ਕਾਫ਼ੀ ਸਮੇਂ ਤਕ ਵਿਅਕਤੀ ਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲਗਦਾ। ਫਿਰ ਹੌਲੀ-ਹੌਲੀ ਕੁਝ ਲੱਛਣ ਸਾਹਮਣੇ ਆਉਣ ਲਗਦੇ ਹਨ, ਜਿਵੇਂ ਸਿਰਦਰਦ, ਚੱਕਰ ਆਉਣਾ, ਸਾਹ ਦੀ ਤਕਲੀਫ਼, ਨੀਂਦ ਨਾ ਆਉਣਾ

ਹਾਈ ਬਲੱਡ ਪ੍ਰੈਸ਼ਰ ਦਾ ਨਾਂ ਸੁਣਦਿਆਂ ਹੀ ਸਾਡੇ ਸਾਰਿਆਂ ਦੇ ਕੰਨ ਖੜ੍ਹੇ ਹੋ ਜਾਂਦੇ ਹਨ। ਆਮ ਜਿਹੀ ਸਮਝੀ ਜਾਣ ਵਾਲੀ ਇਹ ਬਿਮਾਰੀ ਕਦੋਂ ਜਾਨਲੇਵਾ ਸਾਬਿਤ ਹੋ ਜਾਂਦੀ ਹੈ, ਇਸ ਦਾ ਪਤਾ ਹੀ ਨਹੀਂ ਲਗਦਾ। ਪੂਰੇ ਵਿਸ਼ਵ 'ਚ ਲਗਪਗ ਇਕ ਅਰਬ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਅਮਰੀਕਾ 'ਚ ਹਰ ਤੀਸਰਾ ਵਿਅਕਤੀ ਇਸ ਤੋਂ ਪੀੜਤ ਹੈ। ਕੈਲੇਫੋਰਨੀਆ 'ਚ 25 ਫ਼ੀਸਦੀ ਔਰਤਾਂ ਇਸ ਸਮੱਸਿਆ ਨਾਲ ਜੂਝ ਰਹੀਆਂ ਹਨ। ਇੰਡੀਆ 'ਚ ਵੀ 2.3 ਮਿਲੀਅਨ ਔਰਤਾਂ ਹਰ ਸਾਲ ਦਿਲ ਨਾਲ ਸਬੰਧਤ ਰੋਗਾਂ ਕਾਰਨ ਮੌਤ ਦੇ ਮੂੰਹ 'ਚ ਚਲੀਆਂ ਜਾਂਦੀਆਂ ਹਨ। ਇਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ, ਜੋ ਅੱਜ ਦੇ ਸਮੇਂ ਦੀ ਖ਼ਤਰਨਾਕ ਬਿਮਾਰੀ ਹੈ ਕਿਉਂਕਿ ਇਸ ਦਾ ਕੋਈ ਲੱਛਣ ਸਾਹਮਣੇ ਨਹੀਂ ਆਉਂਦੇ।
ਲੱਛਣ
ਕਾਫ਼ੀ ਸਮੇਂ ਤਕ ਵਿਅਕਤੀ ਨੂੰ ਇਸ ਬਿਮਾਰੀ ਬਾਰੇ ਪਤਾ ਹੀ ਨਹੀਂ ਲਗਦਾ। ਫਿਰ ਹੌਲੀ-ਹੌਲੀ ਕੁਝ ਲੱਛਣ ਸਾਹਮਣੇ ਆਉਣ ਲਗਦੇ ਹਨ, ਜਿਵੇਂ ਸਿਰਦਰਦ, ਚੱਕਰ ਆਉਣਾ, ਕਮਜ਼ੋਰੀ, ਸਾਹ ਦੀ ਤਕਲੀਫ਼, ਨੀਂਦ ਨਾ ਆਉਣਾ, ਨੱਕ 'ਚੋਂ ਖ਼ੂਨ ਵਗਣਾ ਜਾਂ ਹਾਰਟ ਅਟੈਕ, ਸਟ੍ਰੋਕ, ਕਿਡਨੀ ਦਾ ਫੇਲ੍ਹ ਹੋਣਾ ਆਦਿ। ਵਿਸ਼ਵ ਸਿਹਤ ਸੰਸਥਾ ਅਨੁਸਾਰ ਬਿਠਾ ਕੇ ਚੈੱਕ ਕੀਤਾ ਗਿਆ ਬਲੱਡ ਪ੍ਰੈਸ਼ਰ ਹੀ ਸਹੀ ਹੁੰਦਾ ਹੈ ਤੇ ਇਹ ਹਮੇਸ਼ਾ ਖੱਬੀ ਬਾਂਹ ਦਾ ਹੀ ਲੈਣਾ ਚਾਹੀਦਾ ਹੈ।
ਹਾਈਪਰਟੈਂਸ਼ਨ
ਆਮ ਤੌਰ 'ਤੇ ਅਸੀਂ ਹਾਈਪ੍ਰਟੈਂਸ਼ਨ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ ਪਰ ਇਸ ਦਾ ਇਲਾਜ ਜ਼ਰੂਰੀ ਹੈ। ਹਾਈਪ੍ਰਟੈਂਸ਼ਨ ਦਾ ਇਲਾਜ ਸੰਭਵ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਕਈ ਤਰਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ, ਜਿਵੇਂ ਦਿਲ ਦਾ ਆਕਾਰ ਵਧ ਜਾਣਾ, ਜੋ ਹਾਰਟ ਫੇਲ੍ਹ ਹੋਣ ਦਾ ਕਾਰਨ ਬਣਦਾ ਹੈ। ਬਲੱਡ ਵੈੱਸਲਜ਼ 'ਚ ਛੋਟੇ ਥੱਕੇ ਬਣ ਜਾਣਾ, ਦਿਮਾਗ਼, ਲੱਤਾਂ, ਅੰਤੜੀਆਂ, ਤਿੱਲੀ ਅਤੇ ਗਿਰਦਿਆਂ ਦੀਆਂ ਆਰਟਰੀਜ਼ ਦਾ ਤੰਗ ਹੋ ਜਾਣਾ, ਜੋ ਗੁਰਦਿਆਂ ਦੇ ਫੇਲ੍ਹ ਹੋਣ, ਹਾਰਟ ਅਟੈਕ, ਸਟ੍ਰੋਕ ਆਦਿ ਦਾ ਕਾਰਨ ਬਣਦਾ ਹੈ।
ਬਲੱਡ ਪ੍ਰੈਸ਼ਰ ਵਧਣ ਦੇ ਕਾਰਨ
ਸਾਡੀ ਆਧੁਨਿਕ ਜੀਵਨਸ਼ੈਲੀ 'ਚ ਗ਼ਲਤ ਤਰੀਕੇ ਦਾ ਖਾਣ-ਪੀਣ, ਤਣਾਅ, ਜ਼ਿਆਦਾ ਬੋਲਣਾ, ਉਤੇਜਨਾ, ਕੋਲੈਸਟਰੋਲ, ਜ਼ਿਆਦਾ ਚਰਬੀ, ਚਾਹ-ਕੌਫੀ ਜਾਂ ਉਤੇਜਕ ਪੀਣਯੋਗ ਪਦਾਰਥ, ਸ਼ਰਾਬ, ਸਿਗਰਟ, ਮੋਟਾਪਾ, ਸ਼ੂਗਰ, ਗੁਰਦੇ ਦੀ ਖ਼ਰਾਬੀ, ਤਲ਼ੇ ਹੋਏ ਅਤੇ ਮਿਰਚ ਮਸਾਲੇ ਵਾਲੇ ਭੋਜਨ, ਜ਼ਿਆਦਾ ਦਵਾਈਆਂ ਦਾ ਇਸਤੇਮਾਲ, ਜੰਕ ਫੂਡ, ਮੈਦਾ, ਮਿਠਾਈਆਂ, ਜ਼ਰੂਰਤ ਤੋਂ ਜਿਆਦਾ ਖਾਣਾ, ਚਿੰਤਾ, ਗੁੱਸਾ, ਡਰ, ਮਾਨਸਿਕ ਰੋਗ, ਪੇਟ ਅਤੇ ਪਿਸ਼ਾਬ ਦੀ ਪੁਰਾਣੀ ਬਿਮਾਰੀ ਹੋਣਾ ਆਦਿ ਬੱਲਡ ਪ੍ਰੈਸ਼ਰ ਵਧਣ ਦੇ ਕਾਰਨ ਹਨ।
ਜਦੋਂ ਕੋਈ ਵਿਅਕਤੀ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਨੂੰ ਜ਼ਿਆਦਾਤਰ ਨਾਈਟ੍ਰੇਟ ਯੁਕਤ ਦਵਾਈ ਖਾਣ ਨੂੰ ਦਿੱਤੀ ਜਾਂਦੀ ਹੈ, ਜੋ ਦਿਲ ਦੀਆਂ ਧਮਣੀਆਂ ਖੋਲ੍ਹ ਦਿੰਦੀ ਹੈ, ਇਸ ਤਰ੍ਹਾਂ ਵਧਿਆ ਹੋਇਆ ਦਬਾਅ ਨਾਰਮਲ ਹੋ ਜਾਂਦਾ ਹੈ ਪਰ ਇਹ ਦਵਾਈ ਆਰਟਰੀਜ਼ ਵਿਚਲੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜੋ ਕੁਦਰਤੀ ਤਰੀਕੇ ਨਾਲ ਖ਼ੂਨ ਦੇ ਦਬਾਅ ਨੂੰ ਕੰਟਰੋਲ ਕਰਦੇ ਹਨ। ਨਾਈਟ੍ਰਿਕ ਆਕਸਾਈਡ ਅਣੂ ਦੀ ਖੋਜ ਦਵਾਈਆਂ ਦੀ ਦੁਨੀਆ 'ਚ ਕ੍ਰਾਂਤੀਕਾਰੀ ਸਾਬਿਤ ਹੋਈ ਹੈ। ਨਾਈਟ੍ਰਿਕ ਆਕਸਾਈਡ ਇਕ ਤਰ੍ਹਾਂ ਦੀ ਗੈਸ ਹੈ, ਜੋ ਸਰੀਰ ਦੁਆਰਾ ਹੀ ਪੈਦਾ ਕੀਤੀ ਜਾਂਦੀ ਹੈ। ਜਿੰਨੀ ਜ਼ਿਆਦਾ ਇਹ ਪੈਦਾ ਹੋਵੇਗੀ, ਓਨਾਂ ਹੀ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ। ਦਿਲ 'ਚ ਸਥਿਤ ਧਮਣੀਆਂ ਦੀਆਂ ਦੀਵਾਰਾਂ 'ਚ ਐਂਡੋਥੀਲੀਅਲ ਸੈੱਲ ਹੁੰਦੇ ਹਨ, ਜੋ ਨਾਈਟ੍ਰਿਕ ਆਕਸਾਈਡ ਪੈਦਾ ਕਰਦੇ ਹਨ। ਇਹ ਗੈਸ ਧਮਣੀਆਂ ਦੇ ਪੱਠਿਆਂ ਦੇ ਸੈੱਲਾਂ ਨੂੰ ਕੁਦਰਤੀ ਤਰੀਕੇ ਨਾਲ ਸੁੰਗੜਨ ਅਤੇ ਫੈਲਣ ਦਾ ਸਿਗਨਲ ਭੇਜਦੀ ਹੈ, ਜਿਸ ਨਾਲ ਖ਼ੂਨ ਦਾ ਦਬਾਅ ਨਿਯਮਿਤ ਰਹਿੰਦਾ ਹੈ। ਖ਼ੂਨ ਅਤੇ ਆਕਸੀਜਨ ਦੇ ਵਹਾਅ 'ਚ ਵੀ ਵਾਧਾ ਹੁੰਦਾ ਹੈ। ਡਾਕਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਨਾਈਟ੍ਰੇਟ ਤੇ ਹੋਰ ਦਵਾਈਆਂ ਇਨ੍ਹਾਂ ਐਂਡੋਥੀਲੀਅਲ ਸੈੱਲਜ਼ ਅਤੇ ਸਰੀਰ ਦੀ ਕੁਦਰਤੀ ਤਰੀਕੇ ਨਾਲ ਖ਼ੂਨ ਦੇ ਦਬਾਅ ਨੂੰ ਨਿਯਮਿਤ ਕਰਨ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਨਾਈਟ੍ਰਿਕ ਆਕਸਾਈਡ ਤੱਤ ਵਾਲੇ ਖ਼ੁਰਾਕੀ ਪਦਾਰਥ
ਐੱਲ ਆਰਗੀਨਾਈਨ : ਇਹ ਇਕ ਅਜਿਹਾ ਅਮੀਨੋ ਐਸਿਡ ਹੈ, ਜੋ ਨਾਈਟ੍ਰਿਕ ਆਕਸਾਈਡ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਆਰਗੈਨਿਕ ਡੇਅਰੀ, ਮੂੰਗਫਲੀ, ਅਖਰੋਟ ਤੇ ਕੁਝ ਮਾਤਰਾ 'ਚ ਚਾਕਲੇਟ ਵਿਚ ਹੁੰਦਾ ਹੈ।
ਐਂਟੀ ਆਕਸੀਡੈਂਟ ਯੁਕਤ ਕੋਕੋਆ : ਕੋਕੋਆ ਕਈ ਤਰ੍ਹਾਂ ਨਾਲ ਸਰੀਰ ਲਈ ਲਾਭਦਾਇਕ ਹੈ। ਕੋਕੋਆ ਵਿਚਲੇ ਫਲੈਵੋਨਾਈਡਜ਼ ਧਮਣੀਆਂ ਵਿਚਲੇ ਐਂਡੋਥੀਲੀਅਲ ਸੈੱਲਜ਼ ਨੂੰ ਨਾਈਟ੍ਰਿਕ ਆਕਸਾਈਡ ਪੈਦਾ ਕਰਨ ਲਈ ਐਕਟੀਵੇਟ ਕਰਦੇ ਹਨ। ਗੈਨੋਡਰਮਾ ਅਤੇ ਕੋਕੋਆ ਯੁਕਤ ਕੋਕੋਜ਼ੀ ਇਕ ਵਧੀਆ ਹੈੱਲਥ ਡਰਿੰਕ ਹੈ।
ਮੈਗਨੀਸ਼ੀਅਮ : ਮੈਗਨੀਸ਼ੀਅਮ ਲਹੂ ਦੇ ਕਣਾਂ ਨੂੰ ਟੋਨ ਕਰ ਕੇ ਧਮਣੀਆਂ ਨੂੰ ਲਚਕਦਾਰ ਬਣਾਈ ਰੱਖਦਾ ਹੈ। ਇਹ ਖ਼ੂਨ ਦੇ ਇਕਸਾਰ ਵਹਾਅ ਨੂੰ ਨਿਯਮਤ ਬਣਾਈ ਰੱਖਦਾ ਹੈ। ਇਸ ਨੂੰ ਜੇ ਵਿਟਾਮਿਨ ਬੀ-6 ਨਾਲ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਹੈ।
ਛੋਥ-10 : ਇਹ ਇਕ ਤਰ੍ਹਾਂ ਦਾ ਕੋ-ਐਨਜ਼ਾਈਮ ਹੈ, ਜੋ ਚਰਬੀ 'ਚ ਘੁਲਣਸ਼ੀਲ ਹੁੰਦਾ ਹੈ। ਇਹ ਲਹੂ ਦੇ ਕਣਾਂ ਵਿਚਲੇ ਫੈਟ ਨੂੰ ਘੱਟ ਕਰ ਕੇ ਫਰੀ ਰੈਡੀਕਲਜ਼ ਨੂੰ ਖ਼ਤਮ ਕਰਦਾ ਹੈ। 50 ਫ਼ੀਸਦੀ ਮਰੀਜ਼ ਤਾਂ ਸਿਰਫ ਇਹ ਐਨਜ਼ਾਈਮ ਲੈਣ ਨਾਲ ਹੀ ਹਾਈਪ੍ਰਟੈਂਸ਼ਨ ਤੋਂ ਛੁਟਕਾਰਾ ਪਾ ਲੈਂਦੇ ਹਨ।
ਐੱਲ ਕਾਰਨੀਟਾਈਨ : ਹਰ ਤਰ੍ਹਾਂ ਦਾ ਜੀਵਨ ਸੈੱਲਾਂ ਵਿਚ ਸਥਿਤ ਕਾਰਨੀਟਾਈਨ ਦੀ ਊਰਜਾ ਦੀ ਉਪਜ 'ਤੇ ਨਿਰਭਰ ਕਰਦਾ ਹੈ। ਤੁਹਾਡੇ ਦਿਲ ਵਿਚ ਵੀ ਇਹ ਧਮਣੀਆਂ 'ਚ ਬਣੇ ਹੋਏ ਪਲੇਕ ਨੂੰ ਖ਼ਤਮ ਕਰਦਾ ਹੈ। ਇਸ ਤੋਂ ਇਲਾਵਾ ਇਹ ਐੱਲਡੀਐੱਲ ਨੂੰ ਘੱਟ ਕਰ ਕੇ ਵਧੀਆ ਕੋਲੈਸਟਰੋਲ ਨੂੰ ਵਧਾਉਂਦਾ ਹੈ। ਇਹ ਰੈੱਡ ਮੀਟ ਅਤੇ ਆਰਗੈਨਿਕ ਡੇਅਰੀ ਪਦਾਰਥਾਂ 'ਚ ਪਾਇਆ ਜਾਂਦਾ ਹੈ ਜਾਂ ਫਿਰ ਸਪਲੀਮੈਂਟ ਦੇ ਤੌਰ 'ਤੇ ਲਿਆ ਜਾ ਸਕਦਾ ਹੈ।
ਗੈਨੋਡਰਮਾ: ਨਿਯਮਿਤ ਤੌਰ 'ਤੇ ਇਸ ਦਾ ਇਸਤੇਮਾਲ ਕਰਨ ਵਾਲੇ ਨੂੰ ਦਿਲ ਦੀ ਕਦੇ ਕੋਈ ਤਕਲੀਫ਼ ਤੰਗ ਨਹੀਂ ਕਰਦੀ। ਇਸੇ ਲਈ ਇਸ ਨੂੰ 'ਕਿੰਗ ਆਫ ਹਰਬ' ਕਿਹਾ ਜਾਂਦਾ ਹੈ।
ਕਸਰਤ : 15-20 ਮਿੰਟ ਕਸਰਤ ਕਰਨ ਨਾਲ ਸਰੀਰ 'ਚ ਨਾਈਟ੍ਰਿਕ ਆਕਸਾਈਡ ਸਿੰਥੇਸ-ਐਨਜ਼ਾਈਮ ਵਿਚ ਵਾਧਾ ਹੁੰਦਾ ਹੈ, ਜੋ ਨਾਇਟ੍ਰਿਕ ਆਕਸਾਈਡ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਦਾ ਹੈ।
ਵਿਟਾਮਿਨ ਸੀ ਤੇ ਈ : ਇਹ ਨਿਊਟ੍ਰੀਐਂਟ ਸਰੀਰ 'ਚ ਨਾਈਟ੍ਰਿਕ ਆਕਸਾਈਡ ਦੇ ਲੈਵਲ ਨੂੰ ਸੋਖ ਕੇ ਰੱਖਦੇ ਹਨ। ਖੱਟੇ ਫਲ, ਬਰੋਕਲੀ, ਬਲਿਊਬੇਰੀ, ਸੂਰਜਮੁਖੀ ਦੇ ਬੀਜ, ਬਦਾਮ, ਅਖਰੋਟ, ਅੰਬ, ਨਾਰੀਅਲ ਦਾ ਤੇਲ, ਟਮਾਟਰ ਅਤੇ ਹਰੇ ਪੱਤੇਦਾਰ ਸਬਜ਼ੀਆਂ ਆਦਿ ਇਸ ਦੇ ਮੁੱਖ ਸਰੋਤ ਹਨ। ਅੰਗੂਰ ਦੇ ਬੀਜਾਂ ਦਾ ਸਤ ਵੀ ਨਾਈਟ੍ਰਿਕ ਆਕਸਾਈਡ ਦੀ ਉਪਜ ਨੂੰ ਉਤਸ਼ਾਹਿਤ ਕਰਦਾ ਹੈ।
ਖ਼ੂਨ ਨੂੰ ਪਤਲਾ ਕਰਨ ਵਾਲੇ ਭੋਜਨ ਪਦਾਰਥ : ਅਦਰਕ, ਲਸਣ, ਲਾਲ ਮਿਰਚ, ਹਲਦੀ, ਲਿਕੋਰਾਈਸ, ਪਿਪਰਮਿੰਟ, ਕੜ੍ਹੀ ਪਾਊਡਰ, ਪਪਰੀਕਾ, ਸਿਰਕਾ, ਸ਼ਹਿਦ, ਬਰੋਕਲੀ, ਐਵੋਕੇਡਸ, ਗੋਭੀ ਆਦਿ।
ਹਾਈਪ੍ਰਟੈਂਸ਼ਨ ਘੱਟ ਕਰਨ ਵਾਲੇ ਖਾਧ ਪਦਾਰਥ : ਗਾਜਰ, ਔਲਾ, ਕੱਦੂ, ਘੀਆ, ਚੁਕੰਦਰ, ਮੇਥੀ, ਦਹੀਂ, ਸੁਪਾਰੀ, ਚੋਕਰ ਵਾਲਾ ਆਟਾ, ਮੋਰਿੰਜੀ ਜੂਸ, ਮੂਲੀ, ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਆਦਿ।
ਜੂਸ : ਟਮਾਟਰ, ਅਨਾਰ, ਸੰਤਰਾ, ਪਪੀਤਾ, ਨਿੰਬੂ, ਚੁਕੰਦਰ, ਲਸਣ, ਵ੍ਹੀਟ ਗਰਾਸ ਜੂਸ ਆਦਿ।
ਪਰਹੇਜ਼
ਚਾਹ, ਤਲੀਆਂ ਚੀਜ਼ਾਂ, ਕੌਫੀ, ਸਿਗਰਟ, ਸ਼ਰਾਬ, ਮਾਸਾਹਾਰੀ ਚੀਜ਼ਾਂ, ਡੇਅਰੀ ਪ੍ਰੋਡਕਟਸ, ਮਿਠਾਈਆਂ, ਬੇਕਰੀ, ਸੋਇਆਬੀਨ, ਤੇਜ਼ ਮਸਾਲੇ ਅਤੇ ਡੱਬਾਬੰਦ ਫਾਸਟ ਫੂਡ ਆਦਿ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
- ਡਾ. ਹਰਿੰਦਰਪਾਲ ਸਿੰਘ