ਫਰੋਜ਼ਨ ਸ਼ੋਲਡਰ ਦੌਰਾਨ ਮੋਢੇ ਦੀਆਂ ਹੱਡੀਆਂ ਨੂੰ ਘੁਮਾਉਣਾ ਮੁਸ਼ਕਲ ਹੋ ਜਾਂਦਾ ਹੈ। ਮੈਡੀਕਲ ਭਾਸ਼ਾ 'ਚ ਇਸ ਦਰਦ ਨੂੰ 'ਐਡਹੈਸਿਵ ਕੈਪਸੂਲਾਇਟਿਸ' ਆਖਦੇ ਹਨ।

ਆਧੁਨਿਕ ਜੀਵਨਸ਼ੈਲੀ ਨੇ ਸਿਹਤ ਨੂੰ ਕਈ ਪੱਧਰ 'ਤੇ ਨੁਕਸਾਨ ਪਹੁੰਚਾਇਆ ਹੈ। ਸਿਹਤ ਪ੍ਰਤੀ ਲਾਪਰਵਾਹੀ ਕਾਰਨ ਪਿੱਠ, ਕਮਰ, ਗਰਦਨ ਅਤੇ ਮੋਢਿਆਂ ਦੇ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਫਰੋਜ਼ਨ ਸ਼ੋਲਡਰ ਵੀ ਅਜਿਹੀ ਹੀ ਸਮੱਸਿਆ ਹੈ। ਅੰਕੜੇ ਦੱਸਦੇ ਹਨ ਕਿ ਭਾਰਤ 'ਚ ਲਗਪਗ 58 ਲੱਖ ਲੋਕ ਗਰਦਨ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਲੰਮੇ ਸਮੇਂ ਤਕ ਕੰਪਿਊਟਰ ਅੱਗੇ ਬੈਠਣਾ, ਸੈਰ ਤੇ ਕਸਰਤ ਲਈ ਸਮਾਂ ਨਾ ਕੱਢਣਾ। ਪੂਰਾ ਦਿਨ ਇੱਕੋ ਤਰੀਕੇ ਨਾਲ ਬੈਠੇ ਰਹਿਣ ਨਾਲ ਜੋੜ ਜਾਮ ਹੋਣ ਲਗਦੇ ਹਨ। ਹਾਲਾਂਕਿ ਫਰੋਜਨ ਸ਼ੋਲਡਰ ਹੋਣ ਪਿੱਛੇ ਅਸਲ ਕਾਰਨ ਕੀ ਹੈ, ਇਸ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ। ਇਹ ਸਮੱਸਿਆ ਪ੍ਰੋਫੈਸ਼ਨਲਜ਼ ਤੇ ਖ਼ਾਸ ਤੌਰ 'ਤੇ ਇਸਤਰੀਆਂ 'ਚ ਜ਼ਿਆਦਾ ਹੁੰਦੀ ਹੈ।
ਆਮ ਅਲਾਮਤਾਂ
ਫਰੋਜ਼ਨ ਸ਼ੋਲਡਰ ਦੌਰਾਨ ਮੋਢੇ ਦੀਆਂ ਹੱਡੀਆਂ ਨੂੰ ਘੁਮਾਉਣਾ ਮੁਸ਼ਕਲ ਹੋ ਜਾਂਦਾ ਹੈ। ਮੈਡੀਕਲ ਭਾਸ਼ਾ 'ਚ ਇਸ ਦਰਦ ਨੂੰ 'ਐਡਹੈਸਿਵ ਕੈਪਸੂਲਾਇਟਿਸ' ਆਖਦੇ ਹਨ। ਹਰ ਜੋੜ ਦੇ ਬਾਹਰ ਇਕ ਕੈਪਸੂਲ ਹੁੰਦਾ ਹੈ। ਫਰੋਜ਼ਨ ਸ਼ੋਲਡਰ 'ਚ ਇਹ ਕੈਪਸੂਲ ਸਖ਼ਤ ਹੋ ਜਾਂਦਾ ਹੈ। ਇਹ ਦਰਦ ਹੌਲੀ-ਹੌਲੀ ਤੇ ਅਚਾਨਕ ਸ਼ੁਰੂ ਹੁੰਦਾ ਹੈ ਤੇ ਫਿਰ ਪੂਰੇ ਮੋਢੇ ਨੂੰ ਜਾਮ ਕਰ ਦਿੰਦਾ ਹੈ, ਜਿਵੇਂ ਡਰਾਈਵਿੰਗ ਜਾਂ ਕੋਈ ਘਰੇਲੂ ਕੰਮ ਕਰਦਿਆਂ ਅਚਾਨਕ ਇਹ ਦਰਦ ਸ਼ੁਰੂ ਹੋ ਸਕਦਾ ਹੈ। ਗਰਦਨ ਦੇ ਕਿਸੇ ਵੀ ਦਰਦ ਨੂੰ ਫਰੋਜ਼ਨ ਸ਼ੋਲਡਰ ਸਮਝ ਲਿਆ ਜਾਂਦਾ ਹੈ, ਜਦਕਿ ਅਜਿਹਾ ਨਹੀਂ ਹੈ।
ਇਸ ਤੋਂ ਗ੍ਰਸਤ 60 ਫ਼ੀਸਦੀ ਲੋਕ ਤਿੰਨ ਸਾਲ 'ਚ ਆਪਣੇ ਆਪ ਠੀਕ ਹੋ ਜਾਂਦੇ ਹਨ। 90 ਫ਼ੀਸਦੀ ਲੋਕ ਸੱਤ ਸਾਲ 'ਚ ਠੀਕ ਹੋ ਜਾਂਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਸੱਟ ਜਾਂ ਝਟਕੇ ਕਾਰਨ ਹੋਣ ਵਾਲਾ ਹਰ ਦਰਦ ਫਰੋਜ਼ਨ ਸ਼ੋਲਡਰ ਨਹੀਂ ਹੁੰਦਾ। ਇਹ ਸਮੱਸਿਆ 35 ਤੋਂ 70 ਸਾਲ ਦੀ ਉਮਰ 'ਚ ਜ਼ਿਆਦਾ ਹੁੰਦੀ ਹੈ। ਸ਼ੂਗਰ, ਥਾਇਰਾਇਡ, ਕਾਰਡਿਓ ਵੈਸਕੁਲਰ ਸਿਸਟਮ ਸਬੰਧੀ ਸਮੱਸਿਆਵਾਂ, ਟੀਬੀ ਅਤੇ ਪਾਰਨਕਿਸਨਜ਼ ਦੇ ਮਰੀਜ਼ਾਂ ਨੂੰ ਇਹ ਸਮੱਸਿਆ ਜ਼ਿਆਦਾ ਘੇਰਦੀ ਹੈ। 10 ਫ਼ੀਸਦੀ ਲੋਕ ਠੀਕ ਨਹੀਂ ਹੁੰਦੇ। ਉਨ੍ਹਾਂ ਦਾ ਇਲਾਜ ਸਰਜੀਕਲ ਤੇ ਨਾਨ-ਸਰਜੀਕਲ ਦੋਵਾਂ ਤਰੀਕਿਆਂ ਨਾਲ ਕੀਤਾ ਜਾਂਦਾ ਹੈ।
ਜਾਂਚ ਤੇ ਇਲਾਜ
ਲੱਛਣਾਂ ਅਤੇ ਸਰੀਰਕ ਜਾਂਚ ਜ਼ਰੀਏ ਡਾਕਟਰ ਇਸ ਦੀ ਪਛਾਣ ਕਰਦੇ ਹਨ। ਮੁੱਢਲੀ ਜਾਂਚ ਦੌਰਾਨ ਡਾਕਟਰ ਮੋਢੇ ਤੇ ਬਾਂਹ ਦੇ ਕੁਝ ਖ਼ਾਸ ਹਿੱਸਿਆਂ 'ਤੇ ਦਬਾਅ ਦੇ ਕੇ ਦਰਦ ਦੀ ਤੀਬਰਤਾ ਨੂੰ ਦੇਖਦੇ ਹਨ। ਇਸ ਤੋਂ ਇਲਾਵਾ ਐਕਸਰੇ ਜਾਂ ਐੱਮਆਰਆਈ ਜਾਂਚ ਕਰਵਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਦਰਦ ਰੋਕੂ ਦਵਾਈਆਂ ਨਾਲ ਪਹਿਲਾਂ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕਿ ਮਰੀਜ਼ ਮੋਢੇ ਨੂੰ ਹਿਲਾ ਸਕੇ। ਦਰਦ ਘਟਣ ਤੋਂ ਬਾਅਦ ਫਿਜ਼ੀਓਥੈਰੇਪੀ ਸ਼ੁਰੂ ਕੀਤੀ ਜਾਂਦੀ ਹੈ, ਜਿਸ 'ਚ ਹਾਟ ਤੇ ਕੋਲਡ ਕੰਪ੍ਰੈਸ਼ਨ ਪੈਕ ਦਿੱਤਾ ਜਾਂਦਾ ਹੈ। ਇਸ ਨਾਲ ਮੋਢੇ ਦੀ ਸੋਜ਼ ਤੇ ਦਰਦ ਤੋਂ ਰਾਹਤ ਮਿਲਦੀ ਹੈ। ਕਈ ਵਾਰ ਲੋਕਲ ਅਨੈਸਥੀਸ਼ੀਆ ਦੇ ਕੇ ਵੀ ਮੋਢੇ ਨੂੰ ਘੁਮਾਇਆ ਜਾਂਦਾ ਹੈ।
ਲਾਪਰਵਾਹੀ ਹੈ ਖ਼ਤਰਨਾਕ
ਦਰਦ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਜੇ ਦਰਦ ਲਗਾਤਾਰ ਹੋਵੇ ਤਾਂ ਡਾਕਟਰ ਨੂੰ ਦਿਖਾਓ। ਦਰਦ ਜ਼ਿਆਦਾ ਹੋਵੇ ਤਾਂ ਹੱਥਾਂ ਨੂੰ ਸਿਰ ਦੇ ਬਰਾਬਰ ਉਚਾਈ ਉੱਤੇ ਰੱਖ ਕੇ ਸੌਵੋਂ। ਬਾਹਾਂ ਹੇਠ ਸਿਹਰਾਣੇ ਰੱਖ ਕੇ ਸੌਣ ਨਾਲ ਆਰਾਮ ਮਿਲਦਾ ਹੈ। ਤਿੰਨ ਤੋਂ ਨੌਂ ਮਹੀਨੇ ਤਕ ਦੇ ਸਮੇਂ ਨੂੰ ਫਰੀਜ਼ਿੰਗ ਪੀਰਿਅਡ ਮੰਨਿਆ ਜਾਂਦਾ ਹੈ। ਇਸ ਦੌਰਾਨ ਫਿਜ਼ੀਓਥੈਰੇਪੀ ਨਹੀਂ ਕਰਵਾਉਣੀ ਚਾਹੀਦੀ। ਡਾਕਟਰ ਦੀ ਸਲਾਹ ਨਾਲ ਹੀ ਦਰਦ ਰੋਕੂ ਦਵਾਈਆਂ ਤੇ ਇੰਜੈਕਸ਼ਨ ਲਗਵਾਉਣੇ ਚਾਹੀਦੇ ਹਨ। ਕਈ ਵਾਰ ਫਰੋਜ਼ਨ ਸ਼ੋਲਡਰ ਤੇ ਹੋਰ ਦਰਦਾਂ ਦੇ ਲੱਛਣ ਇੱਕੋ ਜਿਹੇ ਹੁੰਦੇ ਹਨ। ਇਸ ਲਈ ਮਾਹਿਰ ਕੋਲੋਂ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਠੀਕ ਕਾਰਨ ਦਾ ਪਤਾ ਲੱਗ ਸਕੇ।
ਕਸਰਤ ਹੈ ਜ਼ਰੂਰੀ
ਕਿਸੇ ਬੰਦ ਦਰਵਾਜ਼ੇ ਦੇ ਹੈਂਡਲ ਨੂੰ ਠੀਕ ਹੱਥ ਨਾਲ ਫੜੋ ਤੇ ਦਰਦ ਵਾਲੇ ਹੱਥ ਨੂੰ ਪਿਛਲੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰੋ। ਦਰਦ ਵਾਲੇ ਹੱਥ ਨੂੰ ਹੌਲੀ-ਹੌਲੀ ਉੱਪਰ ਚੁੱਕੋ। ਦੂਜੇ ਹੱਥ ਨੂੰ ਪਿੱਠ ਵੱਲ ਲਿਜਾਓ ਤੇ ਤੌਲੀਏ ਦੇ ਸਹਾਰੇ ਉੱਪਰ-ਹੇਠਾਂ ਘੁਮਾਉਣ ਦੀ ਕੋਸ਼ਿਸ਼ ਕਰੋ। ਦਰਦ ਵਾਲੇ ਹੱਥ ਨੂੰ ਦੂਜੇ ਪਾਸੇ ਦੇ ਮੋਢੇ ਵੱਲ ਲਿਜਾਣ ਦੀ ਕੋਸ਼ਿਸ਼ ਕਰੋ। ਦੂਜੇ ਹੱਥ ਨਾਲ ਕੂਹਣੀ ਨੂੰ ਸਹਾਰਾ ਦਿਓ, ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
- ਡਾ. ਸੁਧੀਰ ਗੁਪਤਾ
78886-63049