ਪੁਰਾਣੀਆਂ ਗੱਲਾਂ ਯਾਦ ਆਉਣਾ: ਆਪਣੀ ਪੁਰਾਣੀ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਮੰਨਣ ਲੱਗਣਾ, ਜਿਵੇਂ ਕਿ ਤੁਸੀਂ ਕਾਲਜ ਵਿੱਚ ਕਿੰਨੇ ਚੰਗੇ ਖਿਡਾਰੀ ਜਾਂ ਕਲਾਕਾਰ ਹੁੰਦੇ ਸੀ। ਅਜਿਹਾ ਕਰਦੇ ਹੋਏ ਮੌਜੂਦਾ ਜ਼ਿੰਦਗੀ ਦੀਆਂ ਹਾਂ-ਪੱਖੀ ਚੀਜ਼ਾਂ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗ ਪੈਂਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: 40 ਤੋਂ 60 ਸਾਲ ਦੀ ਉਮਰ ਮਿਡ-ਲਾਈਫ (ਜੀਵਨ ਦੇ ਅੱਧ) ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਹ ਪੜਾਅ ਜ਼ਿਆਦਾਤਰ ਤਰੱਕੀ, ਸਥਿਰਤਾ ਅਤੇ ਖੁਸ਼ੀ ਦਾ ਮੰਨਿਆ ਜਾਂਦਾ ਹੈ, ਪਰ ਵਧਦੀ ਉਮਰ ਦੇ ਨਾਲ ਕੁਝ ਲੋਕਾਂ ਵਿੱਚ ਤਣਾਅ ਅਤੇ ਡਿਪਰੈਸ਼ਨ ਦਾ ਭਾਵ ਵੀ ਆਉਣ ਲੱਗਦਾ ਹੈ। ਇਸ ਉਮਰ ਤੱਕ ਪਹੁੰਚਦਿਆਂ ਕਾਫ਼ੀ ਲੋਕ ਆਪਣੀ ਪਛਾਣ ਅਤੇ ਜੀਵਨ ਦੀਆਂ ਚੋਣਾਂ ਬਾਰੇ ਮੁੜ ਵਿਚਾਰ ਕਰਨ ਲੱਗਦੇ ਹਨ।
ਜ਼ਰੂਰੀ ਨਹੀਂ ਕਿ ਹਰ ਇਨਸਾਨ ਮਿਡ-ਲਾਈਫ ਵਿੱਚ ਅਜਿਹਾ ਮਹਿਸੂਸ ਕਰੇ, ਪਰ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਮਿਡ-ਲਾਈਫ ਕ੍ਰਾਈਸਿਸ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ। ਇਸ ਲੇਖ ਵਿੱਚ ਅਸੀਂ ਇਸ ਦੇ ਲੱਛਣਾਂ, ਕਾਰਨਾਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਣਾਂਗੇ।
ਇਸ ਤਰ੍ਹਾਂ ਨਜ਼ਰ ਆਉਂਦੇ ਹਨ ਲੱਛਣ
ਗਹਿਰੀ ਉਦਾਸੀ ਅਤੇ ਪਛਤਾਵਾ: ਰਿਸ਼ਤਿਆਂ ਜਾਂ ਕਰੀਅਰ ਵਿੱਚ ਹੱਥੋਂ ਨਿਕਲ ਗਏ ਮੌਕਿਆਂ ਬਾਰੇ ਸੋਚਦੇ ਰਹਿਣਾ ਅਤੇ ਅੱਜ ਤੋਂ ਧਿਆਨ ਹਟ ਜਾਣਾ। ਇਸ ਨਾਲ ਜ਼ਿੰਦਗੀ ਵਿੱਚ ਮੌਜੂਦ ਚੰਗੀਆਂ ਚੀਜ਼ਾਂ ਵੀ ਨਜ਼ਰ ਆਉਣਾ ਬੰਦ ਹੋ ਜਾਂਦੀਆਂ ਹਨ।
ਬੇਚੈਨੀ ਅਤੇ ਬੋਰੀਅਤ: ਰੋਜ਼ਾਨਾ ਇੱਕੋ ਜਿਹੀ ਜ਼ਿੰਦਗੀ ਜਿਊਂਦੇ-ਜਿਊਂਦੇ ਥਕਾਵਟ ਅਤੇ ਬੋਰੀਅਤ ਹੋਣ ਲੱਗਦੀ ਹੈ, ਚਾਹੇ ਉਹ ਕੰਮ ਦਾ ਸ਼ਡਿਊਲ ਹੋਵੇ ਜਾਂ ਕੋਈ ਹੋਰ ਜ਼ਿੰਮੇਵਾਰੀ। ਇਹ ਖ਼ਿਆਲ ਆਉਣ ਲੱਗਦਾ ਹੈ ਕਿ ਕਾਸ਼ ਜੀਵਨ ਵਿੱਚ ਇਹ ਰਸਤਾ ਨਾ ਚੁਣਿਆ ਹੁੰਦਾ ਤਾਂ ਅੱਜ ਜ਼ਿੰਦਗੀ ਕੁਝ ਹੋਰ ਹੀ ਹੁੰਦੀ।
ਚਿੜਚਿੜਾਪਨ: ਅਜਿਹਾ ਲੱਗਣ ਲੱਗਦਾ ਹੈ ਕਿ ਪਹਿਲਾਂ ਲਏ ਗਏ ਫ਼ੈਸਲਿਆਂ ਨੇ ਤੁਹਾਨੂੰ ਸੀਮਾ ਵਿੱਚ ਬੰਨ੍ਹ ਦਿੱਤਾ ਹੈ ਅਤੇ ਇਹ ਸੋਚ ਕੇ ਹੀ ਅਚਾਨਕ ਗੁੱਸਾ ਆਉਣ ਲੱਗਦਾ ਹੈ। ਇਸ ਨਾਲ ਆਪਣੇ ਸਾਥੀ, ਬਜ਼ੁਰਗ ਹੋ ਰਹੇ ਮਾਪਿਆਂ ਜਾਂ ਨਜ਼ਦੀਕੀ ਦੋਸਤਾਂ ਤੋਂ ਵੀ ਚਿੜ ਹੋਣ ਲੱਗਦੀ ਹੈ।
ਪੁਰਾਣੀਆਂ ਗੱਲਾਂ ਯਾਦ ਆਉਣਾ: ਆਪਣੀ ਪੁਰਾਣੀ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਮੰਨਣ ਲੱਗਣਾ, ਜਿਵੇਂ ਕਿ ਤੁਸੀਂ ਕਾਲਜ ਵਿੱਚ ਕਿੰਨੇ ਚੰਗੇ ਖਿਡਾਰੀ ਜਾਂ ਕਲਾਕਾਰ ਹੁੰਦੇ ਸੀ। ਅਜਿਹਾ ਕਰਦੇ ਹੋਏ ਮੌਜੂਦਾ ਜ਼ਿੰਦਗੀ ਦੀਆਂ ਹਾਂ-ਪੱਖੀ ਚੀਜ਼ਾਂ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗ ਪੈਂਦੇ ਹੋ।
ਬੁਰੀਆਂ ਆਦਤਾਂ ਦਾ ਸਹਾਰਾ: ਇਸ ਸਥਿਤੀ ਤੋਂ ਭੱਜਣ ਲਈ ਕਈ ਲੋਕ ਲੋੜ ਤੋਂ ਵੱਧ ਸ਼ਾਪਿੰਗ ਕਰਨ ਲੱਗਦੇ ਹਨ, ਕੁਝ ਸ਼ਰਾਬ ਦਾ ਸਹਾਰਾ ਲੈਂਦੇ ਹਨ ਜਾਂ ਫਿਰ ਲੋੜ ਤੋਂ ਵੱਧ ਖਾਣਾ (overeating) ਸ਼ੁਰੂ ਕਰ ਦਿੰਦੇ ਹਨ।
ਜਿਨਸੀ ਇੱਛਾ (Sexual Desire) ਵਿੱਚ ਬਦਲਾਅ: ਕੁਝ ਲੋਕਾਂ ਵਿੱਚ ਜਿਨਸੀ ਇੱਛਾ ਵਧ ਜਾਂਦੀ ਹੈ ਤਾਂ ਕੁਝ ਵਿੱਚ ਘੱਟ ਹੋ ਜਾਂਦੀ ਹੈ। ਕਈ ਲੋਕ ਆਪਣੇ ਮੌਜੂਦਾ ਸਾਥੀ ਦੀ ਚੋਣ ਨੂੰ ਲੈ ਕੇ ਵੀ ਸ਼ੱਕ ਕਰਨ ਲੱਗਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਤੋਂ ਘੱਟ ਉਮਰ ਦੇ ਸਾਥੀ ਨਾਲ ਡੇਟ ਕਰਨ ਦੇ ਖ਼ਿਆਲ ਆਉਣ ਲੱਗਦੇ ਹਨ।
ਕੀ ਹੁੰਦੇ ਹਨ ਕਾਰਨ?
ਉਮਰ ਵਧਣ ਦੇ ਨਾਲ ਹੋਣ ਵਾਲੀਆਂ ਕਈ ਸਰੀਰਕ ਤਬਦੀਲੀਆਂ ਮਿਡ-ਲਾਈਫ ਕ੍ਰਾਈਸਿਸ ਦਾ ਕਾਰਨ ਬਣ ਸਕਦੀਆਂ ਹਨ।
ਇਸ ਉਮਰ ਵਿੱਚ ਕਾਫ਼ੀ ਲੋਕਾਂ ਦੇ ਬੱਚੇ ਪੜ੍ਹਾਈ ਜਾਂ ਨੌਕਰੀ ਕਾਰਨ ਉਨ੍ਹਾਂ ਤੋਂ ਦੂਰ ਚਲੇ ਜਾਂਦੇ ਹਨ ਅਤੇ ਮਾਪਿਆਂ ਨੂੰ 'ਐਂਪਟੀ ਨੈਸਟ ਸਿੰਡਰੋਮ' (Empty Nest Syndrome) ਦਾ ਅਨੁਭਵ ਹੁੰਦਾ ਹੈ।
ਕਾਫ਼ੀ ਲੋਕ ਮਿਡ-ਲਾਈਫ ਵਿੱਚ ਆਪਣਾ ਕਰੀਅਰ ਵੀ ਬਦਲਦੇ ਹਨ ਅਤੇ ਇੱਕ ਨਵੀਂ ਜ਼ਿੰਦਗੀ ਨਾਲ ਤਾਲਮੇਲ ਬਿਠਾਉਣ ਦੀ ਦੌੜ ਵਿੱਚ ਲੱਗ ਜਾਂਦੇ ਹਨ।
ਵਿੱਤੀ ਦਬਾਅ (Financial Pressure) ਵੀ ਇੱਕ ਵੱਡੀ ਵਜ੍ਹਾ ਹੋ ਸਕਦੀ ਹੈ।
ਜੇਕਰ ਕਿਸੇ ਦਾ ਬਚਪਨ ਚੰਗਾ ਨਾ ਰਿਹਾ ਹੋਵੇ, ਤਾਂ ਜਵਾਨੀ/ਅੱਧਖੜ ਉਮਰ ਵਿੱਚ ਇਸ ਦੇ ਨਤੀਜੇ ਨਜ਼ਰ ਆਉਣ ਲੱਗਦੇ ਹਨ।
ਇਸ ਤਰ੍ਹਾਂ ਮਿਲ ਸਕਦੀ ਹੈ ਮਦਦ
ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ।
ਜ਼ਿਆਦਾ ਤੋਂ ਜ਼ਿਆਦਾ ਸਰਗਰਮ (Active) ਰਹੋ।
ਸਮਾਜਿਕ ਗਤੀਵਿਧੀਆਂ (Community) ਵਿੱਚ ਸ਼ਾਮਲ ਹੋਵੋ ਅਤੇ ਆਪਣੇ ਜੀਵਨ ਦਾ ਇੱਕ ਉਦੇਸ਼ ਬਣਾਓ।
ਵਧਦੀ ਉਮਰ ਨੂੰ ਕਮੀ ਵਜੋਂ ਨਹੀਂ, ਬਲਕਿ ਇੱਕ ਸਰਮਾਏ (Asset) ਵਜੋਂ ਦੇਖੋ।
ਖ਼ੁਰਾਕ ਵਿੱਚ ਅਜਿਹੀਆਂ ਤਬਦੀਲੀਆਂ ਕਰੋ ਜੋ ਤੁਹਾਡੀ ਵਧਦੀ ਉਮਰ ਵਿੱਚ ਸਹਾਈ ਹੋਣ।
ਆਪਣੀ ਨੀਂਦ ਪੂਰੀ ਕਰੋ।
ਆਪਣੇ ਦੋਸਤਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਰਹੋ।