Cancer Causes : ਵਾਰ-ਵਾਰ ਛਾਤੀ 'ਚ ਜਲਣ ਦੀ ਸਮੱਸਿਆ ਵੀ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਦਾ ਸੰਕੇਤ ਹੋ ਸਕਦੀ ਹੈ। ਲਗਾਤਾਰ ਹਾਰਟਬਰਨ ਦੀ ਸਮੱਸਿਆ ਗਲ਼ੇ ਦੇ ਕੈਂਸਰ ਦਾ ਇਕ ਮਹੱਤਵਪੂਰਨ ਸੰਕੇਤ ਹੋ ਸਕਦੀ ਹੈ। ਆਓ ਜਾਣੀਏ ਕਿ ਇਹ ਕਿਵੇਂ ਹੁੰਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਹਾਰਟਬਰਨ ਜਾਂ ਐਸਿਡਿਟੀ ਇਕ ਆਮ ਸਮੱਸਿਆ ਹੈ ਜਿਸਦਾ ਸਾਹਮਣਾ ਜੀਵਨ ਵਿਚ ਲਗਪਗ ਹਰ ਵਿਅਕਤੀ ਨੇ ਕਦੇ ਨਾ ਕਦੇ ਕੀਤਾ ਹੁੰਦਾ ਹੈ। ਆਮ ਤੌਰ 'ਤੇ ਇਸਨੂੰ ਪਾਚਣ ਨਾਲ ਜੁੜੀ ਇਕ ਆਮ ਸਮੱਸਿਆ ਮੰਨਿਆ ਜਾਂਦਾ ਹੈ ਜੋ ਕਿ ਜ਼ਿਆਦਾ ਮਸਾਲੇਦਾਰ ਖਾਣ ਕਾਰਨ ਹੋ ਸਕਦੀ ਹੈ। ਜੇਕਰ ਤੁਹਾਡੇ ਨਾਲ ਇਹ ਸਮੱਸਿਆ ਵਾਰ-ਵਾਰ ਹੋ ਰਹੀ ਹੈ ਤਾਂ ਸਾਵਧਾਨ ਹੋ ਜਾਓ। ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ।
ਹਾਂ, ਵਾਰ-ਵਾਰ ਛਾਤੀ 'ਚ ਜਲਣ ਦੀ ਸਮੱਸਿਆ ਵੀ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਦਾ ਸੰਕੇਤ ਹੋ ਸਕਦੀ ਹੈ। ਲਗਾਤਾਰ ਹਾਰਟਬਰਨ ਦੀ ਸਮੱਸਿਆ ਗਲ਼ੇ ਦੇ ਕੈਂਸਰ ਦਾ ਇਕ ਮਹੱਤਵਪੂਰਨ ਸੰਕੇਤ ਹੋ ਸਕਦੀ ਹੈ। ਆਓ ਜਾਣੀਏ ਕਿ ਇਹ ਕਿਵੇਂ ਹੁੰਦਾ ਹੈ।
ਹਾਰਟਬਰਨ ਅਸਲ ਵਿਚ ਪੇਟ ਦੇ ਐਸਿਡ ਦੇ ਐਸੋਫੈਗਸ ਯਾਨੀ ਫੂਡ ਪਾਈਪ 'ਚ ਵਾਪਸ ਆਉਣ ਕਾਰਨ ਹੁੰਦਾ ਹੈ। ਫੂਡ ਪਾਈਪ ਦੀ ਅੰਦਰੂਨੀ ਪਰਤ ਪੇਟ ਦੇ ਮੁਕਾਬਲੇ ਜ਼ਿਆਦਾ ਨਾਜ਼ੁਕ ਹੁੰਦੀ ਹੈ ਅਤੇ ਐਸਿਡ ਦੇ ਸੰਪਰਕ 'ਚ ਆਉਣ 'ਤੇ ਜਲਣ ਮਹਿਸੂਸ ਹੁੰਦੀ ਹੈ। ਜਦੋਂ ਇਹ ਰਿਫਲਕਸ ਲਗਾਤਾਰ ਤੇ ਲੰਬੇ ਸਮੇਂ ਤਕ ਬਣਿਆ ਰਹਿੰਦਾ ਹੈ ਤਾਂ ਇਸਨੂੰ ਗੈਸਟ੍ਰੋਓਸੋਫੈਗਲ ਰਿਫਲਕਸ ਡਿਜ਼ੀਜ਼ (GERD) ਕਿਹਾ ਜਾਂਦਾ ਹੈ।
ਇੱਥੇ ਹੀ ਕੈਂਸਰ ਦੀ ਸੰਭਾਵਨਾ ਦੀ ਕੜੀ ਸ਼ੁਰੂ ਹੁੰਦੀ ਹੈ। ਜਦੋਂ ਲੰਬੇ ਸਮੇਂ ਤਕ ਐਸਿਡ ਰਿਫਲਕਸ ਬਣਿਆ ਰਹਿੰਦਾ ਹੈ ਤਾਂ ਇਹ ਫੂਡ ਪਾਈਪ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਸਰੀਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਫੂਡ ਪਾਈਪ ਦੀ ਹੇਠਲੀ ਪਰਤ ਦੇ ਸੈੱਲ ਬਦਲਣ ਲੱਗਦੇ ਹਨ, ਤਾਂ ਜੋ ਉਹ ਐਸਿਡ ਨੂੰ ਸਹਿਣ ਕਰ ਸਕਣ।
ਸੈੱਲਾਂ 'ਚ ਹੋਣ ਵਾਲੇ ਇਸ ਬਦਲਾਅ ਨੂੰ 'ਬੈਰੇਟਸ ਐਸੋਫੈਗਸ' ਕਿਹਾ ਜਾਂਦਾ ਹੈ। ਬੈਰੇਟਸ ਐਸੋਫੈਗਸ ਨੂੰ ਐਸੋਫੈਗਲ ਕੈਂਸਰ ਦਾ ਇਕ 'ਪ੍ਰੀ-ਕੈਂਸਰਸ' ਪੜਾਅ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਬੈਰੇਟਸ ਐਸੋਫੈਗਸ ਵਾਲੇ ਹਰ ਵਿਅਕਤੀ ਨੂੰ ਕੈਂਸਰ ਹੋਵੇਗਾ, ਪਰ ਉਨ੍ਹਾਂ ਵਿਚ ਕੈਂਸਰ ਵਿਕਸਿਤ ਹੋਣ ਦਾ ਖ਼ਤਰਾ ਆਮ ਲੋਕਾਂ ਦੇ ਮੁਕਾਬਲੇ ਕਾਫੀ ਵਧ ਜਾਂਦਾ ਹੈ।
- ਵਾਰ-ਵਾਰ ਹੋਣ ਵਾਲਾ ਹਾਰਟਬਰਨ - ਹਫ਼ਤੇ 'ਚ ਦੋ ਜਾਂ ਤਿੰਨ ਵਾਰੀ ਤੋਂ ਵੱਧ ਹਾਰਟਬਰਨ ਹੋਣਾ।
- ਨਿਗਲਣ 'ਚ ਪਰੇਸ਼ਾਨੀ - ਖਾਣਾ ਗਲੇ ਜਾਂ ਛਾਤੀ 'ਚ ਅਟਕਦਾ ਹੋਇਆ ਮਹਿਸੂਸ ਹੋਣਾ।
- ਨਿਗਲਣ ਵਿਚ ਦਰਦ - ਖਾਣਾ ਜਾਂ ਪਾਣੀ ਨਿਗਲਦੇ ਸਮੇਂ ਦਰਦ ਜਾਂ ਚੁਭਣ ਮਹਿਸੂਸ ਹੋਣੀ।
- ਵਜ਼ਨ ਦਾ ਬਿਨਾਂ ਕਾਰਨ ਘਟਣਾ - ਬਿਨਾਂ ਡਾਇਟ ਜਾਂ ਐਕਸਰਸਾਈਜ਼ ਦੇ ਵਜ਼ਨ ਤੇਜ਼ੀ ਨਾਲ ਘਟਣਾ।
- ਉਲਟੀ ਜਾਂ ਮਲ ਵਿਚ ਖ਼ੂਨ ਆਉਣਾ - ਇਹ ਇਕ ਗੰਭੀਰ ਚਿਤਾਵਨੀ ਹੈ।
- ਭੁੱਖ ਨਾ ਲੱਗਣਾ ਤੇ ਲਗਾਤਾਰ ਖਾਂਸੀ - ਖਾਸ ਕਰਕੇ ਰਾਤ ਸਮੇਂ।
- ਆਵਾਜ਼ ਭਾਰੀ ਹੋਣਾ - ਜੇ ਅਜਿਹਾ ਲੰਬੇ ਸਮੇਂ ਤੱਕ ਬਣਿਆ ਰਹੇ।
ਇਹ ਸਮਝਣਾ ਜ਼ਰੂਰੀ ਹੈ ਕਿ ਹਾਰਟਬਰਨ ਦਾ ਮਤਲਬ ਕੈਂਸਰ ਨਹੀਂ ਹੈ। ਜ਼ਿਆਦਾਤਰ ਲੋਕਾਂ 'ਚ ਹਾਰਟਬਰਨ ਇਕ ਆਮ ਅਤੇ ਕੰਟਰੋਲ ਕੀਤੀ ਜਾ ਸਕਣ ਵਾਲੀ ਸਮੱਸਿਆ ਹੈ। ਪਰ ਜੇਕਰ ਹਾਰਟਬਰਨ ਦੀ ਸਮੱਸਿਆ ਪੁਰਾਣੀ, ਲਗਾਤਾਰ ਤੇ ਗੰਭੀਰ ਹੈ, ਅਤੇ ਫੂਡ ਪਾਈਪ ਦੇ ਕੈਂਸਰ ਦੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਇਸਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।