ਨਸ਼ਾ ਜਿਸ ਤਰ੍ਹਾਂ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਸੱਚਮੁੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਜਿਸ ਨੂੰ ਦੇਸ਼ ਦਾ ਸੁਨਹਿਰੀ ਭਵਿੱਖ ਮੰਨਦੇ ਹਾਂ, ਨਸ਼ਿਆਂ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ।

ਨਸ਼ਾ ਜਿਸ ਤਰ੍ਹਾਂ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਸੱਚਮੁੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਜਿਸ ਨੂੰ ਦੇਸ਼ ਦਾ ਸੁਨਹਿਰੀ ਭਵਿੱਖ ਮੰਨਦੇ ਹਾਂ, ਨਸ਼ਿਆਂ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ। ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਕ ਜਾਂ ਕਿਸੇ ਮਜਬੂਰੀ ਵਿਚ ਕੀਤੀ ਜਾਂਦੀ ਹੈ ਪਰ ਬਾਅਦ ’ਚ ਇਹ ਆਦਤ ਬਣ ਜਾਂਦੀ ਹੈ। ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ।
ਜ਼ਿੰਦਗੀ ਤਬਾਹ ਕਰਦੈ ਨਸ਼ਾ
ਨਸ਼ਿਆਂ ਦੀ ਦਲਦਲ ’ਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ’ਚ ਉਨ੍ਹਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਤਹਿਤ ‘ਨਸ਼ਿਆਂ ਨੂੰ ਕਹੋ ਨਾ-ਜ਼ਿੰਦਗੀ ਨੂੰ ਕਹੋ ਹਾਂ’ ਦਾ ਸੁਨੇਹਾ ਦਿੱਤਾ ਜਾਂਦਾ ਹੈ। ਪੰਜਾਬ ਵਿਚ ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਲਈ ਨਸ਼ਾ ਛੁਡਾਊ ਕੇਂਦਰ (ਨਵ-ਜੀਵਨ ਕੇਂਦਰ), ਓਟ ਕਲੀਨਕ ਤੇ ਪੁਨਰਵਾਸ ਕੇਂਦਰਾਂ (ਨਵ-ਨਿਰਮਾਣ ਕੇਂਦਰਾਂ) ਦਾ ਕਾਰਜਸ਼ੀਲ ਹੋਣਾ ਤੇ ਇਨ੍ਹਾਂ ਸੰਸਥਾਵਾਂ ਵਿਚ ਮਨੋਚਿਕਿਤਸਕ, ਕਾਊਂਸਲਰ, ਸੋਸ਼ਲ ਵਰਕਰ ਤੇ ਹੋਰ ਮੈਡੀਕਲ, ਪੈਰਾ-ਮੈਡੀਕਲ ਸਟਾਫ ਦਾ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਸੈਂਟਰਾਂ ਵਿਚ ਮਰੀਜ਼ਾਂ ਲਈ ਖਾਣਾ, ਮਨੋਰੰਜਨ ਦੀਆਂ ਸਹੂਲਤਾਂ, ਯੋਗਾ-ਕਸਰਤ ਤੇ ਸਮਾਜ ਵਿਚ ਵਿਚਰਨ ਅਤੇ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾ-ਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਛੋਟੀ ਉਮਰ ’ਚ ਹੀ ਮਾੜੀ ਸੰਗਤ ਵਿਚ ਸ਼ਾਮਿਲ ਹੋ ਕੇ ਨਸ਼ੇ ਕਰਨ ਵਾਲੇ ਬੱਚਿਆਂ ਦਾ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਦਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੱਛਣ ਜਿਵੇਂ ਸਰੀਰਕ ਤੇ ਮਾਨਸਿਕ ਹਾਵ-ਭਾਵ, ਵਿਹਾਰ ’ਚ ਪਰਿਵਰਤਨ, ਚਿੜਚਿੜਾਪਣ, ਇਕੱਲੇ ਰਹਿਣਾ, ਜ਼ਿਆਦਾ ਖ਼ਰਚੀਲੇ ਹੋਣਾ ਜਾਂ ਪੈਸੇ ਚੋਰੀ ਕਰਨਾ, ਭੁੱਖ ਜਾਂ ਨੀਂਦ ’ਚ ਉਤਰਾਅ-ਚੜਾਅ ਜਾਂ ਬੇਚੈਨ ਰਹਿਣਾ ਵਰਗੇ ਲੱਛਣਾ ਨੂੰ ਭਲੀ-ਭਾਂਤ ਪਛਾਣ ਲੈਣ ’ਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਅ ਲੈਣ।
ਨਸ਼ੇ ਤੋਂ ਨਫ਼ਰਤ ਕਰੋ, ਨਸ਼ੇ ਕਰਨ ਵਾਲੇ ਤੋਂ ਨਹੀ
ਨਸ਼ੇ ਕਰਨ ਨਾਲ ਸਰੀਰ ਦੇ ਨਾੜੀ-ਤੰਤਰ, ਅੰਦਰੂਨੀ ਅੰਗਾਂ ਦਿਲ, ਜਿਗਰ, ਫੇਫੜੇ ਤੇ ਦਿਮਾਗ਼ ਨੂੰ ਨੁਕਸਾਨ ਪਹੁੰਚਦਾ ਹੈ। ਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਤੇ ਉਸ ਦਾ ਆਪਣੇ ਹੀ ਦਿਮਾਗ ’ਤੇ ਕੰਟਰੋਲ ਘਟ ਜਾਂਦਾ ਹੈ, ਜਿਸ ਕਰਕੇ ਗੁੱਸਾ ਆਉਣਾ, ਗਾਲੀ-ਗਲੋਚ ਕਰਨਾ ਜਾਂ ਹਮਲਾ ਕਰਨਾ ਉਸ ਦਾ ਆਮ ਵਿਹਾਰ ਬਣ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ‘ਨਸ਼ੇ ਤੋਂ ਨਫ਼ਰਤ ਕਰੋ ਨਸ਼ੇ ਕਰਨ ਵਾਲੇ ਤੋਂ ਨਹੀ’। ਨਸ਼ੇ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗ਼ਲਤ ਹੈ। ਉਸ ਨੂੰ ਬਿਮਾਰ ਜਾਂ ਮਾਨਸਿਕ ਪੀੜਤ ਵਾਂਗ ਹੀ ਸਮਝਣਾ ਤੇ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਕਿਉਂ ਵੱਧ ਰਿਹੈ ਨਸ਼ੇ ਦਾ ਰੁਝਾਨ
ਪਰਿਵਾਰ ’ਚ ਜੇ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਉਸ ਨੂੰ ਦੇਖ ਕੇ ਹੀ ਘਰ ਦਾ ਕੋਈ ਛੋਟਾ ਬੱਚਾ ਜਾਂ ਮੈਂਬਰ ਵੀ ਨਸ਼ੇ ਦੀ ਵਰਤੋਂ ਕਰਨ ਲੱਗਦਾ ਹੈ।
ਮਾਨਸਿਕ ਪਰੇਸ਼ਾਨੀ, ਘਬਰਾਹਟ, ਵਹਿਮ ਜਾਂ ਬਿਮਾਰੀ ਕਰਕੇ ਵੀ ਕਈ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਹਨ।
ਨਸ਼ੇ ਦੀ ਵਰਤੋਂ ਲੋਕ ਆਰਾਮ ਕਰਨ ਲਈ ਨਹੀਂ ਕਰਦੇ ਸਗੋਂ ਕਿਸੇ ਡੂੰਘੇ ਉਦੇਸ਼ ਦੀ ਪ੍ਰਾਪਤੀ, ਮਾਨਸਿਕ ਦਬਾਅ ਨੂੰ ਘਟਾਉਣ ਲਈ ਕਰਦੇ ਹਨ।
ਜਵਾਨੀ ਦਾ ਸਮਾਂ ਮਿਹਨਤ ਨਾਲ ਸਿੱਖਿਆ ਹਾਸਿਲ ਕਰ ਕੇ ਬੁਲੰਦੀਆਂ ਨੂੰ ਛੂਹਣ ਦਾ ਹੁੰਦਾ ਹੈ ਪਰ ਕਈ ਜਵਾਨੀ ਦੇ ਦੌਰ ਨੂੰ ਸਿਰਫ਼ ਜੋਸ਼, ਸ਼ੌਕ, ਮਨੋਰੰਜਨ, ਖ਼ੁਸ਼ਹਾਲੀ ਕਹਿ ਕੇ ਖ਼ੁਸ਼ੀ ਮਨਾਉਣ ਲਈ ਨਸ਼ਾ ਕਰਦੇ ਹਨ।
ਸਰੀਰਕ ਸਮਰੱਥਾ, ਕਾਰਜ-ਕੁਸ਼ਲਤਾ, ਜ਼ੋਰ-ਅਜ਼ਮਾਇਸ਼ ਕਰਨ ਜਾਂ ਸਰੀਰਕ ਤੇਜ਼ੀ ਲਿਆਉਣ ਲਈ ਵੀ ਨੌਜਵਾਨ ਨਸ਼ਾ ਕਰਦੇ ਹਨ।
ਰੁਜ਼ਗਾਰ ਨਾ ਮਿਲਣਾ, ਭਵਿੱਖ ਦੀ ਚਿੰਤਾ, ਪਰਿਵਾਰਕ ਲੜਾਈ-ਝਗੜੇ ਜਾਂ ਕੋਈ ਹੋਰ ਮਜਬੂਰੀ ਕਰਕੇ ਨੌਜਵਾਨਾਂ ਵਿਚ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ।
ਪਹਿਲੀ ਵਾਰ ’ਚ ਹੀ ਕਿਸੇ ਵੱਡੇ ਨਸ਼ੇ ਦਾ ਸੇਵਨ ਕਰ ਲੈਣਾ ਭੁਲਾਉਣਾ ਔਖਾ ਹੋ ਸਕਦਾ ਹੈ ਤੇ ਨਸ਼ੇ ਦੀ ਲਤ ਲੱਗਣ ਦਾ ਆਧਾਰ ਵੀ ਬਣ ਸਕਦਾ ਹੈ।
ਨਸ਼ੇ ਦੀ ਆਦਤ ਛੱਡਣ ਲਈ ਸੁਝਾਅ
ਨਸ਼ੇ ਛੱਡਣ ਲਈ ਵਿਅਕਤੀ ਨਵੀਆਂ ਆਦਤਾਂ-ਰੁਝਾਨ ਭਾਲੇ, ਜਿਸ ਵਿਚ ਉਸ ਨੂੰ ਆਨੰਦ ਤੇ ਖ਼ੁਸ਼ੀ ਮਿਲੇ ਅਤੇ ਧਿਆਨ ਲੱਗੇ, ਜਿਵੇਂ ਸੰਗੀਤ ਸੁਣਨਾ, ਪੇਂਟਿੰਗ ਕਰਨੀ, ਖਾਣਾ ਬਣਾਉਣਾ, ਪੌਦਿਆਂ ਦੀ ਦੇਖਭਾਲ, ਘਰ ਦੇ ਕੰਮਕਾਜ ਆਦਿ।
ਕਸਰਤ ਤੇ ਖੇਡਾਂ ਵਿਚ ਭਾਗ ਲੈਣਾ ਲਾਹੇਵੰਦ ਹੋ ਸਕਦਾ ਹੈ। ਲਹੂ-ਚੱਕਰ, ਦਿਲ ਦੀ ਧੜਕਣ ਤੇ ਫੇਫੜਿਆਂ ਦੀ ਸ਼ਕਤੀ ’ਤੇ ਪ੍ਰਭਾਵ ਪੈਂਦਾ ਹੈ।
ਮੈਡੀਟੇਸ਼ਨ ਕਰ ਕੇ ਸਰੀਰਕ ਤੇ ਮਾਨਸਿਕ ਇਕਜੁਟਤਾ ’ਚ ਸੁਧਾਰ ਅਤੇ ਇਕਾਗਰਤਾ ’ਚ ਵਾਧਾ ਹੋ ਸਕਦਾ ਹੈ।
ਚੰਗੀ ਖ਼ੁਰਾਕ ਦਾ ਸੇਵਨ ਕਰਨ ਨਾਲ ਸਰੀਰ ਰਿਸ਼ਟ-ਪੁਸ਼ਟ ਹੋ ਜਾਂਦਾ ਹੈ। ਰਿਕਵਰੀ ਕਰ ਰਹੇ ਵਿਅਕਤੀ ਲਈ ਸੰਤੁਲਿਤ ਖ਼ੁਰਾਕ ਦਾ ਸੇਵਨ ਫ਼ਾਇਦੇਮੰਦ ਹੋ ਸਕਦਾ ਹੈ।
ਬੁੱਧੀਜੀਵੀਆਂ, ਸਹਿਪਾਠੀਆਂ, ਪੁਰਾਣੇ ਦੋਸਤਾਂ-ਮਿੱਤਰਾਂ ਤੇ ਆਂਢ-ਗੁਆਂਢ ਨਾਲ ਮਿਲਣ-ਗਿਲਣ ’ਤੇ ਮੁੜ ਵਿਸ਼ਵਾਸ ਤੇ ਰੁਤਬਾ ਬਹਾਲ ਹੋ ਸਕਦਾ ਹੈ ਤੇ ਆਤਮ-ਵਿਸ਼ਵਾਸ ਵੱਧ ਸਕਦਾ ਹੈ।
ਮਾੜੀ ਸੰਗਤ ਤੋਂ ਦੂਰ ਰਹੋ, ਤਾਂ ਜੋ ਦੁਬਾਰਾ ਉਸ ਮਾਹੌਲ ’ਚ ਸ਼ਾਮਿਲ ਨਾ ਹੋਵੋ ਅਤੇ ਨਸ਼ੇ ਦੀ ਤੋੜ ਨਾ ਲੱਗੇ।
ਕਿਸੇ ਸਮਾਜਸੇਵੀ ਸੰਸਥਾ, ਕਲੱਬ ਜਾਂ ਵਲੰਟੀਅਰ ਨਾਲ ਤਾਲਮੇਲ ਰੱਖੋ, ਤਾਂ ਜੋ ਆਪਣੇ ਤਜਰਬੇ ਜਾਂ ਵਿਚਾਰ ਸਾਂਝੇ ਕਰ ਕੇ ਕਿਸੇ ਮੌਕੇ ਮਦਦ ਲਈ ਜਾ ਸਕੇ।
ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਅਤੇ ਟੀਮ ਮਂੈਬਰਾਂ ਦੀ ਮਦਦ ਲੈਣੀ, ਸਲਾਹ ਕਰਨੀ ਤੇ ਆ ਰਹੀਆਂ ਸਰੀਰਕ ਤੇ ਮਾਨਸਿਕ ਮੁਸ਼ਕਲਾਂ ਸਬੰਧੀ ਜਾਣਕਾਰੀ ਸਾਂਝੀ ਕਰ ਕੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।
ਨਸ਼ਾ ਛੱਡਣ ਵਾਲਾ ਵਿਅਕਤੀ ਜੇ ਹੋ ਸਕੇ ਜਲਦ ਤੋਂ ਜਲਦ ਆਪਣੀ ਪੜ੍ਹਾਈ ਮੁੜ ਜਾਰੀ ਕਰ ਲਵੇ। ਜੇ ਨੌਕਰੀ ਕਰਦਾ ਹੈ ਤਾਂ ਕੰਮ ਦੇ ਵਾਤਾਵਰਨ ’ਚ ਢਲ ਜਾਵੇ। ਜੇ ਬੇਰੁਜ਼ਗਾਰ ਹੈ, ਤਾਂ ਰੁਚੀ ਮੁਤਬਿਕ ਕਿੱਤਾਮੁਖੀ ਕੋਰਸ ਦੀ ਚੋਣ ਕਰ ਕੇ ਬੈਂਕ ਕਰਜ਼ੇ-ਲੋਨ ਲਈ ਯੋਗਤਾ ਪੂਰੀ ਕਰ ਕੇ ਸਵੈ-ਰੁਜ਼ਗਾਰ ਸਥਾਪਿਤ ਕਰ ਸਕਦਾ ਹੈ।
- ਡਾ. ਪ੍ਰਭਦੀਪ ਸਿੰਘ ਚਾਵਲਾ