ਦੁੱਧ ਪੀਣ ਜਾਂ ਚਾਕਲੇਟ ਖਾਣ ਨਾਲ ਕੀ ਸੱਚਮੁੱਚ ਪਿੰਪਲ ਹੁੰਦੇ ਹਨ? ਡਰਮਾਟੋਲੋਜਿਸਟ ਨੇ ਖੋਲ੍ਹਿਆ ਰਾਜ਼
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਚਾਕਲੇਟ ਖਾਣ ਨਾਲ ਮੁਹਾਸੇ ਹੁੰਦੇ ਹਨ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਡਾ. ਅੰਕੁਰ ਦੇ ਅਨੁਸਾਰ, ਡਾਰਕ ਚਾਕਲੇਟ ਖਾਣਾ ਬਿਲਕੁਲ ਸੁਰੱਖਿਅਤ ਹੈ
Publish Date: Wed, 10 Dec 2025 11:07 AM (IST)
Updated Date: Wed, 10 Dec 2025 11:14 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜ਼ਰਾ ਸੋਚੋ, ਕੱਲ੍ਹ ਤੁਹਾਡੇ ਦੋਸਤ ਦਾ ਵਿਆਹ ਹੈ ਜਾਂ ਕੋਈ ਖਾਸ ਡੇਟ ਹੈ ਅਤੇ ਅੱਜ ਸਵੇਰੇ ਜਿਵੇਂ ਹੀ ਤੁਸੀਂ ਸ਼ੀਸ਼ੇ ਵਿੱਚ ਚਿਹਰਾ ਦੇਖਿਆ... ਮੱਥੇ 'ਤੇ ਇੱਕ ਮੋਟਾ-ਜਿਹਾ ਲਾਲ ਪਿੰਪਲ ਤੁਹਾਡਾ ਸੁਆਗਤ ਕਰ ਰਿਹਾ ਹੈ। ਅਜਿਹੇ ਵਿੱਚ ਲੋਕਾਂ ਦਾ ਸ਼ੱਕ ਤੁਰੰਤ ਕੱਲ੍ਹ ਰਾਤ ਖਾਧੀ ਗਈ ਉਸ ਚਾਕਲੇਟ ਜਾਂ ਪੀਤੇ ਗਏ ਮਿਲਕਸ਼ੇਕ 'ਤੇ ਜਾਂਦਾ ਹੈ।
ਅਸੀਂ ਸਾਲਾਂ ਤੋਂ ਆਪਣੀਆਂ ਦਾਦੀਆਂ, ਨਾਨੀਆਂ ਅਤੇ ਦੋਸਤਾਂ ਤੋਂ ਸੁਣਦੇ ਆ ਰਹੇ ਹਾਂ। "ਚਾਕਲੇਟ ਨਾ ਖਾ, ਚਿਹਰਾ ਖਰਾਬ ਹੋ ਜਾਵੇਗਾ," ਪਰ ਕੀ ਸੱਚਮੁੱਚ ਤੁਹਾਡੀ ਮਨਪਸੰਦ ਚਾਕਲੇਟ ਤੁਹਾਡੀ ਸੁੰਦਰਤਾ ਨੂੰ ਵਿਗਾੜ ਰਹੀ ਹੈ ਜਾਂ ਇਹ ਸਿਰਫ਼ ਇੱਕ ਪੁਰਾਣਾ ਵਹਿਮ ਹੈ? ਅੱਜ ਅਸੀਂ ਡਰਮਾਟੋਲੋਜਿਸਟ ਡਾ. ਅੰਕੁਰ ਸਰੀਨ ਦੀ ਮਦਦ ਨਾਲ ਮੁਹਾਸੇ ਵਧਾਉਣ ਵਾਲੇ ਭੋਜਨਾਂ ਪਿੱਛੇ ਦੀ ਸੱਚਾਈ ਤੁਹਾਨੂੰ ਦੱਸਾਂਗੇ।
ਚਾਕਲੇਟ
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਚਾਕਲੇਟ ਖਾਣ ਨਾਲ ਮੁਹਾਸੇ ਹੁੰਦੇ ਹਨ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਡਾ. ਅੰਕੁਰ ਦੇ ਅਨੁਸਾਰ, ਡਾਰਕ ਚਾਕਲੇਟ ਖਾਣਾ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਨਾਲ ਮੁਹਾਸੇ ਨਹੀਂ ਹੁੰਦੇ। ਦੱਸ ਦੇਈਏ ਅਸਲੀ ਸਮੱਸਿਆ ਮਿਲਕ ਚਾਕਲੇਟ ਵਿੱਚ ਹੈ। ਮਿਲਕ ਚਾਕਲੇਟ ਵਿੱਚ ਚੀਨੀ ਅਤੇ ਦੁੱਧ ਹੁੰਦਾ ਹੈ, ਜੋ ਮੁਹਾਸਿਆਂ ਦਾ ਕਾਰਨ ਬਣ ਸਕਦਾ ਹੈ।
ਕੌਫੀ
ਜੇ ਤੁਸੀਂ ਕੌਫੀ ਦੇ ਸ਼ੌਕੀਨ ਹੋ ਤਾਂ ਸੁੱਖ ਦਾ ਸਾਹ ਲਓ। ਕੌਫੀ ਆਪਣੇ ਆਪ ਵਿੱਚ ਮੁਹਾਸਿਆਂ ਦਾ ਕਾਰਨ ਨਹੀਂ ਬਣਦੀ ਹੈ। ਹਾਲਾਂਕਿ ਜਦੋਂ ਤੁਸੀਂ ਕੌਫੀ ਵਿੱਚ ਦੁੱਧ ਅਤੇ ਚੀਨੀ ਮਿਲਾਉਂਦੇ ਹੋ ਤਾਂ ਇਹ ਸੁਮੇਲ (combination) ਚਮੜੀ ਲਈ ਨੁਕਸਾਨਦੇਹ ਹੋ ਸਕਦਾ ਹੈ।
ਚੀਨੀ ਤੇ ਫਲਾਂ ਦਾ ਜੂਸ
ਚੀਨੀ ਅਤੇ ਬਾਜ਼ਾਰ ਵਿੱਚ ਮਿਲਣ ਵਾਲੇ ਜੂਸ ਮੁਹਾਸੇ (Acne) ਦਾ ਵੱਡਾ ਕਾਰਨ ਹਨ। ਸ਼ੂਗਰ ਅਤੇ ਜੂਸ ਸਰੀਰ ਵਿੱਚ ਇਨਸੁਲਿਨ ਨੂੰ ਤੇਜ਼ੀ ਨਾਲ ਵਧਾਉਂਦੇ ਹਨ, ਜਿਸ ਨਾਲ ਚਮੜੀ ਵਿੱਚ ਤੇਲ ਦਾ ਉਤਪਾਦਨ (Oil Production) ਵੱਧਦਾ ਹੈ ਅਤੇ ਮੁਹਾਸੇ ਨਿਕਲ ਆਉਂਦੇ ਹਨ।
ਫਲ
ਜ਼ਿਆਦਾਤਰ ਸਾਬੂਤ ਫਲ ਮੁਹਾਸਿਆਂ ਦਾ ਕਾਰਨ ਨਹੀਂ ਬਣਦੇ ਹਨ। ਉਹ ਸੁਰੱਖਿਅਤ ਹਨ। ਹਾਲਾਂਕਿ ਬਹੁਤ ਜ਼ਿਆਦਾ ਗਲਾਈਸੈਮਿਕ ਇੰਡੈਕਸ (High-GI) ਵਾਲੇ ਫਲਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸਮੱਸਿਆ ਵਧ ਸਕਦੀ ਹੈ ਪਰ ਆਮ ਤੌਰ 'ਤੇ ਫਲ ਖਾਣਾ ਸੁਰੱਖਿਅਤ ਹੈ।
ਦੁੱਧ ਤੇ ਵ੍ਹੀ ਪ੍ਰੋਟੀਨ
ਜਿੰਮ ਜਾਣ ਵਾਲਿਆਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਵ੍ਹੀ ਪ੍ਰੋਟੀਨ ਮੁਹਾਸਿਆਂ ਨੂੰ ਖਾਸ ਕਰਕੇ ਹਾਰਮੋਨਲ ਮੁਹਾਸਿਆਂ (Hormonal Acne) ਨੂੰ ਵਧਾ ਸਕਦਾ ਹੈ। ਇਹ ਸਰੀਰ ਵਿੱਚ ਇਨਸੁਲਿਨ ਅਤੇ IGF-1 ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਦੁੱਧ ਅਤੇ ਖਾਸ ਤੌਰ 'ਤੇ ਸਕਿਮ ਮਿਲਕ, ਮੁਹਾਸਿਆਂ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਸ ਵਿੱਚ ਹਾਰਮੋਨ ਅਤੇ ਵ੍ਹੀ ਦੀ ਮਾਤਰਾ ਹੁੰਦੀ ਹੈ।
ਦਹੀਂ
ਜ਼ਿਆਦਾਤਰ ਲੋਕਾਂ ਲਈ ਦਹੀਂ ਸੁਰੱਖਿਅਤ ਹੈ ਕਿਉਂਕਿ ਇਹ ਇੱਕ ਫਰਮੈਂਟਡ ਫੂਡ ਹੈ, ਇਹ ਪੇਟ ਲਈ ਚੰਗਾ ਹੁੰਦਾ ਹੈ। ਹਾਲਾਂਕਿ ਜੇਕਰ ਤੁਹਾਡਾ ਸਰੀਰ ਡੇਅਰੀ ਉਤਪਾਦਾਂ ਨੂੰ ਲੈ ਕੇ ਸੈਂਸਟਿਵ ਹੈ ਤਾਂ ਹੀ ਦਹੀਂ ਪਿੰਪਲਜ਼ ਦਾ ਕਾਰਨ ਬਣ ਸਕਦਾ ਹੈ ਨਹੀਂ ਤਾਂ ਇਹ ਠੀਕ ਹੈ।