World Health Organisation ਅਨੁਸਾਰ, ਆਧੁਨਿਕ ਇਮਾਰਤਾਂ 'ਚ ਜਿੱਥੇ ਹਵਾ ਦਾ ਵੈਂਟੀਲੇਸ਼ਨ ਘੱਟ ਹੁੰਦਾ ਹੈ ਅਤੇ ਉਹੀ ਹਵਾ ਵਾਰ-ਵਾਰ ਸਰਕੂਲੇਟ ਹੁੰਦੀ ਹੈ, ਉੱਥੇ 'ਸਿਕ ਬਿਲਡਿੰਗ ਸਿੰਡਰੋਮ' ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਲੱਛਣਾਂ 'ਚ ਸਿਰਦਰਦ, ਥਕਾਵਟ, ਚਿੜਚਿੜਾਪਨ ਅਤੇ ਇਕਾਗਰਤਾ 'ਚ ਕਮੀ ਸ਼ਾਮਲ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਗਰਮੀ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਉੱਤਰ ਭਾਰਤ 'ਚ ਤਾਪਮਾਨ 40 ਡਿਗਰੀ ਦੇ ਪਾਰ ਜਾ ਚੁੱਕਾ ਹੈ ਤੇ ਹੀਟਵੇਵ ਦੀ ਚਿਤਾਵਨੀ ਜਾਰੀ ਹੋ ਚੁੱਕੀ ਹੈ। ਅਜਿਹੇ ਵਿਚ ਖ਼ੁਦ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ AC ਕਈ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਾ ਹੈ।
AC ਗਰਮੀ ਤੋਂ ਤਾਂ ਰਾਹਤ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਘੰਟਿਆਂਬੱਧੀ ਠੰਢੀ ਹਵਾ 'ਚ ਬੈਠੇ ਰਹਿਣਾ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦਾ ਹੈ? ਜੀ ਹਾਂ, ਲਗਾਤਾਰ AC ਦੀ ਠੰਢੀ ਹਵਾ 'ਚ ਬੈਠੇ ਰਹਿਣ ਨਾਲ ਸਰੀਰ 'ਤੇ ਕਈ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ। ਇਸ ਬਾਰੇ ਡਾ. ਮੋਹਿਤ ਸ਼ਰਮਾ (ਸੀਨੀਅਰ ਕੰਸਲਟੈਂਟ, ਇੰਟਰਨਲ ਮੈਡੀਸਨ, ਅੰਮ੍ਰਿਤਾ ਹਸਪਤਾਲ, ਫਰੀਦਾਬਾਦ) ਤੋਂ ਜਾਣਦੇ ਹਾਂ।
AC ਹਵਾ 'ਚੋਂ ਨਮੀ ਸੋਖ ਲੈਂਦਾ ਹੈ ਜਿਸ ਨਾਲ ਕਮਰੇ ਦੀ ਹਿਊਮਿਡਿਟੀ 30% ਤੋਂ ਵੀ ਘੱਟ ਹੋ ਜਾਂਦੀ ਹੈ। ਘੱਟ ਨਮੀ ਕਾਰਨ ਸਾਡੀ ਸਾਹ ਨਲੀ ਦਾ ਮਿਊਕਸ ਮੈਂਬਰੇਨ ਸੁੱਕਣ ਲੱਗਦਾ ਹੈ। ਇਸ ਨਾਲ ਗਲੇ 'ਚ ਖਰਾਸ਼, ਸੁੱਕੀ ਖੰਘ ਤੇ ਨੱਕ ਵਿਚ ਜਲਣ ਦੀ ਸਮੱਸਿਆ ਵਧ ਜਾਂਦੀ ਹੈ। ਨਾਲ ਹੀ, ਸਕਿਨ ਤੇ ਅੱਖਾਂ 'ਚ ਖੁਸ਼ਕੀ ਮਹਿਸੂਸ ਹੋਣ ਲੱਗਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਆਧੁਨਿਕ ਇਮਾਰਤਾਂ 'ਚ ਜਿੱਥੇ ਹਵਾ ਦਾ ਵੈਂਟੀਲੇਸ਼ਨ ਘੱਟ ਹੁੰਦਾ ਹੈ ਅਤੇ ਉਹੀ ਹਵਾ ਵਾਰ-ਵਾਰ ਸਰਕੂਲੇਟ ਹੁੰਦੀ ਹੈ, ਉੱਥੇ 'ਸਿਕ ਬਿਲਡਿੰਗ ਸਿੰਡਰੋਮ' ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਲੱਛਣਾਂ 'ਚ ਸਿਰਦਰਦ, ਥਕਾਵਟ, ਚਿੜਚਿੜਾਪਨ ਅਤੇ ਇਕਾਗਰਤਾ 'ਚ ਕਮੀ ਸ਼ਾਮਲ ਹੈ।
ਜਦੋਂ ਤੁਸੀਂ ਬਾਹਰ ਦੀ 40°C-45°C ਵਾਲੀ ਗਰਮੀ ਤੋਂ ਅਚਾਨਕ 18°C-20°C ਵਾਲੇ AC ਕਮਰੇ 'ਚ ਆਉਂਦੇ ਹੋ ਤਾਂ ਸਰੀਰ ਨੂੰ 'ਥਰਮਲ ਸ਼ੌਕ' ਲੱਗਦਾ ਹੈ। ਤਾਪਮਾਨ 'ਚ ਇਹ ਅਚਾਨਕ ਬਦਲਾਅ ਖੂਨ ਦੀਆਂ ਨਾੜੀਆਂ ਨੂੰ ਸੁੰਘੜ ਦਿੰਦਾ ਹੈ ਜਿਸ ਨਾਲ ਜੋੜਾਂ 'ਚ ਦਰਦ, ਮਾਸਪੇਸ਼ੀਆਂ 'ਚ ਅਕੜਾਅ ਅਤੇ ਮਾਈਗ੍ਰੇਨ ਦੀ ਸਮੱਸਿਆ ਵਧ ਸਕਦੀ ਹੈ।
ਜੇਕਰ AC ਦੇ ਫਿਲਟਰਾਂ ਦੀ ਨਿਯਮਤ ਸਫਾਈ ਨਾ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਧੂੜ, ਉੱਲੀ ਤੇ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਅਨੁਸਾਰ, ਸ਼ਹਿਰੀ ਆਬਾਦੀ 'ਚ ਗਰਮੀਆਂ ਦੌਰਾਨ ਸਾਹ ਦੀਆਂ ਇਨਫੈਕਸ਼ਨ 'ਚ ਵਾਧੇ ਦਾ ਇੱਕ ਵੱਡਾ ਕਾਰਨ ਗੰਦਾ AC ਫਿਲਟਰ ਹੈ।
AC ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨਾ ਸੰਭਵ ਨਹੀਂ ਹੈ ਪਰ ਕੁਝ ਉਪਰਾਲਿਆਂ ਨਾਲ ਇਸ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ:
ਤਾਪਮਾਨ 24–26°C ਰੱਖੋ: ਬਿਊਰੋ ਆਫ ਐਨਰਜੀ ਐਫੀਸ਼ੈਂਸੀ (BEE) ਅਨੁਸਾਰ, 24 ਤੋਂ 26 ਡਿਗਰੀ ਦਾ ਤਾਪਮਾਨ ਇਨਸਾਨੀ ਸਰੀਰ ਲਈ ਸਭ ਤੋਂ ਸਹੀ ਹੈ। ਇਹ ਨਾ ਸਿਰਫ਼ ਬਿਜਲੀ ਬਚਾਉਂਦਾ ਹੈ, ਸਗੋਂ ਸਰੀਰ ਨੂੰ ਬਾਹਰਲੇ ਤਾਪਮਾਨ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮਦਦ ਕਰਦਾ ਹੈ।
ਭਰਪੂਰ ਪਾਣੀ ਪੀਓ: AC 'ਚ ਪਸੀਨਾ ਨਹੀਂ ਆਉਂਦਾ, ਪਰ ਸਰੀਰ ਦੀ ਨਮੀ ਅੰਦਰੂਨੀ ਤੌਰ 'ਤੇ ਘਟਦੀ ਰਹਿੰਦੀ ਹੈ। ਇਸ ਲਈ ਪਿਆਸ ਨਾ ਲੱਗਣ 'ਤੇ ਵੀ ਦਿਨ ਭਰ ਵਿੱਚ ਘੱਟੋ-ਘੱਟ 2.5 ਤੋਂ 3 ਲੀਟਰ ਪਾਣੀ ਪੀਓ।
ਨਿਯਮਤ ਸਰਵਿਸਿੰਗ: ਐਲਰਜੀ ਅਤੇ ਇਨਫੈਕਸ਼ਨ ਤੋਂ ਬਚਣ ਲਈ ਹਰ 2-4 ਹਫਤਿਆਂ 'ਚ AC ਦੇ ਫਿਲਟਰ ਨੂੰ ਸਾਫ਼ ਕਰੋ ਜਾਂ ਬਦਲੋ।
ਤਾਜ਼ੀ ਹਵਾ ਲਈ ਬ੍ਰੇਕ ਲਓ: ਹਰ ਦੋ-ਤਿੰਨ ਘੰਟੇ 'ਚ ਕੁਝ ਦੇਰ ਲਈ AC ਤੋਂ ਬਾਹਰ ਨਿਕਲੋ ਜਾਂ ਖਿੜਕੀਆਂ ਖੋਲ੍ਹੋ ਤਾਂ ਜੋ ਕਮਰੇ ਵਿੱਚ ਤਾਜ਼ੀ ਹਵਾ ਆ ਸਕੇ ਅਤੇ ਆਕਸੀਜਨ ਦਾ ਪੱਧਰ ਬਣਿਆ ਰਹੇ।
ਸਿੱਧੀ ਹਵਾ ਤੋਂ ਬਚੋ: AC ਦੀ ਹਵਾ ਸਿੱਧੀ ਸਰੀਰ ਜਾਂ ਸਿਰ 'ਤੇ ਨਾ ਪੈਣ ਦਿਓ। ਇਸ ਨਾਲ ਸਾਈਨਸ ਤੇ ਮਾਸਪੇਸ਼ੀਆਂ 'ਚ ਦਰਦ ਦਾ ਖਤਰਾ ਵਧ ਜਾਂਦਾ ਹੈ।