ਸੁਹਾਂਜਣੇ ਦਾ ਰੁੱਖ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਹਰਿਆ-ਭਰਿਆ ਹੁੰਦਾ ਹੈ। ਫਰਵਰੀ-ਮਰਚ ਦੇ ਮਹੀਨੇ ਇਸ ਦੇ ਫੁੱਲ-ਫਲੀਆਂ ਪ੍ਰਾਪਤ ਕਰ ਸਕਦੇ ਹਾਂ। ਇਸ ਰੁੱਖ ਦਾ ਸੇਵਨ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਤੇ ਆਉਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਪਾ ਕੇ ਤੁਸੀਂ ਤੰਦਰੁਸਤ, ਨਿਰੋਗ ਤੇ ਜਵਾਨ ਰਹਿ ਸਕਦੇ ਹੋ। ਤੁਹਾਡੀ ਚਮੜੀ ਤੰਦਰੁਸਤ ਤੇ ਚਮਕਦੀ ਰਹੇਗੀ। ਸ਼ਰਤ ਇਹ ਕਿ ਇਸ ਨੂੰ ਰੋਜ਼ਾਨਾ ਖ਼ੁਰਾਕ ਜਿਵੇਂ ਚਾਹ, ਸਬਜ਼ੀ, ਪਾਊਡਰ, ਆਚਾਰ ਆਦਿ ਦੇ ਰੂਪ 'ਚ ਸ਼ਾਮਿਲ ਕਰੋ। ਕਈ ਲੋਕਾਂ ਨੇ ਇਸ ਨੂੰ ਦਵਾਈ ਸਮਝ ਲਿਆ ਹੈ ਤੇ ਦਿਨਾਂ 'ਚ ਹੀ ਜਵਾਨ ਤੇ ਤੰਦਰੁਸਤ ਹੋਣ ਦੇ ਭਰਮ-ਭੁਲੇਖੇ ਪਾਲ ਕੇ ਥੋੜ੍ਹਾ ਸਮਾਂ ਇਸ ਦੀ ਵਰਤੋਂ ਕਰਕੇ ਇਸ ਦਾ ਸੇਵਨ ਬੰਦ ਕਰ ਦਿੱਤਾ, ਜੋ ਬਹੁਤ ਵੱਡੀ ਭੁੱਲ ਹੈ। ਹਰ ਚੀਜ਼ ਨੂੰ ਸਮਝ, ਪਰਖ ਕੇ ਹੀ ਜੀਵਨ 'ਚ ਉਤਾਰੋ ਤਦ ਹੀ ਕਿਸੇ ਸਿੱਟੇ ਤਕ ਪਹੁੰਚ ਸਕਦੇ ਹੋ। ਸਾਡੇ ਸਰੀਰ ਨੂੰ ਵਿਟਾਮਿਨਜ਼, ਮਿਨਰਲਜ਼, ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਭਰਪੂਰ ਪਾਣੀ ਆਦਿ ਦੀ ਜ਼ਰੂਰਤ ਹੁੰਦੀ ਹੈ। ਇਕ ਪੌਦੇ ਦਾ ਜੀਵਨ ਵੀ ਸਾਡੇ ਵਾਂਗ ਹੀ ਹੈ। ਉਸ ਨੂੰ ਵੀ ਪਾਣੀ, ਹਵਾ, ਵਾਤਾਵਰਨ, ਚੰਗੀਆਂ ਖਾਦਾਂ ਆਦਿ ਦੀ ਲੋੜ ਹੁੰਦੀ ਹੈ। ਜੇ ਹਰੀਆਂ ਸਬਜ਼ੀਆਂ, ਚੰਗੇ ਫੁੱਲਾਂ, ਮੱਖਣ, ਮਲਾਈ, ਦੇਸੀ ਘਿਓ ਆਦਿ ਦਾ ਸਮਝਦਾਰੀ ਨਾਲ ਸੇਵਨ ਕੀਤਾ ਜਾਵੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ 'ਤੇ ਜਿੱਤ ਹਾਸਿਲ ਕਰ ਸਕਦੇ ਹਾਂ। ਚੰਗਾ ਖਾਣਾ ਤੇ ਸਰੀਰ ਦੀ ਸਾਂਭ-ਸੰਭਾਲ ਹੀ ਤੁਹਾਡੇ ਜੀਵਨ ਨੂੰ ਲੰਬਾ ਕਰ ਸਕਦੀ ਹੈ। ਬਿਨਾਂ ਸ਼ੱਕ ਇਸ ਦਾ ਤੋੜ 'ਸੁਹਾਂਜਣਾ' ਹੋ ਸਕਦਾ ਹੈ, ਜਿਸ ਦੀ ਵਰਤੋਂ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ।

ਇਸ ਦਾ ਸੇਵਨ ਸਾਰੀ ਉਮਰ ਕਰਦੇ ਰਹੋ। ਜੇ ਕਿਤਿਓਂ ਨਹੀਂ ਮਿਲਦਾ ਤਾਂ ਥੋੜ੍ਹੇ ਪੈਸੇ ਖਰਚ ਕੇ ਇਸ ਦੀ ਪਹੁੰਚ ਤੁਹਾਡੇ ਤਕ ਹੋ ਸਕਦੀ ਹੈ।

ਸੁਹਾਂਜਣੇ 'ਚ ਮੌਜੂਦ ਤੱਤ

- ਵਿਟਾਮਿਨ-ਏ

ਇਹ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਹੱਡੀਆਂ, ਦੰਦਾਂ ਨੂੰ ਸਿਹਤਮੰਦ ਰੱਖਦਾ ਹੈ। ਚਮੜੀ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਦਾ ਹੈ।

- ਵਿਟਾਮਿਨ-ਸੀ

ਦਿਮਾਗ਼ ਨੂੰ ਸੰਦੇਸ਼ ਪੰਹੁਚਾਉਣ ਵਾਲੀਆਂ ਨਾੜਾਂ ਨੂੰ ਤਾਕਤ ਦਿੰਦਾ ਹੈ। ਹੱਡੀਆਂ ਜੋੜਨ ਵਾਲਾ ਕੋਲਾਜੇਨ ਪਦਾਰਥ ਪੈਦਾ ਕਰਦਾ ਹੈ। ਖ਼ੂਨ ਦਾ ਸੰਚਾਰ ਠੀਕ ਕਰਦਾ ਹੈ। ਲਿਗਾਮੈਂਟਸ, ਕਾਰਟੀਲੇਜ਼ ਅਤੇ ਕੋਲੈਸਟਰੋਲ ਨੂੰ ਕੰਟਰੋਲ 'ਚ ਰੱਖਦਾ ਹੈ। ਸਰੀਰ 'ਚੋਂ ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਦਾ ਹੈ। ਜ਼ੁਕਾਮ, ਖੰਘ ਆਦਿ ਤਕਲੀਫ਼ਾਂ ਦਾ ਖ਼ਾਤਮਾ ਕਰਦਾ ਹੈ। ਕੈਂਸਰ ਦੀ ਰੋਕਥਾਮ ਵਿਚ ਵੀ ਵਿਟਾਮਿਨ-ਸੀ ਬੇਹੱਦ ਸਹਾਈ ਹੁੰਦਾ ਹੈ।

- ਵਿਟਾਮਿਨ-ਈ

ਕੈਂਸਰ, ਦਿਲ ਦੇ ਰੋਗ, ਭੁੱਲਣ ਦੀ ਬਿਮਾਰੀ, ਅੱਖਾਂ ਦਾ ਮੋਤੀਆ ਆਦਿ ਨਹੀਂ ਹੋਣ ਦਿੰਦਾ। ਔਰਤਾਂ ਤੇ ਮਰਦਾਂ ਦਾ ਬਾਂਝਪਣ, ਜਿਗਰ ਤੇ ਪਿੱਤੇ ਦਾ ਰੋਗ, ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।

- ਕੈਲਸ਼ੀਅਮ

ਹੱਡੀਆਂ ਮਜ਼ਬੂਤ ਕਰਦਾ ਹੈ। ਸਰੀਰ ਦਾ ਸਾਰਾ ਭਾਰ ਹੱਡੀਆਂ 'ਤੇ ਹੀ ਹੈ। ਕੈਲਸ਼ੀਅਮ ਦੀ ਜ਼ਰੂਰਤ ਹਰ ਉਮਰ ਵਰਗ ਦੇ ਲੋਕਾਂ ਨੂੰ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਵੀ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।

- ਪੋਟਾਸ਼ੀਅਮ

ਮਾਸਪੇਸ਼ੀਆਂ ਦਾ ਸੁੰਗੜਨਾ, ਦਿਲ ਦੀ ਧੜਕਣ ਘਟਣਾ, ਦਿਲ ਤੇ ਪੇਟ ਦੀ ਕਿਰਿਆ 'ਚ ਸੁਧਾਰ ਕਰਦਾ ਹੈ।

- ਫਾਈਬਰ

ਇਸ ਦੀ ਘਾਟ ਨਾਲ ਕਬਜ਼, ਸ਼ੂਗਰ ਤੇ ਭਾਰ ਵੱਧਦਾ ਹੈ। ਪੇਟ ਸਾਫ਼ ਕਰਦਾ ਹੈ।

ਆਇਰਨ

ਇਸ ਦੀ ਕਮੀ ਨਾਲ ਖ਼ੂਨ ਦੀ ਘਾਟ ਹੁੰਦੀ ਹੈ। ਸਰੀਰ ਨੂੰ ਮਹੱਤਵਪੂਰਨ ਖਣਿਜਾਂ 'ਚੋਂ ਆਇਰਨ ਵੀ ਜ਼ਰੂਰੀ ਹੈ, ਜਿਸ ਦੀ ਮਦਦ ਨਾਲ ਹੀਮੋਗਲੋਬਿਨ ਤੇ ਆਕਸੀਜਨ ਸਰੀਰ ਨੂੰ ਮਿਲਦੀ ਹੈ।

ਜੇ ਸਰੀਰ ਨੂੰ ਇਕ ਪੌਦੇ 'ਚੋਂ ਇੰਨਾ ਕੁਝ ਮਿਲ ਸਕਦਾ ਹੈ ਤਾਂ ਸਰੀਰ ਦੀ ਕਾਇਆ-ਕਲਪ ਕਿਉਂ ਨਹੀਂ ਹੋਵੇਗੀ। ਸੋ ਸਾਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਕੁਦਰਤੀ ਚੀਜ਼ਾਂ ਜਿਵੇਂ ਮਿਨਰਲਜ਼, ਵਿਟਾਮਿਨ, ਖਣਿਜ ਪਦਾਰਥ ਆਦਿ ਹੀ ਸਰੀਰ ਨੂੰ ਦੇਈਏ। ਸਾਊਥ ਇੰਡੀਅਨ ਲੋਕ ਸਾਰੀ ਉਮਰ ਇਸ ਦਾ ਸੇਵਨ ਕਰਦੇ ਹਨ, ਘਰ-ਘਰ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਫੁੱਲਾਂ ਦੀ ਬੱਚੇ ਨੂੰ ਚਟਣੀ ਬਣਾ ਕੇ ਦਿਓ, ਸਾਰੀ ਉਮਰ ਚੇਚਕ ਨਹੀਂ ਹੋਵੇਗੀ। ਫੁੱਲਾਂ ਦਾ ਪਾਊਡਰ ਬਣਾ ਕੇ ਇਕ ਮਹੀਨਾ ਲਵੋ, ਚਿਹਰਾ ਲਾਲ ਸੁਰਖ਼ ਹੋ ਜਾਵੇਗਾ। ਇਸ ਦੇ ਲਗਾਤਾਰ ਸੇਵਨ ਨਾਲ ਸਰੀਰ ਚੁਸਤ ਹੋ ਜਾਂਦਾ ਹੈ ਅਤੇ ਜਲਦੀ ਕਿਤੇ ਬਿਮਾਰੀ ਵੀ ਨੇੜੇ ਨਹੀਂ ਆਉਂਦੀ। ਕਈਆਂ ਨੂੰ ਭਰਮ ਹੈ ਕਿ ਇਹ ਖ਼ਰਾਬ ਕਰਦਾ ਹੈ। ਇਸ ਲਈ ਪਹਿਲਾਂ ਪੇਟ ਦਾ ਸਿਸਟਮ ਠੀਕ ਕੀਤਾ ਜਾਵੇ, ਫਿਰ ਹੀ ਇਸ ਦੀ ਵਰਤੋਂ ਕੀਤੀ ਜਾਵੇ।

ਫ਼ਾਇਦੇ

- ਕੈਂਸਰ ਲਈ ਫ਼ਾਇਦੇਮੰਦ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਕੀਮੋਥੈਰੇਪੀ 'ਚੋਂ ਲੰਘ ਰਹੇ ਹਨ।

- ਜ਼ਖ਼ਮ ਜਲਦੀ ਭਰਦੇ ਹਨ, ਚਮੜੀ 'ਤੇ ਦਾਗ-ਧੱਬੇ ਨਹੀਂ ਪੈਂਦੇ, ਛੇਤੀ ਝੁਰੜੀਆਂ ਨਹੀਂ ਪੈਂਦੀਆਂ।

- ਬਦਹਜ਼ਮੀ, ਅੱਧਾ ਸਿਰ ਦੁਖਣਾ, ਨੀਂਦ ਨਾ ਆਉਣਾ ਆਦਿ ਰੋਗਾਂ ਤੋਂ ਬਚੇ ਰਹਿੰਦੇ ਹਾਂ।

- ਜੇ ਬੱਚਾ ਜ਼ਿਆਦਾ ਸੁਸਤ ਹੋਵੇ, ਪੜ੍ਹਨ ਵੇਲੇ ਸੌਣ ਲਗਦਾ ਹੈ, ਪੜ੍ਹਨ 'ਚ ਇਕਾਗਰਤਾ ਦੀ ਘਾਟ ਹੋਵੇ ਤਾਂ ਲਗਾਤਾਰ ਬੱਚੇ ਨੂੰ ਦੇਵੋ, ਬੱਚਾ ਤੰਦਰੁਸਤ ਹੋ ਜਾਵੇਗਾ।

- ਲਿਵਰ ਫੈਟੀ ਹੋਣ ਤੋਂ ਬਚਾਉਂਦਾ ਹੈ।

- ਇਸ ਦੀਆਂ ਫਲੀਆਂ ਦਾ ਸੂਪ ਭੁੱਖ ਵਧਾਉਂਦਾ ਹੈ।

- ਬੇਔਲਾਦ ਨੂੰ ਜੇ ਗਰਭਧਾਰਨ 'ਚ ਮੁਸ਼ਕਲ ਆ ਰਹੀ ਹੈ ਤਾਂ ਕੱਦੂ ਦੇ ਫੁੱਲ, ਸੁਹਾਂਜਣੇ ਦੇ ਫੁੱਲ, ਲੌਕੀ ਦੇ ਫੁੱਲ, ਸੌਂਫ ਦੇ 5-5 ਫੁੱਲ ਲੈ ਕੇ ਛਾਂ 'ਚ ਸੁਕਾ ਕੇ ਪਾਊਡਰ ਬਣਾ ਕੇ ਰੱਖ ਲਵੋ। ਇਕ ਗਲਾਸ ਗਰਮ ਪਾਣੀ 'ਚ ਕੁਝ ਦੇਰ ਭਿਉਂ ਕੇ ਰੱਖ ਦਿਓ। ਜਦੋਂ ਚੰਗੀ ਤਰ੍ਹਾਂ ਘੁਲ ਜਾਵੇ ਤਾਂ ਛਾਣ ਕ ਪੀ ਲਵੋ। ਸਵੇਰੇ-ਸ਼ਾਮ ਇਸ ਦਾ ਸੇਵਨ ਕਰੋ। ਬੱਚੇਦਾਨੀ ਦੀ ਸੋਜ਼ ਹਟੇਗੀ, ਬੱਚੇਦਾਨੀ ਨੂੰ ਤਾਕਤ ਮਿਲੇਗੀ।

- ਜਦੋਂ ਇਸ ਦੇ ਫੁੱਲਾਂ ਦਾ ਮੌਸਮ ਹੁੰਦਾ ਹੈ, ਉਦੋਂ ਫੁੱਲ ਸਾਂਭ ਕੇ ਰੱਖ ਲਵੋ। ਪਸ਼ੂਆਂ ਨੂੰ ਇਸ ਦਾ ਚਾਰਾ ਬਣਾ ਕੇ ਪਾਉਣਾ ਸ਼ੁਰੂ ਕਰੋ। ਦੁੱਧ ਵੀ ਪੌਸ਼ਟਿਕ ਹੋਵੇਗਾ ਤੇ ਪਸ਼ੂ ਵੀ ਬਿਮਾਰੀ ਤੋਂ ਬਚਿਆ ਰਹੇਗਾ।

ਸੁਹਾਂਜਣੇ ਦਾ ਆਚਾਰ

ਸੁਹਾਂਜਣੇ ਦੀਆਂ ਨਰਮ ਫਲੀਆਂ 200 ਗ੍ਰਾਮ, 1 ਚਮਚ ਕਲੌਂਜੀ, 70 ਗ੍ਰਾਮ ਸਰ੍ਹੋਂ ਦਾ ਤੇਲ, ਅੱਧਾ ਚਮਚ ਹਿੰਗ, 1 ਚਮਚ ਨਮਕ, ਅੱਧਾ ਚਮਚ ਹਲਦੀ, ਅੱਧਾ ਚਮਚ ਅੰਬ ਚੂਰਨ, 1 ਚਮਚ ਸਿਰਕਾ ਗੈਸ 'ਤੇ ਰੱਖ ਦਿਓ। ਭਾਂਡਾ ਗਰਮ ਹੋਣ 'ਤੇ ਧਨੀਆ, ਜ਼ੀਰਾ, ਸੌਂਫ, ਅਜਵਾਇਣ ਹਲਕੀ-ਹਲਕੀ ਭੁੰਨ ਲਵੋ। ਰਾਈ, ਕਲੌਂਜੀ, ਹਲਦੀ ਪਾਊਡਰ, ਨਮਕ, ਹਿੰਗ, ਅੰਬ ਚੂਰਨ, ਲਾਲ ਮਿਰਚ ਵੀ ਹਲਕੀ-ਹਲਕੀ ਭੁੰਨ ਲਵੋ। ਮਸਾਲੇ ਮੋਟੇ-ਮੋਟੇ ਪੀਸ ਕੇ ਰੱਖੋ। ਥੋੜ੍ਹੇ ਪਾਣੀ 'ਚ ਸੁਹਾਂਜਣਾ ਫਲੀਆਂ ਪਾ ਕੇ ਇਕ ਮਿੰਟ ਲਈ ਉਬਾਲੋ। ਫਲੀਆਂ ਧੁੱਪ 'ਚ ਸੁਕਾ ਲਵੋ। ਫਲੀਆਂ ਸੁੱਕਣ 'ਤੇ ਸਾਰੇ ਮਸਾਲੇ ਤੇ ਸਰ੍ਹੋਂ ਦਾ ਤੇਲ ਮਿਲਾ ਦਿਓ ਤੇ 3-4 ਦਿਨ ਧੁੱਪ ਲਵਾਓ। ਸਿਰਕਾ ਤੇਲ ਪਾਉਣ ਤੋਂ ਬਾਅਦ ਪਾਉਣਾ ਹੈ, ਆਚਾਰ ਤਿਆਰ ਹੈ। ਇਸ ਦਾ ਸੇਵਨ ਕਰਦੇ ਰਹੋ ਤੇ ਸਿਹਤ ਵੀ ਕਾਇਮ ਰੱਖੋ। ਇਹ ਗੱਲ ਜ਼ਰੂਰ ਦਿਮਾਗ਼ 'ਚ ਰੱਖੋ ਕਿ ਕੋਈ ਵੀ ਬਿਮਾਰੀ ਦਿਨਾਂ 'ਚ ਠੀਕ ਨਹੀਂ ਹੁੰਦੀ। 5-10 ਸਾਲ ਪੁਰਾਣੀ ਬਿਮਾਰੀ ਨੂੰ ਠੀਕ ਹੋਣ 'ਚ ਸਮਾਂ ਤਾਂ ਲਗਦਾ ਹੀ ਹੈ।

- ਵੈਦ ਬੀ ਕੇ ਸਿੰਘ

98726-10005

Posted By: Harjinder Sodhi