ਲਿਵਰ ਦੀ ਸੋਜ਼ ਹੋਣਾ ਹੀ ਪੀਲੀਆ (ਹੈਪੇਟਾਈਟਸ) ਹੈ। ਇਹ ਆਮ ਤੌਰ 'ਤੇ ਵਾਇਰਲ ਇਨਫੈਕਸ਼ਨ ਕਰਕੇ ਹੁੰਦਾ ਹੈ। ਮੁੱਖ ਤੌਰ 'ਤੇ ਪੀਲੀਏ ਦੇ ਵਾਇਰਸ ਪੰਜ ਤਰ੍ਹਾਂ ਦੇ ਹਨ। ਏ, ਬੀ, ਸੀ, ਡੀ ਤੇ ਈ। ਪੀਲੀਏ ਦੀ ਬੀ, ਸੀ ਤੇ ਡੀ ਕਿਸਮ ਭਿਆਨਕ ਹੈ।

ਲਿਵਰ, ਜੋ ਪੇਟ ਦੇ ਸੱਜੇ ਪਾਸੇ ਉੱਪਰ ਵੱਲ ਪਸਲੀਆਂ ਕੋਲ ਹੁੰਦਾ ਹੈ ਤੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਜ਼ਰੂਰੀ ਕੰਮ ਕਰਦਾ ਹੈ। ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਤੇ ਟੁੱਟੇ-ਭੱਜੇ ਲਹੂ ਦੇ ਲਾਲ ਸੈੱਲਾਂ ਦਾ ਸਰੀਰ 'ਚੋਂ ਨਿਕਾਸ ਕਰਦਾ ਹੈ। ਪਾਚਨ ਕਿਰਿਆ ਲਈ ਲੋੜੀਂਦਾ ਬਾਈਲ ਜੂਸ ਪੈਦਾ ਕਰਦਾ ਹੈ ਤੇ ਖਾਧੀ ਖ਼ੁਰਾਕ ਨੂੰ ਪਚਣ 'ਚ ਸਹਾਇਤਾ ਕਰਦਾ ਹੈ। ਇਹ ਵਾਧੂ ਗੁਲੂਕੋਜ਼ ਨੂੰ ਗਲਾਈਕੋਜਿਨ ਦੇ ਰੂਪ 'ਚ ਜਮ੍ਹਾ ਕਰਦਾ ਹੈ ਤੇ ਲੋੜ ਪੈਣ 'ਤੇ ਇਸ ਨੂੰ ਫਿਰ ਗੁਲੂਕੋਜ਼ ਵਿਚ ਬਦਲ ਕੇ ਲੋੜੀਂਦੇ ਸਰੀਰਕ ਕੰਮਾਂ ਲਈ ਵਰਤੋਂ ਯੋਗ ਬਣਾਉਂਦਾ ਹੈ। ਖਣਿਜ ਪਦਾਰਥਾਂ, ਵਿਟਾਮਿਨਾਂ (ਏ, ਡੀ, ਈ, ਕੇ) ਨੂੰ ਜਮ੍ਹਾ ਕਰ ਕੇ ਰੱਖਦਾ ਹੈ ਤੇ ਖ਼ੂਨ ਦੀ ਪ੍ਰੋਟੀਨ (ਐਲਬਿਊਮਿਨ) ਬਣਾਉਣ ਵਿਚ ਮਦਦ ਕਰਦਾ ਹੈ।
ਕਿਸਮਾਂ ਤੇ ਕਾਰਨ
ਲਿਵਰ ਦੀ ਸੋਜ਼ ਹੋਣਾ ਹੀ ਪੀਲੀਆ (ਹੈਪੇਟਾਈਟਸ) ਹੈ। ਇਹ ਆਮ ਤੌਰ 'ਤੇ ਵਾਇਰਲ ਇਨਫੈਕਸ਼ਨ ਕਰਕੇ ਹੁੰਦਾ ਹੈ। ਮੁੱਖ ਤੌਰ 'ਤੇ ਪੀਲੀਏ ਦੇ ਵਾਇਰਸ ਪੰਜ ਤਰ੍ਹਾਂ ਦੇ ਹਨ। ਏ, ਬੀ, ਸੀ, ਡੀ ਤੇ ਈ। ਪੀਲੀਏ ਦੀ ਬੀ, ਸੀ ਤੇ ਡੀ ਕਿਸਮ ਭਿਆਨਕ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਫਿਬਰੋਸਿਸ, ਸਿਰੋਸਿਸ ਜਾਂ ਲਿਵਰ ਕੈਂਸਰ ਦਾ ਕਾਰਨ ਬਣ ਸਕਦੀ ਹੈ। 'ਏ' ਤੇ 'ਈ' ਕਿਸਮ ਦਾ ਪੀਲੀਆ ਦੂਸ਼ਿਤ ਭੋਜਨ ਜਾਂ ਦੂਸ਼ਿਤ ਪਾਣੀ ਦੇ ਸੇਵਨ ਕਰਕੇ ਹੁੰਦਾ ਹੈ। ਬੀ, ਸੀ ਤੇ ਡੀ ਕਿਸਮ ਦਾ ਪੀਲੀਆ ਰੋਗੀ ਦੇ ਖ਼ੂਨ ਰਾਹੀਂ ਮਾਤਾ-ਪਿਤਾ, ਇਕ ਵਿਅਕਤੀ ਤੋਂ ਦੂਜੇ ਵਿਅਕਤੀ, ਸਰਜਰੀ ਦੌਰਾਨ ਵਰਤੇ ਔਜਾਰਾਂ, ਸਰਿੰਜ ਦੀ ਸੂਈ, ਸਿੱਧਾ ਖ਼ੂਨ ਦਾ ਸੰਪਰਕ ਜਿਵੇਂ ਮਾਂ ਤੋਂ ਬੱਚੇ ਤਕ ਜਾਂ ਪਤੀ-ਪਤਨੀ ਤੋਂ ਇਕ-ਦੂਜੇ ਨੂੰ ਹੋ ਸਕਦਾ ਹੈ। ਇਸ ਤੋਂ ਇਲਾਵਾ ਜ਼ਹਿਰੀਲੇ ਪਦਾਰਥ, ਅਲਕੋਹਲ ਤੇ ਕੁਝ ਦਵਾਈਆਂ ਵੀ ਇਸ ਦਾ ਕਾਰਨ ਹਨ। ਕਈ ਵਾਰ ਜਦੋਂ ਤੁਹਾਡਾ ਸਰੀਰ ਲਿਵਰ ਟਿਸ਼ੂਆਂ ਵਿਰੋਧੀ ਐਂਟੀਬਾਡੀਜ਼ ਬਣਾਉਣ ਲੱਗ ਜਾਂਦਾ ਹੈ ਤਾਂ ਆਟੋ ਇਮਿਊਨ ਹੈਪੇਟਾਈਟਸ ਦਾ ਕਾਰਨ ਬਣਦਾ ਹੈ। ਜ਼ਿਆਦਾਤਰ ਨਵੇਂ ਜੰਮੇ ਬੱਚਿਆਂ ਨੂੰ ਵੀ ਪੀਲੀਆ ਹੋ ਜਾਂਦਾ ਹੈ, ਜੋ ਇਕ ਤੋਂ ਦੋ ਹਫ਼ਤਿਆਂ 'ਚ ਆਪਣੇ ਆਪ ਠੀਕ ਹੋ ਜਾਂਦਾ ਹੈ।
ਲੱਛਣ
ਅੱਖਾਂ ਦਾ ਰੰਗ ਪੀਲਾ ਹੋਣਾ, ਚਮੜੀ ਦਾ ਰੰਗ ਪੀਲਾ ਹੋਣਾ, ਨਹੁੰ ਦਾ ਰੰਗ ਪੀਲਾ ਹੋਣਾ, ਪਿਸ਼ਾਬ ਦਾ ਰੰਗ ਗਾੜ੍ਹਾ ਪੀਲਾ ਹੋਣਾ, ਸੁਸਤੀ ਪੈਣਾ, ਥਕਾਵਟ ਹੋਣਾ, ਭੁੱਖ ਘਟਣਾ, ਉਲਟੀ ਆਉਣੀ, ਪੱਸਲੀਆਂ ਦੇ ਥੱਲੇ ਸੱਜੇ ਪਾਸੇ ਪੇਟ ਦਰਦ ਮਹਿਸੂਸ ਹੋਣਾ, ਮਿੱਟੀ ਰੰਗਾ ਪਖਾਨਾ ਆਉਣਾ, ਹਲਕਾ ਬੁਖ਼ਾਰ ਤੇ ਜੋੜ ਦਰਦ ਕਰਨੇ ਆਦਿ ਇਸ ਦੇ ਲੱਛਣ ਹਨ।
ਕੀ ਖਾਈਏ?
- ਦਿਨ 'ਚ ਘੱਟੋ-ਘੱਟ ਅੱਠ ਗਲਾਸ ਪਾਣੀ ਪੀਓ। ਇਸ ਨਾਲ ਲਿਵਰ ਨੂੰ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਮਿਲੇਗੀ, ਭਾਰ ਵੀ ਸਹੀ ਰਹੇਗਾ ਤੇ ਖ਼ੂਨ ਪਤਲਾ ਹੋਵੇਗਾ, ਜਿਸ ਨਾਲ ਲਿਵਰ ਨੂੰ ਇਸ ਨੂੰ ਫਿਲਟਰ ਦਾ ਕੰਮ ਕਰਨ 'ਚ ਸੌਖ ਰਹੇਗੀ।
- ਦਰਮਿਆਨੀ ਮਿਕਦਾਰ 'ਚ ਕੌਫੀ ਪੀਣ ਨਾਲ ਲਿਵਰ 'ਚ ਸੁਧਾਰ ਹੁੰਦਾ ਹੈ, ਜਿਸ ਨਾਲ ਲਿਵਰ ਨੂੰ ਨੁਕਸਾਨ ਕਰਨ ਵਾਲੇ ਐਨਜ਼ਾਈਮ ਘਟਦੇ ਹਨ, ਸੋਜ਼ ਘਟਦੀ ਹੈ ਤੇ ਐਂਟੀਆਕਸੀਡੈਂਟ ਦਾ ਪੱਧਰ ਵੱਧਦਾ ਹੈ। ਜ਼ਹਿਰੀਲੇ ਪਦਾਰਥਾਂ ਦਾ ਸਰੀਰ 'ਚੋਂ ਨਿਕਾਸ ਹੁੰਦਾ ਹੈ। ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕੌਫੀ ਜਾਂ ਹਰਬਲ ਚਾਹ ਦੀ ਦਰਮਿਆਨੀ ਮਿਕਦਾਰ ਜਿਗਰ ਦੀ ਕਠੋਰਤਾ 'ਤੇ ਸਹੀ ਅਸਰ ਪਾਉਂਦੀ ਹੈ।
- ਮਿਲਕ ਥਿਜ਼ਲ ਦਾ ਸੇਵਨ ਵੀ ਫ਼ਾਇਦੇਮੰਦ ਹੈ। ਇਹ ਇਕ ਬੂਟੇ ਦਾ ਫੁੱਲ ਹੈ, ਜੋ ਕੈਪਸੂਲ ਜਾਂ ਪਾਊਡਰ ਦੇ ਰੂਪ 'ਚ ਮਿਲਦਾ ਹੈ। ਇਹ ਐਂਟੀ ਆਕਸੀਡੈਂਟ, ਐਂਟੀ ਵਾਇਰਲ ਤੇ ਐਂਟੀ ਇੰਫਲਾਮੇਟਰੀ ਹੈ, ਜੋ ਲਿਵਰ ਤੇ ਗਾਲ ਬਲੈਡਰ ਦੇ ਦੋਸ਼ਾਂ ਨੂੰ ਠੀਕ ਕਰਦਾ ਹੈ। ਇਹ ਲਿਵਰ ਦੇ ਨੁਕਸਾਨੇ ਸੈੱਲਾਂ ਦੀ ਰਿਪੇਅਰ ਵੀ ਕਰਦਾ ਹੈ। ਇਸ ਲਈ ਇਸ ਬੂਟੇ ਦੇ ਪੱਤਿਆਂ ਨੂੰ ਸਲਾਦ ਦੇ ਤੌਰ 'ਤੇ ਜਾਂ ਹਰਬਲ ਚਾਹ ਵਜੋਂ ਵਰਤਿਆ ਜਾ ਸਕਦਾ ਹੈ।
- ਪਾਚਕ ਰਸ, ਜੋ ਸ਼ਹਿਦ, ਸੰਤਰੇ ਦੇ ਛਿਲਕੇ, ਅਨਾਨਾਸ, ਪਪੀਤਾ, ਅੰਬ, ਅੰਗੂਰ, ਚਕੋਤਰਾ, ਪੁੰਗਰੀਆਂ ਦਾਲਾਂ ਤੇ ਅਨਾਜ 'ਚ ਹੁੰਦੇ ਹਨ, ਜਿਗਰ ਦੀ ਤੰਦਰੁਸਤੀ 'ਚ ਮਦਦਗਾਰ ਹਨ।
- ਘੁਲਣਸ਼ੀਲ ਫਾਈਬਰ ਵੀ ਲਿਵਰ 'ਚੋਂ ਜ਼ਹਿਰੀਲੇਪਣ ਨੂੰ ਘਟਾਉਂਦਾ ਹੈ, ਜੋ ਮਿੱਠੇ ਫਲ, ਸਬਜ਼ੀਆਂ, ਨਟਸ (ਗਿਰੀਦਾਰ), ਸਾਬਤ ਅਨਾਜ ਤੇ ਸਾਬਤ ਦਾਲਾਂ 'ਚ ਹੁੰਦਾ ਹੈ। ਇਸ ਲਈ ਕੇਲੇ, ਫੁੱਲਗੋਭੀ, ਬ੍ਰੋਕਲੀ, ਪਾਲਕ, ਹੋਰ ਪੱਤੇਦਾਰ ਸਬਜ਼ੀਆਂ, ਮਟਰ, ਸੋਇਆਬੀਨ, ਮੂੰਗਫਲੀ, ਬਦਾਮ, ਅਖਰੋਟ, ਪਿਸਤਾ, ਕਾਜੂ, ਬਰਾਊਨ ਚਾਵਲ, ਕਿੰਨੂਆਂ, ਓਟਮੀਲ ਸਾਰੇ ਹਾਈ ਫਾਈਬਰ ਯੁਕਤ ਭੋਜਨ ਹਨ ।
- ਗੰਨੇ ਦਾ ਰਸ ਦਿਨ 'ਚ ਦੋ-ਤਿੰਨ ਵਾਰ ਥੋੜ੍ਹਾ-ਥੋੜ੍ਹਾ ਕਰ ਕੇ ਪੀਤਾ ਜਾ ਸਕਦਾ ਹੈ।
ਖ਼ੁਰਾਕ ਦਾ ਅਸਰ
ਅਸੀਂ ਜੋ ਵੀ ਖਾਂਦੇ-ਪੀਂਦੇ ਹਾਂ, ਉਸ ਦਾ ਸਾਡੇ ਲਿਵਰ ਦੇ ਕੰਮਕਾਜ 'ਤੇ ਸਿੱਧਾ ਅਸਰ ਪੈਂਦਾ ਹੈ। ਸੰਤੁਲਿਤ ਖ਼ੁਰਾਕ ਲਿਵਰ ਦੇ ਸਹੀ ਕੰਮ ਕਰਨ 'ਚ ਮਦਦਗਾਰ ਹੁੰਦੀ ਹੈ, ਜਿਸ ਨਾਲ ਪੀਲੀਏ ਦਾ ਖ਼ਤਰਾ ਘਟ ਜਾਂਦਾ ਹੈ। ਕੁਝ ਖਾਣ-ਪੀਣ ਵਾਲੇ ਪਦਾਰਥ ਜਿਨ੍ਹਾਂ ਦਾ ਲਿਵਰ ਦੀ ਸਿਹਤ 'ਤੇ ਮਹੱਤਵਪੂਰਨ ਅਸਰ ਸਾਬਿਤ ਹੋਇਆ ਹੈ, ਉਨ੍ਹਾਂ ਨੂੰ ਆਪਣੀ ਖ਼ੁਰਾਕ 'ਚ ਸ਼ਾਮਿਲ ਕਰ ਕੇ ਜਾਂ ਉਨ੍ਹਾਂ ਦੀ ਮਿਕਦਾਰ ਵਧਾ ਕੇ ਲਿਵਰ ਦੀ ਸਿਹਤ ਤੇ ਕੰਮਕਾਜ 'ਚ ਸੁਧਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜਿਹੜੀਆਂ ਖ਼ੁਰਾਕੀ ਵਸਤਾਂ ਦਾ ਜਿਗਰ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ, ਉਨ੍ਹਾਂ ਦੀ ਮਿਕਦਾਰ ਘਟਾ ਕੇ ਜਾਂ ਬਿਲਕੁਲ ਬੰਦ ਕਰ ਕੇ ਲਿਵਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਪਰਹੇਜ਼
ਸੈਚੁਰੇਟਿਡ ਤੇ ਟ੍ਰਾਂਸ ਫੈਟ, ਜ਼ਿਆਦਾ ਫੈਟ ਵਾਲੇ ਦੁੱਧ ਤੋਂ ਬਣੀਆਂ ਵਸਤਾਂ, ਫੈਟ ਵਾਲਾ ਮੀਟ, ਤਲੀਆਂ ਖ਼ੁਰਾਕੀ ਵਸਤਾਂ, ਖੰਡ ਯੁਕਤ ਖ਼ੁਰਾਕੀ ਵਸਤਾਂ ਜਿਵੇਂ ਬਿਸਕੁਟ, ਕੇਕ, ਪੇਸਟ੍ਰੀਜ਼, ਟਾਫੀਆਂ, ਬੇਕ ਕੀਤੀਆਂ ਤੇ ਪੈਕਡ ਖ਼ੁਰਾਕੀ ਵਸਤਾਂ, ਜ਼ਿਆਦਾ ਲੂਣ ਵਾਲੀਆਂ ਖ਼ੁਰਾਕੀ ਵਸਤਾਂ ਅਤੇ ਅਲਕੋਹਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪੀਲੀਏ ਤੋਂ ਬਚਣ ਦੇ ਨੁਕਤੇ
ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਮ ਪਾਣੀ, ਬਾਜ਼ਾਰੀ ਬਰਫ਼, ਕੱਚੇ ਫਲ ਤੇ ਸਬਜ਼ੀਆਂ, ਕੱਚੀ ਜਾਂ ਅੱਧ ਪੱਕੀ ਸੈੱਲ ਫਿਸ਼ ਤੋਂ ਪਰਹੇਜ਼ ਕਰੋ ਕਿਉਂਕਿ ਇਨ੍ਹਾਂ ਵਿਚਲੇ ਬੈਕਟੀਰੀਆ ਭਿਆਨਕ ਇਨਫੈਕਸ਼ਨ ਦਾ ਕਾਰਨ ਹੋ ਸਕਦੇ ਹਨ।
ਕੁਝ ਅਹਿਮ ਸੁਝਾਅ
ਨਿਯਮਤ ਤੌਰ 'ਤੇ ਸੰਤੁਲਿਤ ਖ਼ੁਰਾਕ ਖਾਓ ਤੇ ਸਿਹਤਮੰਦ ਕੈਲੋਰੀਆਂ ਲਵੋ। ਸਾਬਤ ਅਨਾਜ ਦਾਲਾਂ ਅਤੇ ਇਨ੍ਹਾਂ ਤੋਂ ਬਣੇ ਹੋਏ ਹੀ ਬ੍ਰੈੱਡ ਖਾਓ। ਕਾਫ਼ੀ ਮਿਕਦਾਰ 'ਚ ਫਲ ਤੇ ਸਬਜ਼ੀਆਂ ਦਾ ਸੇਵਨ ਕਰੋ। ਸਹੀ ਮਿਕਦਾਰ 'ਚ ਪ੍ਰੋਟੀਨ ਲਵੋ ਤੇ ਕਾਫ਼ੀ ਸਾਰਾ ਤਰਲ ਪਦਾਰਥ ਲਵੋ ਤੇ ਭਾਰ ਸਹੀ ਰੱਖੋ।
ਧਿਆਨਯੋਗ ਗੱਲਾਂ
- ਪੋਟਾਸ਼ੀਅਮ ਦੀ ਘਾਟ ਵੀ ਫੈਟੀ ਲਿਵਰ ਦਾ ਕਾਰਨ ਹੋ ਸਕਦੀ ਹੈ। ਮੱਛੀ, ਬ੍ਰੋਕਲੀ, ਮਟਰ, ਸ਼ਕਰਕੰਦੀ, ਕੇਲਾ, ਕੀਵੀ, ਨਾਸ਼ਪਾਤੀ ਇਸ ਦੇ ਚੰਗੇ ਸਾਧਨ ਹਨ।
- ਕੁਝ ਕਿਸਮਾਂ ਦੇ ਪੀਲੀਏ ਤੋਂ ਵੈਕਸੀਨੇਸ਼ਨ ਰਾਹੀਂ ਬਚਿਆ ਜਾ ਸਕਦਾ ਹੈ। ਸਰੀਰਕ ਕਿਰਿਆਸ਼ੀਲਤਾ ਭੁੱਖ ਵਧਾਉਂਦੀ ਹੈ, ਤਣਾਅ ਘਟਾਉਂਦੀ ਹੈ, ਤੇ ਭਾਰ ਨੂੰ ਸਥਿਰ ਰੱਖਦੀ ਹੈ। ਇਸ ਲਈ ਸਰੀਰਕ ਸਮਰੱਥਾ ਅਨੁਸਾਰ ਸੈਰ ਜਾਂ ਕੋਈ ਹੋਰ ਗਤੀਵਿਧੀ ਦੀ ਰੋਜ਼ਾਨਾ ਰੁਟੀਨ ਬਣਾਉਣੀ ਚਾਹੀਦਾ ਹੈ।