Dengue Treatment : ਅਸਲ ਵਿਚ ਬਿਮਾਰੀ ਦੌਰਾਨ ਪਲੇਟਲੈਟਸ 'ਚ ਗਿਰਾਵਟ ਤੇ ਮੁੜ ਵਧਣਾ ਬਿਮਾਰੀ ਦੀ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹੈ। ਜ਼ਿਆਦਾਤਰ ਮਰੀਜ਼ਾਂ 'ਚ ਬਿਨਾਂ ਕਿਸੇ ਖ਼ਾਸ ਇਲਾਜ ਦੇ ਵੀ 8 ਤੋਂ 10 ਦਿਨਾਂ ਦੇ ਅੰਦਰ ਪਲੇਟਲੈਟਸ ਆਪਣੇ ਆਪ ਠੀਕ ਹੋਣ ਲੱਗਦੇ ਹਨ। ਇਸੇ ਲਈ ਲਗਾਤਾਰ ਨਿਗਰਾਨੀ ਤੇ ਸਹੀ ਸਮੇਂ 'ਤੇ ਡਾਕਟਰੀ ਦੇਖਭਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਮੌਨਸੂਨ ਦੇ ਮੌਸਮ 'ਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗਦੇ ਹਨ। ਅਜਿਹੇ 'ਚ ਬਹੁਤ ਸਾਰੇ ਲੋਕ ਜਲਦੀ ਠੀਕ ਹੋਣ ਦੀ ਉਮੀਦ 'ਚ ਘਰੇਲੂ ਨੁਸਖਿਆਂ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਵਿਚ ਪਪੀਤੇ ਦੇ ਪੱਤਿਆਂ ਦਾ ਰਸ ਸਭ ਤੋਂ ਆਮ ਹੈ।
ਲੋਕਾਂ ਦਾ ਮੰਨਣਾ ਹੈ ਕਿ ਇਹ ਰਸ ਪਲੇਟਲੈਟਸ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਤੇ ਡੇਂਗੂ ਨੂੰ ਪੂਰੀ ਤਰ੍ਹਾਂ 'ਠੀਕ' ਕਰ ਸਕਦਾ ਹੈ ਪਰ ਕੀ ਵਿਗਿਆਨ ਵੀ ਇਸ ਨੂੰ ਸਹੀ ਮੰਨਦਾ ਹੈ? ਆਓ, ਮੇਦਾਂਤਾ ਗੁਰੂਗ੍ਰਾਮ 'ਚ ਇੰਟਰਨਲ ਮੈਡੀਸਨ ਦੀ ਵਾਈਸ ਚੇਅਰਮੈਨ ਡਾ. ਸੁਸ਼ੀਲਾ ਕਟਾਰੀਆ ਤੋਂ ਇਸ ਦਾਅਵੇ ਦੀ ਸੱਚਾਈ ਜਾਣਦੇ ਹਾਂ।
ਡੇਂਗੂ ਮੱਛਰਾਂ ਨਾਲ ਫੈਲਣ ਵਾਲਾ ਵਾਇਰਲ ਇਨਫੈਕਸ਼ਨ ਹੈ ਜੋ ਹਲਕੇ ਬੁਖਾਰ ਤੋਂ ਜਾਨਲੇਵਾ ਬਿਮਾਰੀ ਤਕ ਦਾ ਰੂਪ ਧਾਰ ਸਕਦਾ ਹੈ। ਅਕਸਰ ਮਰੀਜ਼ ਤੇ ਉਸ ਦੇ ਪਰਿਵਾਰ ਵਾਲੇ ਪੂਰਾ ਧਿਆਨ ਸਿਰਫ਼ ਪਲੇਟਲੈਟ ਕਾਊਂਟ 'ਤੇ ਲਗਾ ਦਿੰਦੇ ਹਨ ਪਰ ਸੱਚਾਈ ਇਹ ਹੈ ਕਿ ਡੇਂਗੂ ਕੇਵਲ ਪਲੇਟਲੈਟਸ ਬਾਰੇ ਨਹੀਂ ਹੈ। ਕਈ ਵਾਰ ਪਲੇਟਲੈਟਸ ਕਾਊਂਟ ਠੀਕ ਹੋਣ 'ਤੇ ਵੀ ਮਰੀਜ਼ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਅਸਲ ਵਿਚ ਬਿਮਾਰੀ ਦੌਰਾਨ ਪਲੇਟਲੈਟਸ 'ਚ ਗਿਰਾਵਟ ਤੇ ਮੁੜ ਵਧਣਾ ਬਿਮਾਰੀ ਦੀ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹੈ। ਜ਼ਿਆਦਾਤਰ ਮਰੀਜ਼ਾਂ 'ਚ ਬਿਨਾਂ ਕਿਸੇ ਖ਼ਾਸ ਇਲਾਜ ਦੇ ਵੀ 8 ਤੋਂ 10 ਦਿਨਾਂ ਦੇ ਅੰਦਰ ਪਲੇਟਲੈਟਸ ਆਪਣੇ ਆਪ ਠੀਕ ਹੋਣ ਲੱਗਦੇ ਹਨ। ਇਸੇ ਲਈ ਲਗਾਤਾਰ ਨਿਗਰਾਨੀ ਤੇ ਸਹੀ ਸਮੇਂ 'ਤੇ ਡਾਕਟਰੀ ਦੇਖਭਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਕੋਈ ਵੀ ਘਰੇਲੂ ਨੁਸਖਾ ਸਹੀ ਡਾਕਟਰੀ ਇਲਾਜ ਦੀ ਥਾਂ ਨਹੀਂ ਲੈ ਸਕਦਾ। ਡੇਂਗੂ ਦੇ ਮਰੀਜ਼ਾਂ ਲਈ ਘਰ 'ਤੇ ਕੀਤੀ ਜਾਣ ਵਾਲੀ ਦੇਖਭਾਲ 'ਚ ਸਭ ਤੋਂ ਅਹਿਮ ਭੂਮਿਕਾ ਸਰੀਰ 'ਚ ਪਾਣੀ ਦੀ ਘਾਟ ਨਾ ਹੋਣ ਦੇਣ ਦੀ ਹੁੰਦੀ ਹੈ।
ਡੇਂਗੂ ਦਾ ਮੁੱਖ ਇਲਾਜ ਲੱਛਣਾਂ ਨੂੰ ਕੰਟਰੋਲ ਕਰਨਾ ਹੈ, ਜਿਸ ਵਿਚ ਲੋੜੀਂਦੀ ਮਾਤਰਾ 'ਚ ਤਰਲ ਪਦਾਰਥ ਲੈਣਾ, ਭਰਪੂਰ ਆਰਾਮ ਕਰਨਾ, ਬੁਖਾਰ ਨੂੰ ਕੰਟਰੋਲ 'ਚ ਰੱਖਣਾ ਆਦਿ ਸ਼ਾਮਲ ਹਨ।
ਖ਼ਤਰੇ ਦੇ ਇਨ੍ਹਾਂ ਸੰਕੇਤਾਂ 'ਤੇ ਨਜ਼ਰ ਰੱਖਣਾ: ਲਗਾਤਾਰ ਉਲਟੀ ਆਉਣਾ, ਪੇਟ ਵਿੱਚ ਦਰਦ, ਖੂਨ ਵਗਣਾ, ਸਾਹ ਲੈਣ 'ਚ ਦਿੱਕਤ ਜਾਂ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ। ਜੇਕਰ ਸਮਾਂ ਰਹਿੰਦੇ ਡਾਕਟਰੀ ਮਦਦ ਮਿਲ ਜਾਵੇ ਤਾਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਤੇ ਮਰੀਜ਼ ਜਲਦੀ ਠੀਕ ਹੋ ਸਕਦਾ ਹੈ।
ਪਪੀਤੇ ਦੇ ਪੱਤਿਆਂ ਦਾ ਰਸ ਬਿਨਾਂ ਸੋਚੇ-ਸਮਝੇ ਜਾਂ ਬਹੁਤ ਜ਼ਿਆਦਾ ਮਾਤਰਾ 'ਚ ਪੀਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ। ਘਰ ਵਿਚ ਬਣੇ ਇਸ ਰਸ ਦੀ ਕੋਈ ਤੈਅ ਮਾਤਰਾ ਜਾਂ ਮਾਪਦੰਡ ਨਹੀਂ ਹੁੰਦਾ।
ਪੇਟ ਦੀਆਂ ਸਮੱਸਿਆਵਾਂ: ਇਸ ਨੂੰ ਜ਼ਿਆਦਾ ਪੀਣ ਨਾਲ ਕੁਝ ਲੋਕਾਂ 'ਚ ਜੀਅ ਮਿਚਲਾਉਣਾ, ਪੇਟ 'ਚ ਜਲਨ ਜਾਂ ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਗੈਸਟ੍ਰਾਈਟਿਸ ਦਾ ਖ਼ਤਰਾ: ਡੇਂਗੂ ਦੇ ਕਈ ਮਰੀਜ਼ਾਂ ਨੂੰ ਬੀਮਾਰੀ ਦੀ ਵਜ੍ਹਾ ਕਰਕੇ ਪਹਿਲਾਂ ਤੋਂ ਹੀ ਪੇਟ 'ਚ ਜਲਨ ਦੀ ਸ਼ਿਕਾਇਤ ਹੁੰਦੀ ਹੈ ਤੇ ਪਪੀਤੇ ਦਾ ਗਾੜ੍ਹਾ ਰਸ ਇਨ੍ਹਾਂ ਲੱਛਣਾਂ ਨੂੰ ਹੋਰ ਵਿਗਾੜ ਸਕਦਾ ਹੈ।
ਸਿਰਫ਼ ਪਪੀਤੇ ਦੇ ਰਸ ਦੇ ਭਰੋਸੇ ਬੈਠ ਕੇ ਖੁਦ ਆਪਣਾ ਇਲਾਜ ਕਰਨਾ ਅਤੇ ਹਸਪਤਾਲ ਜਾਣ ਵਿਚ ਦੇਰੀ ਕਰਨਾ ਬਹੁਤ ਜੋਖ਼ਮ ਭਰਿਆ ਹੋ ਸਕਦਾ ਹੈ।
ਪਪੀਤੇ ਦੇ ਪੱਤਿਆਂ ਦੇ ਰਸ ਨੂੰ ਡੇਂਗੂ 'ਚ ਜ਼ਿਆਦਾ ਤੋਂ ਜ਼ਿਆਦਾ ਇਕ 'ਸਪੋਰਟਿਵ ਸਪਲੀਮੈਂਟ' ਮੰਨਿਆ ਜਾ ਸਕਦਾ ਹੈ ਨਾ ਕਿ 'ਇਲਾਜ'।
ਵਿਗਿਆਨਕ ਇਸ ਵਿਸ਼ੇ 'ਤੇ ਅਜੇ ਵੀ ਖੋਜ ਕਰ ਰਹੇ ਹਨ। ਫਿਲਹਾਲ, ਸਹੀ ਸਮੇਂ 'ਤੇ ਬਿਮਾਰੀ ਦੀ ਪਛਾਣ, ਲੋੜੀਂਦੀ ਮਾਤਰਾ 'ਚ ਪਾਣੀ ਜਾਂ ਤਰਲ ਪਦਾਰਥ ਲੈਣਾ, ਲਗਾਤਾਰ ਨਿਗਰਾਨੀ ਤੇ ਡਾਕਟਰ ਦੀ ਦੇਖਰੇਖ ਦਾ ਕੋਈ ਬਦਲ ਨਹੀਂ ਹੈ। ਬਿਨਾਂ ਪ੍ਰਮਾਣਿਤ ਨੁਸਖਿਆਂ 'ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੇ ਬਜਾਏ ਹਮੇਸ਼ਾ ਸਹੀ ਸਿਹਤ ਦੇਖਭਾਲ ਅਤੇ ਗੰਭੀਰ ਲੱਛਣਾਂ ਤੋਂ ਬਚਾਅ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ।