ਡੇਂਗੂ ਬੁਖ਼ਾਰ ਤੋ ਬਚਣ ਦਾ ਪੱਕਾ ਅਤੇ ਮੁਫਤ ਉਪਾਅ ਇਹ ਹੈ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਓ ਤੇ ਡੇਂਗੂ ਬੁਖ਼ਾਰ ਵਾਲੇ ਮੱਛਰਾਂ ਤੋਂ ਛੁਟਕਾਰਾ ਪਾਓ।

ਡੇਂਗੂ ਵਾਇਰਸ ਦਾ ਨਾਂ ਹੈ। ਡੇਂਗੂ ਬੁਖ਼ਾਰ ਦਾ ਕਾਰਨ ਇਨਫੈਕਸ਼ਨ ਹੁੰਦੀ ਹੈ। ਇਹ ਇਨਫੈਕਸ਼ਨ ਡੇਂਗੂ ਦੇ ਕਰੀਬ ਚਾਰ ਤਰ੍ਹਾਂ ਦੇ ਵਾਇਰਸ ਕਰਕੇ ਹੁੰਦੀ ਹੈ। ਡੇਂਗੂ ਬੁਖਾਰ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਕ ਮਨੁੱਖ ਮਨੁੱਖ ਤੋਂ ਦੂਸਰੇ ਮਨੁੱਖ ਤਕ ਇਹ ਏਡੀਜ਼ ਮੱਛਰ ਹੀ ਵਾਇਰਸ ਫੈਲਾਉਂਦਾ ਹੈ।
ਡੇਂਗੂ ਮੱਛਰ ਦੀ ਪਛਾਣ
ਇਸ ਮੱਛਰ ਦੇ ਸਰੀਰ ਤੇ ਲੱਤਾਂ ਕਾਲੇ 'ਤੇ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਇਸ ਨੂੰ ਚੀਤਾ ਮੱਛਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਚੀਤੇ ਵਰਗਾ ਕਾਲੀਆਂ ਤੇ ਚਿੱਟੀਆਂ ਧਾਰੀਆਂ ਵਾਲਾ ਹੁੰਦਾ ਹੈ। ਇਹ ਮੱਛਰ ਦਿਨ ਸਮੇਂ ਕੱਟਦਾ ਹੈ। ਇਹ ਮਾਦਾ ਮੱਛਰ ਆਪਣੇ ਆਂਡੇ ਸਾਫ਼ ਪਾਣੀ ਦੇ ਕੰਟੇਨਰਾਂ ਵਿਚ ਹੀ ਦਿੰਦਾ ਹੈ।
ਵਾਇਰਸ
ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਮਾਦਾ ਮੱਛਰ ਹੀ ਡੰਗ ਮਾਰਦਾ ਹੈ, ਕਿਉਂਕਿ ਇਸ ਨੂੰ ਆਂਡੇ ਦੇਣ ਲਈ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ, ਜੋ ਇਸ ਨੂੰ ਮਨੁੱਖੀ ਖ਼ੂਨ 'ਚੋਂ ਮਿਲ ਜਾਂਦੀ ਹੈ, ਜਿਸ ਨਾਲ ਇਸ ਦੇ ਆਂਡੇ ਨੂੰ ਵਧਣ ਵਿਚ ਆਸਾਨੀ ਹੋ ਜਾਂਦੀ ਹੈ। ਇਸ ਮੱਛਰ ਦੇ ਕੱਟਣ ਤੋਂ 7 ਦਿਨਾਂ ਬਾਅਦ ਇਸ ਦਾ ਵਾਇਰਸ ਮਨੁੱਖੀ ਸਰੀਰ 'ਚ ਘਰ ਕਰ ਜਾਂਦਾ ਹੈ।
ਏਡੀਜ਼ ਮੱਛਰ ਸਬੰਧੀ ਤੱਥ
ਇਕ ਮਾਦਾ ਏਡੀਜ਼ ਦੀ ਉਮਰ ਲਗਪਗ 3 ਹਫ਼ਤੇ ਮੰਨੀ ਜਾਂਦੀ ਹੈ ਪ੍ਰੰਤੂ ਇਹ ਮਾਦਾ ਮੱਛਰ ਆਪਣੀ ਉਮਰ 'ਚ 3-4 ਵਾਰ ਆਂਡੇ ਦਿੰਦਾ ਹੈ। ਹਰ ਵਾਰ ਦਿੱਤੇ ਗਏ ਆਂਡਿਆਂ ਦੀ ਗਿਣਤੀ ਕਰੀਬ 200-250 ਦੇ ਲਗਪਗ ਹੁੰਦੀ ਹੈ। ਵੱਡੇ ਅਤੇ ਬਣ ਚੁੱਕੇ ਮੱਛਰ ਆਮ ਤੌਰ 'ਤੇ ਹਨੇਰੇ ਵਾਲੀਆਂ ਥਾਵਾਂ, ਜਿਵੇਂ ਕਮਰੇ 'ਚ ਬੈੱਡ ਦੇ ਥੱਲੇ, ਪਰਦਿਆਂ ਦੇ ਪਿੱਛੇ, ਕੁਰਸੀਆਂ ਤੇ ਮੇਜ਼ਾਂ ਦੇ ਥੱਲੇ ਲੁਕ ਕੇ ਬੈਠਦੇ ਹਨ। ਇਨ੍ਹਾਂ ਦੇ ਡੰਗ ਮਾਰਨ ਲਈ ਉਡਣ ਦੀ ਸਮਰੱਥਾ ਬਹੁਤ ਥੋੜ੍ਹੀ ਹੁੰਦੀ ਹੈ। ਇਹ ਮੱਛਰ ਤਕਰੀਬਨ 400 ਮੀਟਰ ਤਕ ਦੇ ਏਰੀਏ 'ਚ ਹੀ ਉਡਾਰੀ ਮਾਰ ਸਕਦਾ ਹੈ।
ਸਾਫ਼ ਪਾਣੀ ਨਾਲ ਭਰੇ ਹੋਏ ਕੰਟੇਨਰ, ਪਾਣੀ ਵਾਲੇ ਘੜੇ, ਸਕੂਟਰਾਂ ਸਾਈਕਲਾਂ ਦੇ ਪੁਰਾਣੇ ਟਾਇਰ, ਗਮਲੇ ਤੇ ਹੋਰ ਅਜਿਹਾ ਸਮਾਨ, ਜਿਸ ਵਿਚ ਪਾਣੀ ਖੜ੍ਹਾ ਹੁੰਦਾ ਹੋਵੇ, ਆਪਣੇ ਆਂਡੇ ਦੇਣ ਲਈ ਵਰਤਦੇ ਹਨ। ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਇਹ ਮੱਛਰ ਹੌਲੀ-ਹੌਲੀ ਆਪਣੇ ਆਂਡਿਆਂ ਨਾਲ ਇਸ ਬਿਮਾਰੀ ਨੂੰ ਬਹੁਤ ਆਸਾਨੀ ਨਾਲ ਫੈਲਾ ਦਿੰਦੇ ਹਨ।
ਡੇਂਗੂ ਮਾਦਾ ਮੱਛਰ ਕਦੇ ਵੀ ਆਪਣੇ ਆਂਡੇ ਦੇਣ ਲਈ ਚੱਲਦੇ ਪਾਣੀ ਦਾ ਇਸਤੇਮਾਲ ਜਿਵੇਂ ਸੂਏ, ਨਹਿਰਾਂ, ਡਰੇਨਾਂ, ਨਦੀਆਂ, ਝੀਲਾਂ ਆਦਿ ਨੂੰ ਨਹੀਂ ਵਰਤਦੇ।
- ਡੇਂਗੂ ਮੱਛਰ ਦੀ ਜੀਵਨਸ਼ੈਲੀ ਤਕਰੀਬਨ 2 ਹਫ਼ਤੇ ਮੰਨੀ ਜਾਂਦੀ ਹੈ, ਜਿਸ 'ਚ ਇਕ ਮਾਦਾ ਮੱਛਰ ਪਹਿਲਾਂ ਆਪਣੇ ਆਂਡੇ ਦਿੰਦਾ ਹੈ। ਉਸ ਤੋਂ ਬਾਅਦ ਲਾਰਵਾ ਬਣਦਾ ਹੈ। ਲਾਰਵੇ ਤੋਂ ਬਾਅਦ ਪਿਊਪਾ (8-9 ਦਿਨ ਦਾ ਮੱਛਰ) ਅਤੇ ਇਸ ਤੋਂ ਇਹ ਮੱਛਰ ਡੰਗ ਮਾਰਨ ਲਈ ਪੂਰਾ ਤਿਆਰ ਹੋ ਜਾਂਦਾ ਹੈ।
- ਮਨੁੱਖੀ ਸਰੀਰ 'ਚ ਆਮ ਤੌਰ ਤੇ ਦੇਖਣ 'ਚ ਆਇਆ ਹੈ ਕਿ ਮਾਦਾ ਮੱਛਰ ਦੇ ਡੰਗ ਮਾਰਨ ਤੋਂ 5-6 ਦਿਨਾਂ ਬਾਅਦ ਮੱਛਰ ਦੀ ਇਨਫੈਕਸ਼ਨ ਮਨੁੱਖੀ ਸਰੀਰ 'ਚ ਘਰ ਕਰਦਾ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਕਿਸੇ ਵੀ ਡੇਂਗੂ ਮਾਦਾ ਮੱਛਰ ਦੇ ਕੱਟਣ ਨਾਲ ਮੌਕੇ 'ਤੇ ਇਨਫੈਕਸ਼ਨ ਨਹੀਂ ਹੁੰਦੀ, ਸਗੋਂ 5-6 ਦਿਨਾਂ 'ਚ ਇਸ ਦਾ ਅਸਰ ਆਉਣਾ ਸ਼ੁਰੂ ਹੁੰਦਾ ਹੈ।
- ਡੇਂਗ ਮੱਛਰ ਆਮ ਤੌਰ 'ਤੇ ਦਿਨ ਵੇਲੇ ਡੰਗ ਮਾਰਦਾ ਹੈ। ਇਹ ਵੀ ਦੇਖਣ 'ਚ ਆਇਆ ਹੈ ਕਿ ਇਹ ਸੂਰਜ ਨਿਕਲਣ ਤੋਂ 2 ਘੰਟੇ ਬਾਅਦ ਤੇ ਸ਼ਾਮ ਨੂੰ ਸੂਰਜ ਛਿਪਣ ਤੋਂ 2 ਘੰਟੇ ਪਹਿਲਾਂ ਐਕਟਿਵ ਰਹਿੰਦਾ ਹੈ, ਭਾਵ ਡੇਂਗੂ ਮੱਛਰ ਸਿਰਫ਼ ਦਿਨ ਸਮੇਂ ਹੀ ਕੱਟਦਾ ਹੈ।
- ਇਸ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਹਿਨੋ ਤੇ ਇਸ ਤਰ੍ਹਾਂ ਦੇ ਕੱਪੜੇ ਪਾਉ, ਜਿਸ ਨਾਲ ਪੂਰਾ ਸਰੀਰ ਢਕਿਆ ਜਾਵੇ।
- ਇਸ ਤੋਂ ਬਚਣ ਲਈ ਦਿਨ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰੋ। ਖ਼ਾਸ ਤੌਰ 'ਤੇ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਰੱਖੋ, ਕਿਉਂਕਿ ਦਿਨ ਸਮੇਂ ਜ਼ਿਆਦਾਤਾਰ ਬੱਚੇ ਤੇ ਬਜ਼ੁਰਗ ਆਰਾਮ ਕਰਦੇ ਹਨ।
ਟੈਸਟ
ਡੇਂਗੂ ਦੇ ਟੈਸਟ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲੇ 5 ਦਿਨ 'ਚ ਡੇਂਗੂ ਦੇ ਲੱਛਣ ਮਹਿਸੂਸ ਹੋਣ 'ਤੇ (ਐੱਨਐੱਸ-1 ਐਂਟੀਜਨ ਅਲਾਈਜਾ ਦੇ ਆਧਾਰ 'ਤੇ) ਅਤੇ 5 ਦਿਨਾਂ ਤੋਂ ਬਾਅਦ (ਮੈਕਅਲਾਈਜਾ ਦੇ ਆਧਾਰ 'ਤੇ) ਟੈੱਸਟ ਕਰਵਾਏ ਜਾ ਸਕਦੇ ਹਨ। ਜ਼ਿਆਦਾਤਾਰ ਲੋਕ ਜਿਨ੍ਹਾਂ ਨੂੰ ਡੇਂਗੂ ਬੁਖ਼ਾਰ ਹੁੰਦਾ ਹੈ, ਉਨ੍ਹਾਂ ਨੂੰ ਠੀਕ ਹੋਣ 'ਚ 1-2 ਹਫ਼ਤੇ ਦਾ ਸਮਾਂ ਲੱਗ ਜਾਂਦਾ ਹੈ।
ਕੀ ਡੇਂਗੂ ਬੁਖ਼ਾਰ ਜਾਨਲੇਵਾ ਹੈ?
ਸਧਾਰਨ ਡੇਂਗੂ ਬੁਖ਼ਾਰ 'ਚ ਮੌਤ ਨਹੀਂ ਹੁੰਦੀ ਤੇ ਲਗਪਗ ਇਕ ਹਫ਼ਤੇ ਬਾਅਦ ਮਰੀਜ਼ ਠੀਕ ਹੋ ਜਾਂਦਾ ਹੈ। ਜੇ ਮਰੀਜ਼ 'ਚ ਅਗਲੇ ਪੜਾਅ ਡੇਂਗੂ ਸੋਕ ਸਿੰਡਰਮ ਦੇ ਲੱਛਣ ਹੋਣ ਤੇ ਸਮੇ ਸਿਰ ਇਲਾਜ ਲਈ ਦਾਖ਼ਲ ਨਾ ਕਰਵਾਇਆ ਜਾਵੇ ਤਾਂ ਜਾਨਲੇਵਾ ਹੋ ਸਕਦਾ ਹੈ। 3 ਤੋਂ 5 ਦਿਨਾਂ ਦੇ ਬੁਖ਼ਾਰ ਤੋ ਬਾਅਦ ਉਪਰੋਕਤ ਲੱਛਣ ਦਿਖਾਈ ਦੇਣ ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾ ਦੇਣਾ ਚਾਹੀਦਾ ਹੈ। ਨਵਜੰਮੇ ਬੱਚੇ ਤੇ ਛੋਟੇ ਬੱਚੇ ਇਸ ਦਾ ਜਲਦੀ ਸ਼ਿਕਾਰ ਹੋ ਸਕਦੇ ਹਨ। ਇਸ ਕਰਕੇ ਬੱਚਿਆਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਸਹੀ ਸਮੇਂ 'ਤੇ ਕਰਵਾਇਆ ਗਿਆ ਇਲਾਜ ਡੇਂਗੂ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ ਤੇ ਇਸ 'ਚ ਦੇਰੀ ਹੋਣ 'ਤੇ ਮੌਤ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਲੱਛਣ
- ਜ਼ਿਆਦਾ ਪੇਟ ਦਰਦ ਤੇ ਵਾਰ-ਵਾਰ ਉਲਟੀ ਆਉਣਾ।
- ਸਰੀਰ 'ਤੇ ਲਾਲ ਰੰਗ ਦੇ ਧੱਬੇ ਹੋਣਾ।
- ਨੱਕ ਰਾਹੀਂ ਖ਼ੂਨ ਆਉਣਾ।
- ਉਲਟੀ ਰਾਹੀਂ ਖ਼ੂਨ ਦਾ ਆਉਣਾ।
- ਸਾਹ ਲੈਣ ਵੇਲੇ ਤਕਲੀਫ ਹੋਣਾ।
ਜਿਸ ਮਰੀਜ਼ ਨੂੰ ਇਕ ਵਾਰ ਡੇਂਗੂ ਹੋ ਚੁੱਕਾ ਹੋਵੇ, ਉਸ ਨੂੰ ਦੁਬਾਰਾ ਵੀ ਡੇਂਗੂ ਹੋਣ ਦੇ ਆਸਾਰ ਹੁੰਦੇ ਹਨ ਪਰ ਦੂਸਰੀ ਕਿਸਮ ਦੇ ਵਾਇਰਸ ਤੋਂ। ਤੰਦਰੁਸਤ ਦਿਖਾਈ ਦੇਣ ਵਾਲਾ ਵਿਅਕਤੀ ਵੀ ਡੇਂਗੂ ਦਾ ਮਰੀਜ਼ ਹੋ ਸਕਦਾ ਹੈ। ਡੇਂਗੂ ਬੁਖ਼ਾਰ ਤੋਂ ਬਚਣ ਲਈ ਮਹੱਤਵਪੂਰਨ ਤਰੀਕਾ ਕੋਈ ਵੀ ਖ਼ਤਰੇ ਦੇ ਚਿੰਨ੍ਹ ਦੇਖਦਿਆਂ ਹੀ ਤੁਰੰਤ ਆਪਣੇ ਨੇੜਲੇ ਹਸਪਤਾਲ ਦੇ ਡਾਕਟਰ ਨੂੰ ਆਪਣਾ ਚੈੱਕਅਪ ਕਰਵਾਉ। ਡੇਂਗੂ ਬੁਖ਼ਾਰ ਤੋ ਬਚਣ ਦਾ ਪੱਕਾ ਅਤੇ ਮੁਫਤ ਉਪਾਅ ਇਹ ਹੈ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਓ ਤੇ ਡੇਂਗੂ ਬੁਖ਼ਾਰ ਵਾਲੇ ਮੱਛਰਾਂ ਤੋਂ ਛੁਟਕਾਰਾ ਪਾਓ।
ਬੁਖ਼ਾਰ ਦੀਆਂ ਨਿਸ਼ਾਨੀਆਂ
- ਤੇਜ਼ ਸਿਰ ਦਰਦ।
- ਅੱਖਾਂ ਦੇ ਪਿਛਲੇ ਹਿੱਸੇ 'ਚ ਜ਼ਿਆਦਾ ਦਰਦ ਮਹਿਸੂਸ ਹੋਣਾ।
- ਮਾਸਪੇਸ਼ੀਆਂ ਦਾ ਦਰਦ
- ਜੋੜਾਂ ਦਾ ਦਰਦ
- ਖਾਰਿਸ਼ ਨਾਲ ਦਾਣੇ ਹੋਣਾ।
- ਨੱਕ ਤੇ ਮਸੂੜਿਆਂ 'ਚ ਖ਼ੂਨ ਵਗਣਾ।
ਉਪਰੋਕਤ ਲੱਛਣ ਆਮ ਤੌਰ 'ਤੇ ਡੇਂਗੂ ਦੀ ਬਿਮਾਰੀ ਤੋਂ ਗ੍ਰਸਤ ਮੱਛਰ ਦੇ ਕੱਟਣ 'ਤੇ ਦਿਖਾਈ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇਹ ਉਪਰੋਕਤ ਲੱਛਣ ਹੋਣ ਦਾ ਮਤਲਬ ਇਹ ਵੀ ਨਹੀਂ ਕਿ ਜਿਸ ਮਨੁੱਖ 'ਚ ਇਹ ਲੱਛਣ ਹੋਣ, ਉਸ ਨੂੰ ਡੇਂਗੂ ਹੋਣਾ ਯਕੀਨੀ ਹੈ। ਜੇ ਕਿਸੇ ਨੂੰ ਲਗਦਾ ਹੈ ਕਿ ਉਸ 'ਚ ਡੇਂਗੂ ਬੁਖਾਰ ਦੇ ਲੱਛਣ ਹਨ ਤਾਂ ਉਹ ਜਲਦੀ ਡਾਕਟਰ ਕੋਲ ਜਾ ਕੇ ਆਪਣੇ ਖ਼ੂਨ ਦੇ ਸੈਂਪਲ ਦੇ ਸਕਦਾ ਹੈ ਤੇ ਸੈਂਪਲ ਦੀ ਰਿਪੋਰਟ ਆਉਣ 'ਤੇ ਸਾਫ਼ ਹੋ ਜਾਂਦਾ ਹੈ ਕਿ ਡੇਂਗੂ ਹੈ ਜਾਂ ਨਹੀਂ?