ਹੈਲਥ ਡੈਸਕ : Itchy Skin at Night : ਬਹੁਤ ਸਾਰੇ ਲੋਕਾਂ 'ਚ ਰਾਤ ਨੂੰ ਅਕਸਰ ਖਾਰਸ਼ ਹੋਣ ਦੀ ਸਮੱਸਿਆ ਹੁੰਦੀ ਹੈ ਜੋ ਉਨ੍ਹਾਂ ਦੀ ਨੀਂਦ ਖ਼ਰਾਬ ਕਰਦੀ ਹੈ। ਤੁਸੀਂ ਅਕਸਰ ਬੱਚਿਆਂ ਜਾਂ ਵੱਡਿਆਂ 'ਚ ਖਾਰਸ਼ ਕਾਰਨ ਨੀਂਦ ਟੁੱਟਣ ਤੇ ਸਹੀ ਢੰਗ ਨਾਲ ਨਾ ਸੌਂ ਸਕਣ ਦੀ ਸਮੱਸਿਆ ਦੇਖਦੇ ਹੋਵੋਗੇ। ਇਹ ਆਮਤੌਰ 'ਤੇ ਅਗਜ਼ੀਮਾ ਯਾਨੀ ਚਮੜੀ ਸਬੰਧੀ ਰੋਗ ਕਾਰਨ ਹੁੰਦਾ ਹੈ ਕਿਉਂਕਿ ਐਗਜ਼ੀਮਾ ਦੇ ਲੱਛਣ ਅਕਸਰ ਰਾਤ ਨੂੰ ਨਜ਼ਰ ਆਉਂਦੇ ਹਨ ਅਤੇ ਨੀਂਦ 'ਚ ਅੜਿੱਕਾ ਜਾਂ ਦੇਰ ਨਾਲ ਆਉਣ ਸਬੰਧੀ ਸਮੱਸਿਆ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ 'ਚ ਰਾਤ ਨੂੰ ਸੁੱਤੇ ਪਿਆਂ ਖਾਰਸ਼ ਕਈ ਹੋਰ ਕਾਰਨਾਂ ਕਰਕੇ ਵੀ ਹੁੰਦੀ ਹੈ। ਇਸ ਬੇਚੈਨੀ ਕਾਰਨ ਨੀਂਦ ਆਉਣੀ ਮੁਸ਼ਕਲ ਹੋ ਜਾਂਦੀ ਹੈ। ਇਹ ਨੀਂਦ 'ਚ ਖ਼ਲਲ ਪੈਦਾ ਕਰਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਾਤ ਨੂੰ ਖਾਰਸ਼ ਕਿਉਂ ਹੁੰਦੀ ਹੈ, ਖਾਰਸ਼ ਹੋਣ ਦੇ ਕਾਰਨ ਤੇ ਉਪਾਅ।

ਰਾਤ ਨੂੰ ਖਾਰਸ਼ ਕਿਉਂ ਵਧ ਜਾਂਦੀ ਹੈ?

ਰਾਤ ਨੂੰ ਖਾਰਸ਼ ਹੋਣ ਪਿੱਛੇ ਕਈ ਕਾਰਨ ਹਨ ਜਿਸ ਨਾਲ ਰਾਤ ਨੂੰ ਐਗਜ਼ੀਮਾ ਦੇ ਲੱਛਣ ਵੀ ਬਦਤਰ ਮਹਿਸੂਸ ਹੋ ਸਕਦੇ ਹਨ। ਰਾਤ ਨੂੰ ਵਿਅਕਤੀ ਦੇ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ ਜਿਸ ਕਾਰਨ ਚਮੜੀ 'ਚ ਖਾਰਸ਼ ਹੋ ਸਕਦੀ ਹੈ ਜਾਂ ਖਾਰਸ਼ ਵਧ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਸਰੀਰ 'ਤੇ ਮਾਇਸਚਰਾਈਜ਼ਰ ਦਾ ਇਸਤੇਮਾਲ ਕੀਤਾ ਹੈ ਤਾਂ ਰਾਤ ਨੂੰ ਇਸ ਦਾ ਅਸਰ ਘਟ ਜਾਂਦਾ ਹੈ। ਇਸ ਤੋਂ ਇਲਾਵਾ ਚਮੜੀ 'ਚ ਖ਼ੂਨ ਦਾ ਪ੍ਰਵਾਹ ਸ਼ਾਮ ਨੂੰ ਵਧ ਜਾਂਦਾ ਹੈ ਜਿਸ ਨਾਲ ਤੁਹਾਡੀ ਚਮੜੀ ਗਰਮ ਹੋ ਜਾਂਦੀ ਹੈ। ਚਮੜੀ ਦੇ ਤਾਪਮਾਨ 'ਚ ਵਾਧੇ ਨਾਲ ਤੁਸੀਂ ਖਾਰਸ਼ ਮਹਿਸੂਸ ਕਰ ਸਕਦੇ ਹੋ।

ਰਾਤ ਨੂੰ ਖਾਰਸ਼ ਦੇ ਕਾਰਨ

ਰਾਤ ਨੂੰ ਸੁੱਤੇ ਪਿਆਂ ਖਾਰਸ਼ ਹੋਣ ਦੇ ਕਈ ਕਾਰਨ ਹਨ ਜਿਸ ਵਿਚ ਐਗਜ਼ੀਮਾ ਤੋਂ ਇਲਾਵਾ ਕਈ ਹੋਰ ਕਾਰਨ ਹਨ ਜਿਸ ਵਿਚ ਕਈ ਕਾਰਨ ਸ਼ਾਮਲ ਹਨ-

  • ਚਮੜੀ ਰੋਗ ਐਗਜ਼ੀਮਾ, ਸੋਰਾਇਸਿਸ।
  • ਬਿਸਤਰੇ 'ਚ ਕੀਟ-ਪਤੰਗੇ ਜਾਂ ਮੱਛਰ ਦੇ ਕੱਟਣ ਨਾਲ।
  • ਕਿਡਨੀ ਜਾਂ ਲਿਵਰ ਦੀ ਬਿਮਾਰੀ।
  • ਆਇਰਨ ਦੀ ਘਾਟ ਜਾਂ ਐਨੀਮੀਆ।
  • ਖੁਜਲੀ ਜਾਂ ਡਾਇਬਟੀਜ਼।
  • ਦਵਾਈਆਂ, ਖ਼ੁਰਾਕੀ ਪਦਾਰਥਾਂ ਜਾਂ ਬਿਊਟੀ ਪ੍ਰੋਡਕਟਸ ਕਾਰਨ।
  • ਗਰਭ ਅਵਸਥਾ

ਰਾਤ ਨੂੰ ਖਾਰਸ਼ ਕਿਵੇਂ ਘਟਾਈਏ?

ਰਾਤ ਨੂੰ ਖਾਰਸ਼ ਘਟਾਉਣ ਲਈ ਕੁਝ ਆਸਾਨ ਉਪਾਅ ਅਸੀਂ ਇੱਥੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਰਾਤ ਨੂੰ ਖਾਰਸ਼ ਘਟਾਈ ਜਾ ਸਕਦੀ ਹੈ।

ਸੌਣ ਤੋਂ ਪਹਿਲਾਂ ਮਾਇਸਚਰਾਈਜ਼ਰ ਦਾ ਇਸਤੇਮਾਲ

ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਕ ਅਲਕੋਹਲ ਮੁਕਤ ਮਾਇਸਚਰਾਈਜ਼ਰ ਜਾਂ ਇਕ ਮੈਡੀਕੇਟਿਡ ਕ੍ਰੀਮ ਦਾ ਇਸਤੇਮਾਲ ਕਰ ਸਕਦੇ ਹੋ। ਮੈਡੀਕੇਟਿਡ ਕ੍ਰੀਮ ਤੁਸੀਂ ਡਾਕਟਰ ਦੀ ਸਲਾਹ ਨਾਲ ਲਓ। ਇਹ ਤਰੀਕਾ ਤੁਹਾਨੂੰ ਰਾਤ ਨੂੰ ਸੁੱਤੇ ਪਿਆਂ ਹੋਣ ਵਾਲੀ ਖਾਰਸ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰੇਗਾ।

ਸੌਣ ਤੋਂ ਪਹਿਲਾਂ ਹੌਟ ਬਾਥ

ਰਾਤ ਨੂੰ ਖਾਰਸ਼ ਤੋਂ ਬਚਣ ਲਈ ਤੁਸੀਂ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਨਾਲ ਨਹਾ ਲਓ। ਇਹ ਚਮੜੀ ਨੂੰ ਹਾਈਡ੍ਰੇਟਿਡ ਰੱਖਣ ਅਤੇ ਇਨਫੈਕਸ਼ਨ ਨੂੰ ਰੋਕਣ ਲਈ ਜ਼ਰੂਰੀ ਹੈ। ਨਹਾਉਣ ਤੋਂ ਬਾਅਦ ਹਮੇਸ਼ਾ ਚਮੜੀ ਨੂੰ ਮਾਇਸਚਰਾਈਜ਼ ਕਰੋ। ਤੁਸੀਂ ਚਾਹੋ ਤਾਂ ਖਾਰਸ਼ ਤੋਂ ਬਚਣ ਲਈ ਕੋਲਾਈਡਲ ਦਲੀਆ, ਬੇਕਿੰਗ ਸੋਡਾ ਜਾਂ ਸਿਰਕਾ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨਹਾਉਣ ਦੇ ਪਾਣੀ 'ਚ 2 ਕੱਪ ਐੱਪਲ ਸਾਈਡਰ ਵਿਨੇਗਰ ਵੀ ਮਿਲਾ ਸਕਦੇ ਹੋ।

ਨਾਰੀਅਲ ਦੇ ਤੇਲ ਨਾਲ ਮਾਲਸ਼

ਤੁਸੀਂ ਸੌਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਦੀ ਮਾਲਸ਼ ਵੀ ਕਰ ਸਕਦੇ ਹੋ। ਨਾਰੀਅਲ ਤੇਲ 'ਚ ਐਂਟੀ ਇਨਫਲਾਮੇਟਰੀ ਗੁਣ ਹੁੰਦੇ ਹਨ ਜਿਹੜੇ ਚਮੜੀ ਨੂੰ ਸ਼ਾਂਤ ਰੱਖਣ ਅਤੇ ਖਾਰਸ਼ ਦੀ ਸਮੱਸਿਆ ਦੂਰ ਕਰਨ 'ਚ ਮਦਦ ਕਰਦੇ ਹਨ।

ਖੁਰਦਰੇ ਕੱਪੜਿਆਂ ਤੋਂ ਬਚੋ

ਰਾਤ ਨੂੰ ਖਾਰਸ਼ ਤੋਂ ਬਚਣ ਲਈ ਕੋਸ਼ਿਸ਼ ਕਰੋ ਕਿ ਮੁਲਾਇਮ ਕੱਪੜੇ ਹੀ ਪਹਿਨੋ ਅਤੇ ਉੱਨ ਦੇ ਕੱਪੜੇ, ਖੁਰਦਰੇ ਕੱਪੜੇ ਤੇ ਚਾਦਰ ਤੋਂ ਬਚੋ ਕਿਉਂਕਿ ਇਹ ਚਮੜੀ 'ਚ ਖਾਰਸ਼ ਪੈਦਾ ਕਰਦੇ ਹਨ।

ਕਮਰੇ ਨੂੰ ਠੰਢਾ ਰੱਖੋ

ਕਮਰੇ ਦੇ ਤਾਪਮਾਨ ਨੂੰ ਠੰਢਾ ਰੱਖੋ ਕਿਉਂਕਿ ਪਸੀਨਾ ਜਾਂ ਜ਼ਿਆਦਾ ਗਰਮੀ ਚਮੜੀ 'ਚ ਖਾਰਸ਼ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਇਕ ਹਿਊਮੀਡਿਫਾਇਰ ਚਾਲੂ ਕਰੋ। ਉਹ ਤੁਹਾਡੇ ਸੌਣ ਸਮੇਂ ਤੁਹਾਡੇ ਬੈੱਡਰੂਮ 'ਚ ਹਵਾ 'ਚ ਨਮੀ ਜੋੜ ਦੇਵੇਗਾ।

Posted By: Seema Anand