Gluten Free Atta : ਭਾਰਤੀ ਰਸੋਈ 'ਚ ਰੋਟੀ ਜ਼ਿਆਦਾ ਤੋਂ ਜ਼ਿਆਦਾ ਬਣਨ ਵਾਲੇ ਭੋਜਨ 'ਚੋਂ ਇਕ ਹੈ। ਕਣਕ ਦੀਆਂ ਬਣੀਆਂ ਰੋਟੀਆਂ ਤਾਂ ਸਾਰਾ ਸਾਲ ਖਾਧੀਆਂ ਜਾਂਦੀਆਂ ਹਨ ਪਰ ਸਰਦੀਆਂ ਵਿਚ ਲੋਕਾਂ ਦਾ ਮੂਡ ਤੇ ਸਵਾਦ ਦੋਵੇਂ ਹੀ ਬਦਲ ਜਾਂਦੇ ਹਨ। ਇਸ ਸਮੇਂ ਦੌਰਾਨ ਉੱਤਰੀ ਭਾਰਤ 'ਚ ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ, ਮਿੱਸੀ ਰੋਟੀ, ਬਾਥੂ ਦੀ ਰੋਟੀ ਜਾਂ ਪਰਾਂਠੇ ਦਾ ਆਨੰਦ ਲਿਆ ਜਾਂਦਾ ਹੈ। ਹਾਲਾਂਕਿ, ਕੁਝ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਕਾਰਨ ਗਲੂਟਨ ਮੁਕਤ ਆਟੇ ਦੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ। ਵੈਸੇ, ਮਾਰਕੀਟ 'ਚ ਕਈ ਤਰ੍ਹਾਂ ਦੇ ਗਲੂਟਨ ਮੁਕਤ ਆਟੇ ਦੇ ਬ੍ਰਾਂਡ ਉਪਲਬਧ ਹਨ। ਪਰ ਤੁਸੀਂ ਆਪਣੀ ਡਾਈਟ 'ਚ ਪਾਣੀ ਦੀ ਸੰਘਾੜੇ ਦੇ ਆਟੇ ਦੀ ਰੋਟੀ ਨੂੰ ਸ਼ਾਮਲ ਕਰ ਸਕਦੇ ਹੋ ਜੋ ਘਰੇਲੂ ਰੂਪ 'ਚ ਗਲੂਟਨ ਫ੍ਰੀ ਆਟੇ ਦਾ ਕੰਮ ਕਰੇਗਾ।
ਵਾਟਰ ਚੈਸਟਨਟ ਤਲਾਬਾਂ 'ਚ ਉਗਾਇਆ ਜਾਣ ਵਾਲਾ ਇਕ ਫਲ ਹੈ। ਇਸਦੇ ਸਮੁੱਚੇ ਪੌਸ਼ਟਿਕ ਮੁੱਲ ਤੇ ਗੁਣਾਂ ਕਾਰਨ, ਸੰਘਾੜਾ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਸੰਘਾੜੇ ਦੇ ਫਾਇਦਿਆਂ ਬਾਰੇ ਤੇ ਇਸ ਦੇ ਆਟੇ ਦੀ ਰੋਟੀ ਨੂੰ ਸਿਹਤਮੰਦ ਤਰੀਕੇ ਨਾਲ ਬਣਾਉਣ ਬਾਰੇ।
ਜਾਣੋ ਸਰਦੀਆਂ 'ਚ ਸੰਘਾੜੇ ਜਾਂ ਸੰਘਾੜੇ ਦੀ ਰੋਟੀ ਦੇ 5 ਫਾਇਦੇ-
1. ਭਾਰ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ
ਤੁਹਾਡੀ ਖੁਰਾਕ 'ਚ ਅਨੁਕੂਲ ਫਾਈਬਰ ਹੋਣਾ ਤੇ ਘੱਟ ਕੈਲੋਰੀ ਖਾਣਾ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਫਾਈਬਰ ਨਾਲ ਭਰਪੂਰ ਭੋਜਨਾਂ ਦਾ ਸੇਵਨ ਲੰਬੇ ਸਮੇਂ ਲਈ ਪੇਟ ਭਰਿਆ ਮਹਿਸੂਸ ਕਰਨ ਵਿਚ ਮਦਦ ਕਰਦਾ ਹੈ। ਉੱਚ ਫਾਈਬਰ ਸ਼ੱਕਰ ਤੇ ਭੋਜਨ ਦੇ ਅਵਸ਼ੋਸ਼ਣ 'ਚ ਦੇਰੀ ਲਈ ਵੀ ਜਾਣਿਆ ਜਾਂਦਾ ਹੈ। ਇਹ ਸਾਰੇ ਲਾਭ ਇਕ ਸਿਹਤਮੰਦ ਸਰੀਰ ਦੇ ਭਾਰ ਵਿੱਚ ਯੋਗਦਾਨ ਪਾ ਸਕਦੇ ਹਨ।
2. ਰੋਗ-ਪ੍ਰਤੀਰੋਧਕ ਸਮਰੱਥਾ 'ਚ ਸੁਧਾਰ
ਸੰਘਾੜੇ 'ਚ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ6, ਰਿਬੋਫਲੇਵਿਨ ਤੇ ਕੌਪਰ ਸਮੇਤ ਭਰਪੂਰ ਗੁਣ ਹੁੰਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਇਕ ਮਜ਼ਬੂਤ ਇਮਿਊਨ ਸਿਸਟਮ ਬਣਾਉਣ ਵਿਚ ਮਦਦ ਕਰ ਸਕਦੇ ਹਨ, ਲਾਗ ਨੂੰ ਰੋਕ ਸਕਦੇ ਹਨ। ਜਿਸ ਕਾਰਨ ਤੁਸੀਂ ਬਿਮਾਰ ਘੱਟ ਹੋਵੋਗੇ।
3. ਪਾਚਨ ਸ਼ਕਤੀ ਵਧਾਉਂਦਾ
ਫਾਈਬਰ ਦੀ ਚੰਗੀ ਮਾਤਰਾ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰ ਸਕਦੀ ਹੈ। ਫਾਈਬਰ ਦੇ ਸੇਵਨ ਨਾਲ ਕਬਜ਼ ਤੇ ਇਰੀਟੇਬਲ ਬਾਉਲ ਸਿੰਡਰੋਮ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
4. ਤਣਾਅ ਘਟਾਵੇ
ਤਣਾਅ ਦੀ ਸਮੱਸਿਆ ਲੋਕਾਂ 'ਚ ਬਹੁਤ ਆਮ ਹੋ ਗਈ ਹੈ। ਆਪਣੀ ਖੁਰਾਕ 'ਚ ਸੰਘਾੜੇ ਨੂੰ ਸ਼ਾਮਲ ਕਰਨ ਨਾਲ ਤਣਾਅ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ, ਇਹ ਸਭ ਵਿਟਾਮਿਨ ਬੀ 6 ਦੇ ਕਾਰਨ ਹੈ ਜੋ ਮੂਡ ਬੂਸਟਰ ਵਜੋਂ ਜਾਣਿਆ ਜਾਂਦਾ ਹੈ ਅਤੇ ਸੰਘਾੜੇ 'ਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
5. ਕੋਲੈਸਟ੍ਰੋਲ ਲਈ ਚੰਗਾ
ਖੂਨ ਵਿੱਚ ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਹ ਕੋਲੈਸਟ੍ਰੋਲ ਖੂਨ ਦੀਆਂ ਨਾੜਾਂ 'ਚ ਜਮ੍ਹਾ ਹੋ ਸਕਦਾ ਹੈ ਤੇ ਦਿਲ ਦੇ ਦੌਰੇ ਦੇ ਜੋਖ਼ਮ ਨੂੰ ਵਧਾ ਸਕਦਾ ਹੈ। ਸੰਘਾੜੇ 'ਚ ਉੱਚ ਫਾਈਬਰ ਸਮੱਗਰੀ ਤੁਹਾਡੇ ਖੂਨ 'ਚ ਕੋਲੇਸਟ੍ਰੋਲ ਨੂੰ ਘਟਾਉਣ ਤੇ ਦਿਲ ਦੀਆਂ ਸਮੱਸਿਆਵਾਂ ਦੇ ਤੁਹਾਡੇ ਜੋਖ਼ਮ ਨੂੰ ਘਟਾਉਣ ਵਿਚ ਮਦਦ ਕਰ ਸਕਦੇ ਹਨ।
ਸਰਦੀਆਂ ਦੇ ਮੌਸਮ 'ਚ ਇਸ ਤਰ੍ਹਾਂ ਬਣਾਓ ਸੰਘਾੜੇ ਦੇ ਆਟੇ ਦੀ ਰੋਟੀ-
ਸਮੱਗਰੀ
ਅੱਧਾ ਕੱਪ ਸੰਘਾੜੇ ਦਾ ਆਟਾ
ਇੱਕ ਮੱਧਮ ਆਲੂ
50 ਗ੍ਰਾਮ ਪਨੀਰ
1 ਹਰੀ ਮਿਰਚ
1 ਚਮਚ ਧਨੀਆ ਪੱਤੇ
ਰਾਕ ਸਾਲਟ
ਬਨਸਪਤੀ ਤੇਲ
ਲੋੜ ਅਨੁਸਾਰ ਗਰਮ ਪਾਣੀ
ਪ੍ਰਕਿਰਿਆ
ਸਟੈੱਪ 1: ਆਲੂਆਂ ਨੂੰ ਉਬਾਲੋ, ਫਿਰ ਉਨ੍ਹਾਂ ਨੂੰ ਛਿੱਲ ਕੇ ਮੈਸ਼ ਕਰੋ।
ਸਟੈੱਪ 2: ਇਕ ਭਾਂਡੇ 'ਚ ਆਲੂ, ਪਨੀਰ, ਨਮਕ, ਧਨੀਆ ਅਤੇ ਹਰੀ ਮਿਰਚ ਨੂੰ ਸੰਘਾੜਿਆਂ ਦੇ ਆਟੇ 'ਚ ਮਿਲਾਓ, ਸ਼ੁਰੂ ਵਿੱਚ ਪਾਣੀ ਨਾ ਪਾਓ, ਆਟੇ ਨੂੰ ਚੰਗੀ ਤਰ੍ਹਾਂ ਗੁਨ੍ਹੋ।
ਸਟੈੱਪ 3: ਇਕ ਮੱਧਮ ਆਕਾਰ ਦਾ ਪੇੜਾ ਲਓ ਤੇ ਇਸਨੂੰ ਰੋਲ ਕਰੋ।
ਸਟੈੱਪ 4: ਫਿਰ ਇਸਨੂੰ ਗਰਮ ਤਵੇ 'ਤੇ ਰੱਖੋ। ਕੁਝ ਮਿੰਟ ਲਈ ਪਕਾਉ।
ਸਟੈੱਪ 5: ਹੁਣ ਰੋਟੀ ਖਾਣ ਲਈ ਤਿਆਰ ਹੈ। ਇਸ ਨੂੰ ਆਲੂ ਪਨੀਰ ਜਾਂ ਦਹੀਂ ਨਾਲ ਪਰੋਸੋ।
Posted By: Seema Anand