ਮਲੇਰੀਆ ਫੈਲਾਉਣ ਵਾਲਾ ਮਾਦਾ ਐਨਾਫ਼ਲੀਜ਼ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਰਾਤ ਤੇ ਸਵੇਰ ਦੇ ਸਮੇਂ ਕੱਟਦਾ ਹੈ। ਮਲੇਰੀਆ ਬੁਖ਼ਾਰ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮਰੀਜ਼ ਬਿਮਾਰੀ ਦੇ ਆਖ਼ਰੀ ਪੜਾਅ 'ਤੇ ਇਲਾਜ ਲਈ ਆਉਂਦਾ ਹੈ, ਜੋ ਠੀਕ ਨਹੀਂ ਹੈ।

ਮੌਸਮ ’ਚ ਬਦਲਾਅ ਆਉਂਦਿਆਂ ਹੀ ਮੱਛਰਾਂ ਦੀ ਘੂੰ-ਘੂੰ ਕਰਦੀ ਆਵਾਜ਼ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਆਮ ਤੌਰ ’ਤੇ ਲੋਕਾਂ ਨੇ ਮੱਛਰਾਂ ਦੀਆਂ ਸਿਰਫ਼ ਦੋ ਪ੍ਰਜਾਤੀਆਂ ਐਨਾਫਲੀਜ਼ ਤੇ ਏਡੀਜ਼ ਅਜਿਪਟੀ ਬਾਰੇ ਹੀ ਸੁਣਿਆ ਜਾਂ ਪੜ੍ਹਿਆ ਹੁੰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਧਰਤੀ 'ਤੇ ਮੱਛਰਾਂ ਦੀਆਂ ਲਗਪਗ 3000 ਕਿਸਮਾਂ ਮੌਜੂਦ ਹਨ। ਮੱਛਰਾਂ ਨਾਲ ਹੋਣ ਵਾਲੀ ਬਿਮਾਰੀਆਂ ਵਿੱਚੋਂ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਦੇ ਮਰੀਜ਼ ਸਭ ਤੋਂ ਵੱਧ ਹਨ। ਸੰਕ੍ਰਮਿਤ ਮਾਦਾ ਮੱਛਰ ਐਨਾਫਲੀਜ਼ ਮਲੇਰੀਆ, ਜਦੋਂਕਿ ਮਾਦਾ ਮੱਛਰ ਏਡੀਜ਼ ਅਜਿਪਟੀ ਡੇਂਗੂ ਤੇ ਚਿਕਨਗੁਨੀਆ ਫੈਲਾਉਂਦਾ ਹੈ। ਇਨ੍ਹਾਂ ਬਿਮਾਰੀਆਂ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਐਲਾਨਿਆ ਹੈ। ਹਰ ਸਾਲ ਇਸ ਦਿਨ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤਕ ਵਿਚਾਰਕ ਬੈਠਕਾਂ, ਸੈਮੀਨਾਰ ਤੇ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਸਾਫ਼-ਸਫ਼ਾਈ ਰੱਖਣ ਲਈ ਕੀਤਾ ਜਾਂਦਾ ਪ੍ਰੇਰਿਤ
ਸਿਹਤ ਵਿਭਾਗ ਪੰਜਾਬ ‘ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ’ ਤਹਿਤ ਹਰ ਸਾਲ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਤੇ ਰੈਲੀਆਂ ਦਾ ਆਯੋਜਨ ਕਰਦਾ ਹੈ। ਇਸ ਤੋਂ ਅਲਾਵਾ ਜੂਨ ਨੂੰ ਮਲੇਰੀਆ ਜਾਗਰੂਕਤਾ ਮਹੀਨੇ ਤੇ ਜੁਲਾਈ ਨੂੰ ਡੇਂਗੂ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇੰਨਾ ਹੀ ਨਹੀਂ ਸਿਹਤ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲਾਂ ਦੌਰਾਨ ਵਿੱਢੀ ਗਈ ਮੁਹਿੰਮ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਤਹਿਤ ਮੱਛਰਾਂ ਦੇ ਖ਼ਾਤਮੇ ਲਈ ਫੀਲਡ ’ਚ ਗਤੀਵਿਧੀਆਂ ਕੀਤੀ ਜਾਂਦੀਆਂ ਹਨ, ਜਿਸ ਵਿਚ ਹੋਰ ਵਿਭਾਗਾਂ ਦਾ ਸਹਿਯੋਗ ਲੈਣ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਸਾਫ਼-ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਮੱਛਰ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਸਾਲ 2025 ਲਈ ਥੀਮ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਮਲੇਰੀਆ ਦਿਵਸ ਵੱਖਰੇ ਥੀਮ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ਵ ਮਲੇਰੀਆ ਦਿਵਸ 2025 ਲਈ ਥੀਮ ਹੈ ‘ਮਲੇਰੀਆ ਸਾਡੇ ਨਾਲ ਖ਼ਤਮ ਹੁੰਦਾ ਹੈ: ਮੁੜ ਨਿਵੇਸ਼ ਕਰੋ, ਮੁੜ-ਵਿਚਾਰ ਕਰੋ, ਮੁੜ ਸੁਰਜੀਤ ਕਰੋ।’ ਇਹ ਥੀਮ ਨਵੀਂ ਵਚਨਬੱਧਤਾ, ਨਵੀਨਤਾਕਾਰੀ ਰਣਨੀਤੀਆਂ ਤੇ ਮਲੇਰੀਆ ਵਿਰੁੱਧ ਵਿਸ਼ਵ-ਵਿਆਪੀ ਲੜਾਈ ਵਿਚ ਨਿਰੰਤਰ ਨਿਵੇਸ਼ ਦੀ ਜ਼ਰੂਰਤ 'ਤੇ ਜ਼ੋਰ ਦਿੰਦਾ ਹੈ। ਇਹ ਮਲੇਰੀਆ ਦੇ ਖ਼ਾਤਮੇ ਲਈ ਫੌਰੀ ਕਾਰਵਾਈ ਤੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਮਲੇਰੀਆ ਨਾ ਸਿਰਫ਼ ਸਿਹਤ ਨੂੰ ਸਿੱਧੇ ਤੌਰ 'ਤੇ ਖ਼ਤਰੇ ਵਿਚ ਪਾਉਂਦਾ ਹੈ ਤੇ ਜਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਇਹ ਅਸਮਾਨਤਾ ਦੇ ਦੁਸ਼ਟ ਚੱਕਰ ਨੂੰ ਵੀ ਕਾਇਮ ਰੱਖਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਨੂੰ 2030 ਤਕ ਮਲੇਰੀਆ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਲੋੜ ਹੈ ਕਿ ਲੋਕ ਜਾਗਰੂਕ ਹੋਣ ਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ।
ਇਤਿਹਾਸ
ਵਿਸ਼ਵ ਮਲੇਰੀਆ ਦਿਵਸ ਦਾ ਵਿਚਾਰ ਅਫ਼ਰੀਕਾ ਮਲੇਰੀਆ ਦਿਵਸ ਤੋਂ ਵਿਕਸਤ ਕੀਤਾ ਗਿਆ ਸੀ, ਜੋ ਅਫ਼ਰੀਕੀ ਸਰਕਾਰਾਂ ਦੁਆਰਾ 2001 ਤੋਂ ਮਨਾਇਆ ਜਾਂਦਾ ਹੈ। 2007 ਵਿਚ ਵਿਸ਼ਵ ਸਿਹਤ ਅਸੈਂਬਲੀ ਦੇ 60ਵੇਂ ਸੈਸ਼ਨ ਵਿਚ ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਦੁਆਰਾ ਸਪਾਂਸਰ ਕੀਤੀ ਗਈ ਇਕ ਮੀਟਿੰਗ ’ਚ ਪ੍ਰਸਤਾਵ ਦਿੱਤਾ ਗਿਆ ਕਿ ਅਫ਼ਰੀਕਾ ਮਲੇਰੀਆ ਦਿਵਸ ਨੂੰ ਵਿਸ਼ਵ ਮਲੇਰੀਆ ਦਿਵਸ ’ਚ ਬਦਲਿਆ ਜਾਵੇ। ਇਹ ਦੁਨੀਆ ਭਰ ਦੇ ਦੇਸ਼ਾਂ ਵਿਚ ਮਲੇਰੀਆ ਦੀ ਮੌਜੂਦਗੀ ਦੀ ਪਛਾਣ ਕਰਨ ਵਿਚ ਮਦਦ ਕਰੇਗਾ ਤੇ ਮਲੇਰੀਆ ਵਿਰੁੱਧ ਲੜਨ ਲਈ ਵਿਸ਼ਵ ਪੱਧਰ 'ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ’ਚ ਵੀ ਮਦਦ ਕਰੇਗਾ।
ਲੱਛਣ
ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ। ਮਲੇਰੀਆ ਦੇ ਸਭ ਤੋਂ ਆਮ ਸ਼ੁਰੂਆਤੀ ਲੱਛਣ ਹਨ ਬੁਖ਼ਾਰ, ਸਿਰ ਦਰਦ ਤੇ ਠੰਢ ਲੱਗਣਾ। ਲੱਛਣ ਆਮ ਤੌਰ 'ਤੇ ਸੰਕ੍ਰਮਿਤ ਮੱਛਰ ਦੇ ਕੱਟਣ ਤੋਂ 10-15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ।
- ਬਹੁਤ ਜ਼ਿਆਦਾ ਥਕਾਵਟ ਹੋਣਾ।
- ਕਮਜ਼ੋਰ ਚੇਤਨਾ।
- ਕੜਵੱਲ।
- ਸਾਹ ਲੈਣ ਵਿਚ ਮੁਸ਼ਕਲ
- ਗੂੜ੍ਹਾ ਪਿਸ਼ਾਬ ਜਾਂ ਪਿਸ਼ਾਬ ’ਚ ਖੂਨ ਆਉਣਾ।
- ਪੀਲੀਆ (ਅੱਖਾਂ ਤੇ ਚਮੜੀ ਦਾ ਪੀਲਾ ਹੋਣਾ)।
- ਅਸਾਧਾਰਨ ਖ਼ੂਨ ਵਹਿਣਾ।
- ਗਰਭ ਅਵਸਥਾ ਦੌਰਾਨ ਮਲੇਰੀਆ ਦੀ ਲਾਗ ਸਮੇਂ ਤੋਂ ਪਹਿਲਾਂ ਜਣੇਪੇ ਜਾਂ ਘੱਟ ਜਨਮ ਭਾਰ ਵਾਲੇ ਬੱਚੇ ਦੀ ਡਿਲੀਵਰੀ ਦਾ ਕਾਰਨ ਵੀ ਬਣ ਸਕਦੀ ਹੈ।
ਬਚਾਅ ਤੇ ਤਰੀਕੇ
- ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੋ।
- ਪਾਣੀ ਨਾ ਖੜ੍ਹਾ ਹੋਣ ਦਿਉ।
- ਟੋਏ ਨੂੰ ਮਿੱਟੀ ਨਾਲ ਭਰ ਦਿਉ, ਟੋਇਆਂ ਤੇ ਨਾਲੀਆਂ ਵਿਚ ਕਾਲੇ ਤੇਲ ਦਾ ਛਿੜਕਾਅ ਕਰੋ।
- ਸਰੀਰ ਨੂੰ ਢਕ ਕੇ ਰੱਖੋ ਜਾਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ।
- ਮੱਛਰਦਾਨੀ ਦੀ ਵਰਤੋਂ ਕਰੋ। ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਮੱਛਰ ਮਾਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ।
ਮੁਫ਼ਤ ਕੀਤਾ ਜਾਂਦਾ ਇਲਾਜ
ਮਲੇਰੀਆ ਫੈਲਾਉਣ ਵਾਲਾ ਮਾਦਾ ਐਨਾਫ਼ਲੀਜ਼ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਰਾਤ ਤੇ ਸਵੇਰ ਦੇ ਸਮੇਂ ਕੱਟਦਾ ਹੈ। ਮਲੇਰੀਆ ਬੁਖ਼ਾਰ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮਰੀਜ਼ ਬਿਮਾਰੀ ਦੇ ਆਖ਼ਰੀ ਪੜਾਅ 'ਤੇ ਇਲਾਜ ਲਈ ਆਉਂਦਾ ਹੈ, ਜੋ ਠੀਕ ਨਹੀਂ ਹੈ। ਇਸ ਲਈ ਜੇ ਤੁਹਾਨੂੰ ਬੁਖ਼ਾਰ ਹੈ ਤਾਂ ਤੁਰੰਤ ਆਪਣੀ ਜਾਂਚ ਕਰਵਾਓ।
ਅੰਕੜੇ
ਵਿਸ਼ਵ ਪੱਧਰ 'ਤੇ 106 ਦੇਸ਼ਾਂ ਵਿਚ 3.3 ਬਿਲੀਅਨ ਲੋਕ ਮਲੇਰੀਆ ਦੇ ਖ਼ਤਰੇ ਵਿਚ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਸਾਲ 2023 ਦੌਰਾਨ ਦੁਨੀਆ ਵਿਚ 263 ਮਿਲੀਅਨ ਨਵੇਂ ਕੇਸ ਦਰਜ ਕੀਤੇ ਗਏ ਤੇ ਇਸ ਕਾਰਨ 597000 ਮੌਤਾਂ ਹੋਈਆਂ। ਇਨ੍ਹਾਂ ਵਿਚੋਂ 95 ਫ਼ੀਸਦੀ ਮੌਤਾਂ ਅਫ਼ਰੀਕਨ ਦੇਸ਼ਾਂ ਵਿਚ ਦਰਜ ਕੀਤੀਆਂ ਗਈਆਂ, ਜਿੱਥੇ ਬਹੁਤ ਸਾਰੇ ਜੋਖ਼ਮ ਵਿਚ ਹੁਣ ਵੀ ਇਸ ਬਿਮਾਰੀ ਨੂੰ ਰੋਕਣ, ਖੋਜਣ ਤੇ ਇਲਾਜ ਕਰਨ ਲਈ ਸੇਵਾਵਾਂ ਤਕ ਪਹੁੰਚ ਦੀ ਘਾਟ ਹੈ। 2022 ਦੌਰਾਨ ਦੁਨੀਆ ਵਿਚ 249 ਮਿਲੀਅਨ ਨਵੇਂ ਕੇਸ ਦਰਜ ਕੀਤੇ ਗਏ, ਜਿਸ ਕਾਰਨ 608000 ਮੌਤਾਂ ਹੋਈਆਂ। ਮਲੇਰੀਆ ਦੇ ਮਾਮਲਿਆਂ ਦੀ ਵਿਸ਼ਵ-ਵਿਆਪੀ ਗਿਣਤੀ 2021 ਵਿਚ 247 ਮਿਲੀਅਨ ਤਕ ਪਹੁੰਚ ਗਈ ਸੀ, ਜੋ 2020 ਵਿਚ 245 ਮਿਲੀਅਨ ਅਤੇ 2019 ਵਿਚ 232 ਮਿਲੀਅਨ ਸੀ।
ਜਾਨਲੇਵਾ ਬਿਮਾਰੀ
ਮਲੇਰੀਆ ਜਾਨਲੇਵਾ ਬੁਖ਼ਾਰ ਹੈ, ਜੋ ਜ਼ਿਆਦਾਤਰ ਗਰਮ ਦੇਸ਼ਾਂ ਵਿਚ ਪਾਇਆ ਜਾਂਦਾ ਹੈ। ਇਹ ਰੋਕਥਾਮਯੋਗ ਤੇ ਇਲਾਜਯੋਗ ਹੈ। ਨਵਜਾਤ ਸ਼ਿਸ਼ੂ, 5 ਸਾਲ ਤੋਂ ਛੋਟੇ ਬੱਚੇ, ਗਰਭਵਤੀ ਔਰਤਾਂ, ਪ੍ਰਵਾਸੀ ਮਜ਼ਦੂਰ, ਐੱਚਆਈਵੀ/ਏਡਜ਼ ਵਾਲੇ ਲੋਕਾਂ ਨੂੰ ਗੰਭੀਰ ਸੰਕ੍ਰਮਣ ਦਾ ਵਧੇਰੇ ਜੋਖ਼ਮ ਹੁੰਦਾ ਹੈ। ਉਮੀਦ ਹੈ ਕਿ ਵਿਸ਼ਵ ਸਿਹਤ ਸੰਸਥਾਵਾਂ,ਸੂਬਾ ਤੇ ਕੇਂਦਰ ਦੇ ਸਿਹਤ ਵਿਭਾਗਾਂ ਵੱਲੋਂ ਕੀਤੀ ਜਾ ਰਹੀਆਂ ਕਾਰਵਾਈਆਂ ਦੇ ਸਿੱਟੇ ਵਜੋਂ ਆਉਣ ਵਾਲੇ ਸਮੇਂ ਵਿਚ ਮਲੇਰੀਆ ਦਾ ਪੂਰੀ ਤਰ੍ਹਾਂ ਖ਼ਤਮਾ ਹੋ ਜਾਵੇਗਾ। ਲੋੜ ਹੈ ਆਪਣੇ ਆਪ ਤੇ ਸਮਾਜ ਨੂੰ ਜਾਗਰੂਕ ਕਰਨ ਦੀ। ਜਾਗਰੂਕ ਰਹੋ, ਸਵੱਛ ਰਹੋ, ਸਵੱਸਥ ਰਹੋ।
- ਮਨਬੀਰ ਸਿੰਘ