲਗਾਤਾਰ ਰੋ ਰਿਹਾ ਹੈ, ਉਸ ਦੇ ਮੂਡ 'ਚ ਅਚਾਨਕ ਬਦਲਾਅ ਹੋ ਰਹੇ ਹਨ ਜਾਂ ਮਾਨਸਿਕ ਤਣਾਅ ਲਗਾਤਾਰ ਹਾਵੀ ਹੋ ਰਿਹਾ ਹੈ, ਤਾਂ ਅਜਿਹੀ ਸਥਿਤੀ 'ਚ ਕਿਸੇ ਮਾਨਸਿਕ ਸਿਹਤ ਮਾਹਰ (Psychiatrist) ਦੀ ਮਦਦ ਲੈਣਾ ਇੱਕ ਸਮਝਦਾਰੀ ਭਰਿਆ ਕਦਮ ਹੋ ਸਕਦਾ ਹੈ।
ਰਿਸ਼ਤਿਆਂ ਦੀ ਮਜ਼ਬੂਤ ਡੋਰ
ਮਾਹਰ ਇਹ ਵੀ ਮੰਨਦੇ ਹਨ ਕਿ ਖ਼ੁਸ਼ੀ ਦੇ ਹੰਝੂ ਸਿਰਫ਼ ਸਾਡੀਆਂ ਆਪਣੀਆਂ ਭਾਵਨਾਵਾਂ ਨੂੰ ਹੀ ਬਾਹਰ ਨਹੀਂ ਲਿਆਉਂਦੇ, ਸਗੋਂ ਇਹ ਲੋਕਾਂ ਦੇ ਆਪਸੀ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੇ ਹਨ। ਜਦੋਂ ਅਸੀਂ ਖ਼ੁਸ਼ੀ ਜਾਂ ਭਾਵੁਕਤਾ 'ਚ ਕਿਸੇ ਦੇ ਸਾਹਮਣੇ ਰੋਂਦੇ ਹਾਂ, ਤਾਂ ਸਾਹਮਣੇ ਵਾਲਾ ਵਿਅਕਤੀ ਸਾਡੇ ਨਾਲ ਜ਼ਿਆਦਾ ਹਮਦਰਦੀ ਅਤੇ ਜੁੜਾਵ ਮਹਿਸੂਸ ਕਰਦਾ ਹੈ।
ਇਸ ਲਈ, ਅਗਲੀ ਵਾਰ ਜਦੋਂ ਕਿਸੇ ਖ਼ੁਸ਼ੀ ਦੇ ਮੌਕੇ 'ਤੇ ਤੁਹਾਡੀਆਂ ਅੱਖਾਂ ਭਰ ਆਉਣ, ਤਾਂ ਉਨ੍ਹਾਂ ਨੂੰ ਰੋਕੋ ਨਾ ਅਤੇ ਨਾ ਹੀ ਇਸ ਨੂੰ ਆਪਣੀ ਕਮਜ਼ੋਰੀ ਮੰਨੋ। ਇਹ ਸਾਡੀਆਂ ਮਨੁੱਖੀ ਸੰਵੇਦਨਾਵਾਂ ਦੀ ਖ਼ੂਬਸੂਰਤੀ ਹੈ। ਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਖ਼ੁਸ਼ੀ ਦੇ ਇਹ ਹੰਝੂ ਸਾਡੇ ਦਿਮਾਗ ਅਤੇ ਦਿਲ ਦੇ ਵਿਚਕਾਰਲੇ ਖ਼ੂਬਸੂਰਤ ਅਤੇ ਡੂੰਘੇ ਤਾਲਮੇਲ ਦਾ ਜਿਉਂਦਾ-ਜਾਗਦਾ ਸੰਕੇਤ ਹਨ।