ਬੈਕਟੀਰੀਆ ਦਾ ਪ੍ਰਭਾਵ ਵਧਣ ਨਾਲ ਸੈਂਟਰਲ ਨਰਵਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਮਰੀਜ਼ ਦੀ ਸਥਿਤੀ ਗੰਭੀਰ ਹੋਣ ਲੱਗਦੀ ਹੈ। ਪੈਰੀਫਿਰਲ ਨਰਵ ਮੋਟੀ ਹੋ ਜਾਂਦੀ ਹੈ। ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਨਾਲ ਹੱਥ-ਪੈਰ ਟੇਢੇ-ਮੇਢੇ ਹੋਣ ਲੱਗਦੇ ਹਨ। ਧਿਆਨ ਨਾ ਦੇਣ ਜਾਂ ਕਸਰਤ ਨਾ ਕਰਨ ਨਾਲ ਹੱਡੀਆਂ ਆਕੜ ਜਾਂਦੀਆਂ ਹਨ।

ਲੈਪਰੋਸੀ (ਕੁਸ਼ਟ ਰੋਗ) ਮਾਈਕ੍ਰੋ-ਬੈਕਟੀਰੀਅਮ ਲੈਪਰੇ ਦੁਆਰਾ ਚਮੜੀ ਤੇ ਨਾੜੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਗੰਭੀਰ ਛੂਤ ਦੀ ਬਿਮਾਰੀ ਹੈ। ਇਸ ਦੇ ਬੈਕਟੀਰੀਆ ਦੀ ਖੋਜ 1873 ’ਚ ਨਾਰਵੇ ਦੇ ਫਿਜ਼ੀਸ਼ੀਅਨ ਗੇਰਹਰਡ ਹੈਨਸਨ ਨੇ ਕੀਤੀ ਸੀ। ਇਸ ਲਈ ਇਸ ਨੂੰ ਹੈਨਸਨ ਡਿਸੀਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਅੰਗਹੀਣਤਾ ਦਾ ਵੱਡਾ ਕਾਰਨ
ਅੰਕੜਿਆਂ ਅਨੁਸਾਰ ਦੁਨੀਆ ’ਚ ਅੰਗਹੀਣ ਹੋਣ ਵਾਲੇ ਵਿਅਕਤੀਆਂ ’ਚ ਅੰਗਹੀਣਤਾ ਦਾ ਵੱਡਾ ਕਾਰਨ ਲੈਪਰੋਸੀ ਹੈ। ਇਹ ਡਰਾਪਲੈੱਟ ਇਨਫੈਕਸ਼ਨ ਨਾਲ ਫੈਲਦਾ ਹੈ, ਯਾਨੀ ਪੀੜਤ ਵਿਅਕਤੀ ਜਦੋਂ ਖੁੱਲ੍ਹੇ ’ਚ ਖੰਘਦਾ ਜਾਂ ਛਿੱਕਦਾ ਹੈ ਤਾਂ ਉਸ ਦੇ ਗਲੇ ’ਚੋਂ ਨਿਕਲਣ ਵਾਲੀਆਂ ਛੋਟੀਆਂ-ਛੋਟੀਆਂ ਬੂੰਦਾਂ ਹਵਾ ’ਚ ਸਾਹ ਲੈ ਰਹੇ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਜਾ ਕੇ ਉਸ ਨੂੰ ਆਪਣੀ ਲਪੇਟ ’ਚ ਲੈ ਸਕਦੀਆਂ ਹਨ। ਮੁੱਢਲੇ ਪੱਧਰ ’ਤੇ ਇਸ ਦੇ ਬੈਕਟੀਰੀਆ ਹੱਥ-ਪੈਰ, ਮੂੰਹ ਜਿਹੇ ਖੁੱਲ੍ਹੇ ਅੰਗਾਂ ਅਤੇ ਪੈਰੀਫਿਰਲ ਨਾੜਾਂ ਨੂੰ ਪ੍ਰਭਾਵਿਤ ਕਰਦੇ ਹਨ। ਖ਼ੂਨ ਜਾਂ ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਪ੍ਰਭਾਵਿਤ ਅੰਗ ਸੁੰਨ੍ਹ ਹੋਣ ਲੱਗਦਾ ਹੈ।
ਚਮੜੀ ’ਤੇ ਧੱਬੇ ਪੈਣ ਲੱਗਦੇ ਹਨ। ਬਾਅਦ ਵਿਚ ਇਹ ਚਮੜੀ ਖ਼ੁਸ਼ਕ ਤੇ ਸਖ਼ਤ ਹੋਣ ਲੱਗਦੀ ਹੈ। ਸੁੰਨ੍ਹਾਪਣ ਹੋਣ ਕਾਰਨ ਸੱਟ ਲੱਗਣ ਜਾਂ ਜ਼ਖ਼ਮ ਹੋਣ ਦਾ ਪਤਾ ਨਹੀਂ ਲੱਗਦਾ।
ਸਾਲ 2024 ਦਾ ਥੀਮ
ਵਿਸ਼ਵ ਲੈਪਰੋਸੀ ਖ਼ਾਤਮਾ ਦਿਵਸ 2024 ਦਾ ਥੀਮ ‘ਬੀਟ ਲੈਪਰੋਸੀ’ ਹੈ। ਬੀਟ ਲੈਪਰੋਸੀ ਦਾ ਵਿਸ਼ਾ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਡਾਕਟਰੀ ਯਤਨਾਂ ਦੇ ਨਾਲ-ਨਾਲ ਇਸ ਦੇ ਸਮਾਜਿਕ ਤੇ ਮਨੋਵਿਗਿਆਨਕ ਪਹਿਲੂਆਂ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਇਸ ਤਹਿਤ ਕੁਸ਼ਟ ਰੋਗੀ ਨਾਲ ਸਮਾਜਿਕ ਭੇਦਭਾਵ ਦੀ ਬਜਾਏ ਹਮਦਰਦੀ ਤੇ ਸਤਿਕਾਰ ਪ੍ਰਦਾਨ ਕਰਨਾ ਹੈ।
ਅੱਖਾਂ ਦੀਆਂ ਪੁਤਲੀਆਂ ਵੀ ਹੋ ਸਕਦੀਆਂ ਪ੍ਰਭਾਵਿਤ
ਬੈਕਟੀਰੀਆ ਦਾ ਪ੍ਰਭਾਵ ਵਧਣ ਨਾਲ ਸੈਂਟਰਲ ਨਰਵਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਮਰੀਜ਼ ਦੀ ਸਥਿਤੀ ਗੰਭੀਰ ਹੋਣ ਲੱਗਦੀ ਹੈ। ਪੈਰੀਫਿਰਲ ਨਰਵ ਮੋਟੀ ਹੋ ਜਾਂਦੀ ਹੈ। ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਨਾਲ ਹੱਥ-ਪੈਰ ਟੇਢੇ-ਮੇਢੇ ਹੋਣ ਲੱਗਦੇ ਹਨ। ਧਿਆਨ ਨਾ ਦੇਣ ਜਾਂ ਕਸਰਤ ਨਾ ਕਰਨ ਨਾਲ ਹੱਡੀਆਂ ਆਕੜ ਜਾਂਦੀਆਂ ਹਨ। ਹੱਥਾਂ ਨਾਲ ਕੰਮ ਕਰਨਾ ਜਾਂ ਚੱਲਣਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ। ਲੈਪਰੇ ਬੈਕਟੀਰੀਆ ਨਾਲ ਮਰੀਜ਼ ਦੀਆਂ ਅੱਖਾਂ ਦੀਆਂ ਪੁਤਲੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਅੱਖ ਝਪਕਦੀ ਨਹੀਂ ਤੇ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ। ਅੱਖਾਂ ਸੁੱਕੀਆਂ ਰਹਿੰਦੀਆਂ ਹਨ, ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਦਿਖਾਈ ਦੇਣਾ ਬੰਦ ਵੀ ਹੋ ਸਕਦਾ ਹੈ। ਇਹ ਬਿਮਾਰੀ ਲੈਪਰੋਸੀ ਵਾਲੇ ਵਿਅਕਤੀ ਨਾਲ ਆਮ ਸੰਪਰਕ ਦੁਆਰਾ ਨਹੀਂ ਫੈਲਦੀ, ਜਿਵੇਂ ਹੱਥ ਮਿਲਾਉਣ ਜਾਂ ਜੱਫੀ ਪਾਉਣ, ਖਾਣਾ ਸਾਂਝਾ ਕਰਨ ਜਾਂ ਇਕ-ਦੂਜੇ ਦੇ ਕੋਲ ਬੈਠਣ ਨਾਲ।
ਮੁਫ਼ਤ ਕੀਤਾ ਜਾਂਦਾ ਇਲਾਜ
ਲੈਪਰੋਸੀ ਦੀ ਰੋਕਥਾਮ ਲਈ ਵਿਸ਼ਵ ਸਿਹਤ ਸੰਸਥਾ ਦੀ ਮਦਦ ਨਾਲ 1955 ’ਚ ਭਾਰਤ ਅੰਦਰ ਨੈਸ਼ਨਲ ਲੈਪਰੋਸੀ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਸਰਕਾਰੀ ਸਿਹਤ ਸੰਸਥਾਵਾਂ ’ਚ ਐੱਮਡੀਟੀ (ਮਲਟੀ ਡਰੱਗ ਥੈਰੇਪੀ) ਤਹਿਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਦਾਗਾਂ ਦੇ ਆਧਾਰ ’ਤੇ ਘੱਟ ਜਿਰਮੀ (ਪੀਬੀ) ਜਾਂ ਬਹੁ-ਜਿਰਮੀ (ਐੱਮਬੀ) ਤਹਿਤ ਵਰਤਿਆ ਜਾਂਦਾ ਹੈ। ਇਹ ਇਲਾਜ ਸੌ ਫ਼ੀਸਦੀ ਕਾਰਗਰ ਹੈ। ਉਪਰੋਕਤ ਲੱਛਣ ਸਾਹਮਣੇ ਆਉਣ ’ਤੇ ਘਰੇਲੂ ਓਹੜ-ਪੋਹੜ ਕਰਨ ’ਤੇ ਸਮਾਂ ਗਵਾਉਣ ਦੀ ਬਜਾਏ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਲੱਛਣ
ਚਮੜੀ ’ਤੇ ਹਲਕੇ ਤਾਂਬੇ ਰੰਗ ਦੇ ਨਿਸ਼ਾਨ।
ਪ੍ਰਭਾਵਿਤ ਹਿੱਸੇ ’ਤੇ ਮਰੀਜ਼ ਨੂੰ ਠੰਢੇ, ਵੱਢੇ ਤੇ ਕਿਸੇ ਸੱਟ ਆਦਿ ਦਾ ਪਤਾ ਨਾ ਲੱਗਣਾ।
ਅੱਖਾਂ ਦਾ ਪੂਰੀ ਤਰ੍ਹਾਂ ਨਾਲ ਬੰਦ ਨਾ ਹੋਣਾ।
ਸਰੀਰ, ਚਿਹਰੇ, ਭਰਵੱਟੇ, ਕੰਨਾਂ ’ਤੇ ਸੋਜ਼, ਗੰਢ, ਦਾਣੇ ਜਾਂ ਤੇਲੀਆ ਚਮਕ।
ਹੱਥਾਂ-ਪੈਰਾਂ ਦਾ ਸੁੰਨ੍ਹਾਪਣ ਜਾਂ ਕਮਜ਼ੋਰੀ।
ਉਪਰੋਕਤ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਡਾਕਟਰੀ ਜਾਂਚ ਕਰਵਾਈ ਜਾਵੇ।
ਨਫ਼ਰਤ ਦੇ ਨਜ਼ਰੀਏ ਨਾਲ ਨਾ ਦੇਖੋ ਰੋਗੀ
ਰੋਗ ਦੀ ਪਛਾਣ ਤੇ ਦਵਾਈ ਦਾ ਕੋਰਸ ਪੂਰਾ ਕਰਨ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਮਾਜ ’ਚ ਇਨ੍ਹਾਂ ਰੋਗੀਆਂ ਨੂੰ ਨਫ਼ਰਤ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ, ਜੋ ਗ਼ਲਤ ਗੱਲ ਹੈ। ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਸਹੀ ਇਲਾਜ, ਜ਼ਰੂਰੀ ਸਾਵਧਾਨੀਆਂ ਤੇ ਦਵਾਈਆਂ ਦਾ ਕੋਰਸ ਪੂਰਾ ਕਰ ਕੇ ਮਰੀਜ਼ 6-12 ਮਹੀਨਿਆਂ ’ਚ ਠੀਕ ਹੋ ਜਾਂਦਾ ਹੈ।
ਕੁਸ਼ਟ ਰੋਗ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਰੋਗ ਨਹੀਂ ਹੁੰਦਾ, ਇਹ ਮਾਂ-ਪਿਓ ਤੋਂ ਬੱਚਿਆਂ ਵਿਚ ਪ੍ਰਸਾਰਿਤ ਨਹੀਂ ਹੁੰਦਾ।
ਕੁਸ਼ਟ ਰੋਗ ਇਕੱਠੇ ਖੇਡਣ, ਹੱਥ ਮਿਲਾਉਣ ਜਾਂ ਇੱਕੋ ਦਫ਼ਤਰ ਵਿਚ ਇਕੱਠਿਆਂ ਕੰਮ ਕਰਨ ਨਾਲ ਵੀ ਨਹੀਂ ਫੈਲਦਾ।
ਇਹ ਬਿਮਾਰੀ ਪਿਛਲੇ ਪਾਪਾਂ ਜਾਂ ਅਨੈਤਿਕ ਵਿਹਾਰ ਦਾ ਨਤੀਜਾ ਨਹੀਂ ਹੁੰਦੀ ਸਗੋਂ ਇਹ ਮਾਇਕੋ੍ਰ-ਬੈਕਟੀਰੀਅਮ ਲਿਪ੍ਰੇ ਨਾਮਕ ਬੈਕਟੀਰੀਆ ਕਾਰਨ ਹੁੰਦੀ ਹੈ।
ਕੁਸ਼ਟ ਰੋਗ ਤੋਂ ਪੀੜਤ ਲੋਕਾਂ ਨੂੰ ਜਿਊਣ ਦਾ ਹੱਕ ਅਤੇ ਮਾਣ ਨਾਲ ਰਹਿਣ ਦਾ ਅਧਿਕਾਰ ਹੈ।
ਐੱਨਐੱਸਪੀ
ਭਾਰਤ ਸਰਕਾਰ ਨੇ 30 ਜਨਵਰੀ 2023 ਨੂੰ ਕੁਸ਼ਟ ਰੋਗ ਲਈ ਰਾਸ਼ਟਰੀ ਰਣਨੀਤਕ ਯੋਜਨਾ (ਐੱਨਐੱਸਪੀ) ਅਤੇ ਰੋਡਮੈਪ (2023-27) ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ 2027 ਤੱਕ ਲੈਪਰੋਸੀ ਦੇ ਜ਼ੀਰੋ ਟਰਾਂਸਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
- ਨਰਿੰਦਰਪਾਲ ਸਿੰਘ